ਚੰਡੀਗੜ੍ਹ, 7 ਅਗਸਤ:
ਪੰਜਾਬ ਵਿੱਚ ਰੇਸ਼ਮ ਉਤਪਾਦਨ ਦੇ ਕਿੱਤੇ ਨੂੰ ਹੁਲਾਰਾ ਦੇਣ ਸਬੰਧੀ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਇਰੈਕਟਰ ਬਾਗ਼ਬਾਨੀ ਸ੍ਰੀਮਤੀ ਸ਼ੈਲਿੰਦਰ ਕੌਰ, ਆਈ.ਐਫ.ਐਸ. ਦੀ ਅਗਵਾਈ ਹੇਠ ਪ੍ਰਾਜੈਕਟ ਮੌਨੀਟਰਿੰਗ ਕਮੇਟੀ (ਪੀ.ਐਮ.ਸੀ.) ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਭਾਗ ਦੇ ਸੈਰੀਕਲਚਰ ਵਿੰਗ, ਰੇਸ਼ਮ ਪੱਟੀ ਅਤੇ ਕੇਂਦਰੀ ਰੇਸ਼ਮ ਬੋਰਡ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਇਸ ਦੌਰਾਨ ਸੂਬੇ ਦੇ ਕੰਢੀ ਖੇਤਰ ਵਿੱਚ ਰੇਸ਼ਮ ਉਤਪਾਦਨ ਨੂੰ ਪ੍ਰਫੁੱਲਿਤ ਕਰਨ, ਪੰਜਾਬ ਸਿਲਕ ਬਰਾਂਡ ਲਾਂਚ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਕਿੱਤੇ ਨਾਲ ਜੋੜਨ ਸਬੰਧੀ ਬਾਗ਼ਬਾਨੀ ਮੰਤਰੀ ਵੱਲੋਂ ਦਿੱਤੇ ਗਏ ਹੁਕਮਾਂ ਦੇ ਮੱਦੇਨਜ਼ਰ ਡਾਇਰੈਕਟਰ ਬਾਗ਼ਬਾਨੀ ਨੇ ਵੱਖ-ਵੱਖ ਵਿਸ਼ਿਆਂ ‘ਤੇ ਚਰਚਾ ਕੀਤੀ ਗਈ। ਦੱਸ ਦੇਈਏ ਕਿ ਰੇਸ਼ਮ ਉਤਪਾਦਨ ਦਾ ਕਿੱਤਾ ਰਾਜ ਵਿੱਚ ਮੁੱਖ ਤੌਰ ‘ਤੇ ਕੰਢੀ ਏਰੀਏ ਵਿੱਚ ਛੋਟੇ ਕਿਸਾਨਾਂ, ਖ਼ਾਸ ਤੌਰ ‘ਤੇ ਔਰਤਾਂ ਵਲੋਂ ਕੀਤਾ ਜਾ ਰਿਹਾ ਹੈ।
ਸ੍ਰੀਮਤੀ ਸ਼ੈਲਿੰਦਰ ਕੌਰ ਨੇ ਵੱਖ-ਵੱਖ ਸਕੀਮਾਂ ਅਧੀਨ ਰੇਸ਼ਮ ਪਾਲਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਇਨ੍ਹਾਂ ਸਕੀਮਾਂ ਨੂੰ ਰਾਜ ਵਿੱਚ ਸਹੀਬੱਧ ਤਰੀਕੇ ਨਾਲ ਲਾਗੂ ਕਰਨ ਅਤੇ ਰਾਜ ਵਿੱਚ ਰੇਸ਼ਮ ਉਤਪਾਦਨ ਦੇ ਵਿਕਾਸ ਨੂੰ ਹੋਰ ਉਤਸ਼ਾਹਤ ਕਰਨ ਲਈ ਨਵੇਂ ਉਪਰਾਲੇ ਅਤੇ ਪਹਿਲਕਦਮੀਆਂ ਉਲੀਕਣ ਲਈ ਕਿਹਾ।
