Thursday, December 26, 2024

ਪੰਜਾਬ ਸਰਕਾਰ ਪਟਿਆਲਾ ਵਿੱਚ ਜਲਦੀ ਸ਼ੁਰੂ ਕਰੇਗੀ ਯੂਰੋਮਿਨ ਲਿੱਕ ਬਲਾਕਜ਼ ਪਲਾਂਟ

Date:

ਚੰਡੀਗੜ੍ਹ, 25 ਨਵੰਬਰ:

ਇੱਕ ਨਵੇਕਲੀ ਪਹਿਲਕਦਮੀ ਤਹਿਤ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਰੌਣੀ ਵਿੱਚ ਸਥਿਤ ਸਰਕਾਰੀ ਕੈਟਲ ਬਰੀਡਿੰਗ ਫਾਰਮ ਵਿਖੇ ਜਲਦੀ ਯੂਰੋਮਿਨ ਲਿੱਕ (ਪਸ਼ੂ ਚਾਟ) ਪਲਾਂਟ ਚਾਲੂ ਕੀਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਯੂਰੋਮਿਨ ਲਿੱਕ (ਯੂ.ਐਮ.ਐਲ.) ਜਾਂ ਯੂਰੀਆ-ਮੋਲਾਸਿਸ ਮਲਟੀ-ਨਿਊਟਰੀਐਂਟ ਬਲਾਕ (ਯੂ.ਐਮ.ਐਮ.ਬੀ.) ਬੇਹੱਦ ਪੌਸ਼ਟਿਕ ਹਨ, ਜੋ ਊਰਜਾ, ਪ੍ਰੋਟੀਨ ਅਤੇ ਖਣਿਜਾਂ ਦਾ ਸੁਮੇਲ ਹੋਣ ਕਰਕੇ ਪਸ਼ੂਆਂ ਲਈ ਮਹੱਤਵਪੂਰਨ ਤੇ ਜੀਵਨ-ਬਚਾਊ ਖ਼ੁਰਾਕ ਹਨ। ਇਹ ਖਣਿਜ ਨਾਲ ਭਰਪੂਰ ਬਲਾਕ ਪਸ਼ੂਆਂ ਦੀ ਸਰੀਰਕ ਸਥਿਤੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ, ਪਸ਼ੂਆਂ ਦੀ ਗਰਭਧਾਰਨ ਦੀ ਸਮਰੱਥਾ ਨੂੰ ਵਧਾਉਂਦੇ ਹਨ।

ਸ: ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਯੂਰੋਮਿਨ ਲਿੱਕ ਬਲਾਕਾਂ ਲਈ ਸਟੋਰੇਜ ਯੂਨਿਟ ਸਥਾਪਿਤ ਕੀਤਾ ਜਾਵੇਗਾ ਅਤੇ ਸੂਬੇ ਭਰ ਵਿੱਚ ਸਰਕਾਰੀ ਸਿਵਲ ਪਸ਼ੂ ਹਸਪਤਾਲਾਂ /ਡਿਸਪੈਂਸਰੀਆਂ ਰਾਹੀਂ  ਇਹ ਪਸ਼ੂ ਚਾਟ ਪਸ਼ੂ ਪਾਲਕਾਂ ਨੂੰ ਸਸਤੇ ਭਾਅ ਉੱਤੇ ਉਪਲੱਬਧ ਕਰਵਾਈ ਜਾਵੇਗੀ।

ਉਨ੍ਹਾਂ ਕਿਹਾ ਕਿ ਇਹ ਤਕਨੀਕ ਘੱਟ ਗੁਣਵੱਤਾ ਵਾਲੇ ਚਾਰੇ ਦੀ ਪਾਚਨ ਕਿਰਿਆ ਵਿੱਚ ਸੁਧਾਰ ਕਰਕੇ ਪਸ਼ੂਆਂ ਨੂੰ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪ੍ਰਦਾਨ ਕਰਨ ਲਈ ਸੁਵਿਧਾਜਨਕ ਅਤੇ ਸਸਤਾ ਤਰੀਕਾ ਹੈ। ਇਹ ਉਤਪਾਦਕਤਾ ਵਿੱਚ ਵਾਧਾ ਕਰਨ ਤੋਂ ਇਲਾਵਾ ਦੁੱਧ ਦੇ ਉਤਪਾਦਨ ਨੂੰ ਵਧਾਉਣ ਅਤੇ ਪਸ਼ੂਆਂ ਜਿਵੇਂ ਕਿ ਮੱਝਾਂ ਅਤੇ ਗਾਵਾਂ ਵਿੱਚ ਪ੍ਰਜਨਨ ਕੁਸ਼ਲਤਾ ਨੂੰ ਹੋਰ ਬਿਹਤਰ ਬਣਾਉਂਦਾ ਹੈ।

 ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸੂਬੇ ਦੇ ਪਸ਼ੂ ਪਾਲਕਾਂ ਲਈ ਵਰਦਾਨ ਸਾਬਤ ਹੋਵੇਗਾ ਕਿਉਂਕਿ ਇਸ ਨਾਲ ਦੁਧਾਰੂ ਪਸ਼ੂਆਂ ਦੀ ਉੁਤਪਾਦਕਤਾ ਵਧੇਗੀ, ਜਿਸ ਨਾਲ ਪਸ਼ੂ ਪਾਲਕਾਂ ਦੀ ਆਰਥਿਕ ਦਸ਼ਾ ਵਿੱਚ ਵੀ ਸੁਧਾਰ ਹੋਵੇਗਾ। ਉਨ੍ਹਾਂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰ ਦੇ ਵੈਟਰਨਰੀ ਅਫਸਰਾਂ ਦੀ ਸਲਾਹ ਅਨੁਸਾਰ ਆਪਣੇ ਪਸ਼ੂਆਂ ਦੇ ਰੋਜ਼ਾਨਾ ਚਾਰੇ ਵਿੱਚ ਇਸ ਤਕਨੀਕ ਨੂੰ ਅਪਣਾਉਣ ਤਾਂ ਜੋ ਪਸ਼ੂਆਂ ਨੂੰ ਪੌਸ਼ਟਿਕ ਤੇ ਸੰਤੁਲਿਤ ਆਹਾਰ ਉਪਲਬਧ ਕਰਵਾਕੇ ਉਹਨਾਂ ਦੀ ਸਿਹਤ ਅਤੇ ਉਤਪਾਦਕਤਾ ਵਿੱਚ ਵਾਧਾ ਕੀਤਾ ਜਾ  ਸਕੇ ।

Share post:

Subscribe

spot_imgspot_img

Popular

More like this
Related