Punjab New Cabinet Minister
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਖੁਸ਼ਹਾਲ ਬਣਾਉਣ ਅਤੇ ਆਰਥਿਕ ਪੱਖੋ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੰਗਰਾਮੀ ਅਤੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਵੱਲੋਂ ਸੋਮਵਾਰ ਨੂੰ ਚੰਡੀਗੜ ਵਿਖੇ ਕਿਸਾਨਾਂ ਦੀ ਭਲਾਈ ਲਈ ਬਾਗਬਾਨੀ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮ ਕਾਜ ਅਤੇ ਵੱਖ ਵੱਖ ਸਕੀਮਾਂ ਸਬੰਧੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।
ਇਸ ਮੀਟਿੰਗ ਦੌਰਾਨ ਵਿਸ਼ੇਸ਼ ਮੁੱਖ ਸਕੱਤਰ ਬਾਗਬਾਨੀ ਕੇ.ਏ.ਪੀ.ਸਿਨਹਾ ਨੇ ਮੰਤਰੀ ਨੂੰ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲ, ਕਰਤਾਰਪੁਰ (ਜਲੰਧਰ), ਸੈਂਟਰ ਆਫ ਐਕਸੀਲੈਂਸ ਫਾਰ ਪੋਟੈਟੋ, ਧੋਗੜੀ (ਜਲੰਧਰ), ਪਠਾਨਕੋਟ ਵਿਚ ਲੀਚੀ ਦੇ ਬਾਗ ਅਤੇ ਸੈਰੀਕਲਚਰ ਦਾ ਕਿੱਤਾ ਕਰ ਰਹੇ ਕਿਸਾਨਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਬਾਗਬਾਨੀ ਡਾਇਰੈਕਟਰ ਸ਼ੈਲਿੰਦਰ ਕੌਰ ਨੇ ਵਿਭਾਗ ਦੇ ਕੰਮ ਕਾਜ਼ ਅਤੇ ਕਿਸਾਨਾਂ ਦੇ ਹਿੱਤ ਵਿਚ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਮੌਜੂਦਾ ਸਕੀਮਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਤੇ ਜ਼ੋਰ ਦਿੱਤਾ। ਮੰਤਰੀ ਨੇ ਕਿਹਾ ਕਿ ਕਿਸਾਨ ਭਲਾਈ ਸਕੀਮਾਂ ਨੂੰ ਕਿਸਾਨਾਂ ਤੱਕ ਪਹੁੰਚਾਣ ਲਈ ਵਿਸ਼ੇਸ ਕੈਂਪ ਲਗਾਏ ਜਾਣਗੇ ਤਾਂ ਜੋ ਕਿਸਾਨਾਂ ਨੂੰ ਸੂਬਾ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ ਸਬੰਧੀ ਹੋਰ ਜਾਣਕਾਰੀ ਮਿਲ ਸਕੇ। ਇਸ ਮੌਕੇ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਗਬਾਨੀ ਕਿੱਤਿਆਂ ਨੂੰ ਵੱਧ ਤੋਂ ਵੱਧ ਅਪਨਾਉਣ।
ਮੀਟਿੰਗ ਦੌਰਾਨ ਡਾਇਰੈਕਟਰ ਬਾਗਬਾਨੀ ਸ਼ੈਲਿੰਦਰ ਕੌਰ ਵਲੋਂ ਦੱਸਿਆ ਗਿਆ ਕਿ ਭਾਰਤ ਸਰਕਾਰ ਦੀ ਸਕੀਮ ਐਗਰੀਕਲਚਰ ਇੰਫਰਾਸਟਰੱਕਚਰ ਫੰਡ ਤਹਿਤ ਪੰਜਾਬ ਰਾਜ ਤੋਂ ਬਾਗਬਾਨੀ ਵਿਭਾਗ ਨੋਡਲ ਏਜੰਸੀ ਹੈ ਅਤੇ ਇਸ ਸਕੀਮ ਤਹਿਤ ਦੇਸ਼ ਵਿਚ ਪੰਜਾਬ ਰਾਜ ਵਿੱਚ ਸਭ ਤੋਂ ਵੱਧ ਪ੍ਰਗਤੀ ਹੋਣ ਤੇ ਭਾਰਤ ਸਰਕਾਰ ਤੋਂ ਵਿਭਾਗ ਨੇ ਪਹਿਲੇ ਨੰਬਰ ਦਾ ਅਵਾਰਡ ਪ੍ਰਾਪਤ ਕੀਤਾ ਹੈ, ਜਿਸ ਤੇ ਮੰਤਰੀ ਜੀ ਵਲੋਂ ਖੁਸ਼ੀ ਜ਼ਾਹਿਰ ਕੀਤੀ ਗਈ।
ਡਾਇਰੈਕਟਰ ਬਾਗਬਾਨੀ ਵਲੋਂ ਦੱਸਿਆ ਗਿਆ ਕਿ ਰਾਜ ਵਿਚ ਸੈਰੀਕਲਚਰ ਸਕੀਮ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਮਲਬਰੀ ਅਤੇ ਐਰੀ ਸਿਲਕ ਤੋਂ ਇਲਾਵਾ ਟੱਸਰ ਰੇਸ਼ਮ ਦੇ ਉਤਪਾਦਨ ਲਈ ਯਤਨ ਕੀਤੇ ਜਾ ਰਹੇ ਹਨ। ਇਸ ਤੇ ਮੰਤਰੀ ਵੱਲੋਂ ਆਦੇਸ਼ ਦਿੱਤੇ ਗਏ ਕਿ ਇਸ ਕਿੱਤੇ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇ। ਪੰਜਾਬ ਰਾਜ ਨੂੰ ਆਲੂ ਬੀਜ ਹੱਬ ਬਣਾਉਣ ਦੇ ਮੰਤਵ ਨਾਲ ਮੰਤਰੀ ਵਲੋਂ ਆਦੇਸ਼ ਦਿੱਤੇ ਗਏ ਕਿ ਆਲੂ ਬੀਜ ਕਾਸ਼ਤਕਾਰਾਂ ਨਾਲ ਜਲਦੀ ਹੀ ਮੀਟਿੰਗ ਕੀਤੀ ਜਾਵੇਗੀ।
Read Also : ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਨਾਲ਼ ਭਿਆਨਕ ਬਿਮਾਰੀ ਦਾ ਕਹਿਰ
ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬਧ ਹੈ । ਉਨ੍ਹਾਂ ਵੱਲੋਂ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਵਾਲੇ ਕਿੱਤਿਆਂ ਵਿੱਚ ਸੂਬਾ ਸਰਕਾਰ ਕਿਸਾਨਾਂ ਦੀ ਹਰ ਸੰਭਵ ਸਹਾਇਤਾ ਕਰੇਗੀ। ਇਸ ਮੀਟਿੰਗ ਦੌਰਾਨ ਸਕੱਤਰ ਬਾਗਬਾਨੀ ਅਜੀਤ ਬਾਲਾਜੀ ਜੋਸ਼ੀ, ਉਪ ਡਾਇਰੈਕਟਰ ਬਾਗਬਾਨੀ ਹਰਮੇਲ ਸਿੰਘ ਅਤੇ ਹਰਪ੍ਰੀਤ ਸਿੰਘ ਸੇਠੀ ਹਾਜ਼ਰ ਸਨ ।
Punjab New Cabinet Minister