ਮੀਟਿੰਗ ਦੌਰਾਨ ਕੇਂਦਰ ਰੇਸ਼ਮ ਬੋਰਡ ਦੇ ਅਧਿਕਾਰੀਆਂ ਡਾ. ਸੰਤੋਸ਼, ਸਾਇੰਟਿਸਟ-ਡੀ, ਆਰ.ਐਸ.ਆਰ.ਐਸ. ਜੰਮੂ, ਸ੍ਰੀ ਅਨਿਲ ਕੁਮਾਰ ਮੰਨਾ, ਅਸਿਸਟੈਂਟ ਸੈਕਟਰੀ, ਕੇਂਦਰ ਰੇਸ਼ਮ ਬੋਰਡ, ਨਵੀਂ ਦਿੱਲੀ ਅਤੇ ਸ੍ਰੀ ਆਲੋਕ ਸਿੰਘ, ਸਾਇੰਸਟਿਸਟ-ਬੀ ਆਰ.ਐਸ.ਆਰ.ਐਸ. ਜੰਮੂ ਵੱਲੋਂ ਮੁੱਖ ਤੌਰ ਤੇ ਸ਼ਿਰਕਤ ਕੀਤੀ ਗਈ।
ਸੂਬੇ ਵਿੱਚ ਪੈਦਾ ਕੀਤੇ ਜਾਂਦੇ ਵਧੀਆ ਗੁਣਵੱਤਾ ਵਾਲੇ ਰੇਸ਼ਮ ਦੀ ਸ਼ਲਾਘਾ ਕਰਦਿਆਂ ਕੇਂਦਰ ਰੇਸ਼ਮ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਸਕੀਮਾਂ ਅਧੀਨ ਸੈਰੀਕਲਚਰ ਵਿਭਾਗ ਪੰਜਾਬ ਨੂੰ ਰੇਸ਼ਮ ਉਤਪਾਦਕਾਂ ਲਈ ਵੱਖ-ਵੱਖ ਗਤੀਵਿਧੀਆਂ ਜਿਵੇਂ ਪਲਾਂਟੇਸ਼ਨ, ਕੀਟ ਪਾਲਣ ਘਰ, ਰੇਰਿੰਗ ਉਪਕਰਣ, ਟ੍ਰੇਨਿੰਗ ਐਕਸਪੋਜ਼ਰ ਵਿਜ਼ਿਟ ਅਧੀਨ ਤਕਨੀਕੀ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਪੰਜਾਬ ਸਰਕਾਰ ਅਤੇ ਬਾਗ਼ਬਾਨੀ ਵਿਭਾਗ ਦੇ ਸਹਿਯੋਗ ਨਾਲ ਰਾਜ ਵਿੱਚ ਰੇਸ਼ਮ ਕੀਟ ਪਾਲਕਾਂ ਨੂੰ ਸਮਾਜਿਕ ਅਤੇ ਆਰਥਿਕ ਪੱਖੋਂ ਉੱਚਾ ਚੁੱਕਣ ਵਿੱਚ ਇਹ ਕਿੱਤਾ ਮੁੱਖ ਤੌਰ ‘ਤੇ ਸਹਾਈ ਹੋ ਸਕੇ।
ਮੀਟਿੰਗ ਵਿੱਚ ਸ੍ਰੀ ਦਲਬੀਰ ਸਿੰਘ, ਡਿਪਟੀ ਡਾਇਰੈਕਟਰ ਬਾਗ਼ਬਾਨੀ-ਕਮ-ਸਟੇਟ ਨੋਡਲ ਅਫ਼ਸਰ (ਸੈਰੀਕਲਚਰ), ਸ੍ਰੀ ਹਰਪ੍ਰੀਤ ਸਿੰਘ, ਡਿਪਟੀ ਡਾਇਰੈਕਟਰ ਬਾਗ਼ਬਾਨੀ, ਸ੍ਰੀ ਹਰਦੀਪ ਸਿੰਘ, ਓ.ਡ.ਬ.-ਕਮ-ਮੰਡਲ ਰੇਸ਼ਮ ਅਫਸਰ, ਸੁਜਾਨਪੁਰ (ਪਠਾਨਕੋਟ), ਸ੍ਰੀ ਬਲਵਿੰਦਰ ਸਿੰਘ, ਸ.ਡ.ਬ.-ਕਮ-ਸੈਰੀਕਲਚਰ ਅਫਸਰ, ਹੁਸ਼ਿਆਰਪੁਰ, ਮੈਨੇਜਰ ਸ੍ਰੀ ਅਵਤਾਰ ਸਿੰਘ, ਐਸ.ਪੀ.ਓ-ਕਮ-ਅਸਿਸਟੈੰਟ ਮਿਸ ਮੀਨੂੰ, ਐਸ.ਪੀ.ਓ ਸ੍ਰੀਮਤੀ ਰਮਨਦੀਪ ਕੌਰ ਅਤੇ ਅਰਸ਼ਦੀਪ ਸਿੰਘ ਧਾਲੀਵਾਲ ਹਾਜ਼ਰ ਸਨ।