Punjab NIA Raid:
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੀ ਟੀਮ ਨੇ ਬੁੱਧਵਾਰ ਸਵੇਰੇ 5 ਵਜੇ ਪੰਜਾਬ ‘ਚ 30 ਥਾਵਾਂ ‘ਤੇ ਛਾਪੇਮਾਰੀ ਕੀਤੀ। ਐਨਆਈਏ ਦੀਆਂ ਟੀਮਾਂ ਬਠਿੰਡਾ, ਲੁਧਿਆਣਾ, ਫ਼ਿਰੋਜ਼ਪੁਰ ਅਤੇ ਪਟਿਆਲਾ ਵਿੱਚ ਜਾਂਚ ਕਰ ਰਹੀਆਂ ਹਨ। ਇਸ ਛਾਪੇਮਾਰੀ ਨੂੰ ਖਾਲਿਸਤਾਨੀ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਗਠਜੋੜ ਨਾਲ ਜੋੜਿਆ ਜਾ ਰਿਹਾ ਹੈ। ਜਿਸ ‘ਚ ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ-ਅੱਤਵਾਦੀਆਂ ਦੇ ਇਸ਼ਾਰੇ ‘ਤੇ ਪੰਜਾਬ ‘ਚ ਅਪਰਾਧ ਕਰਨ ਦੇ ਨਾਲ-ਨਾਲ ਫੰਡਿੰਗ ਵੀ ਸ਼ਾਮਲ ਹੈ। ਹਾਲਾਂਕਿ NIA ਵੱਲੋਂ ਇਸ ਸਬੰਧੀ ਅਜੇ ਤੱਕ ਕੋਈ ਰਸਮੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ ਦੇ ਸਾਥੀ ਜ਼ੋਰਾ ਸਿੰਘ ਨੂੰ ਫਿਰੋਜ਼ਪੁਰ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਉਹ ਕਈ ਸਾਲਾਂ ਤੋਂ ਡੱਲਾ ਦੇ ਸੰਪਰਕ ਵਿੱਚ ਸੀ। ਐਨ.ਆਈ.ਏ ਨੇ ਮੱਖੀ ਮੰਡੀ ਸਥਿਤ ਘਰ ਤੋਂ ਤਲਾਸ਼ੀ ਦੌਰਾਨ ਫੜਿਆ ਹੈ। ਅਰਸ਼ ਡੱਲਾ ਨਾਲ ਚੈਟਿੰਗ ਉਸ ਦੇ ਮੋਬਾਈਲ ‘ਚੋਂ ਮਿਲੀ। ਉਹ ਹਥਿਆਰਾਂ ਦੀ ਤਸਕਰੀ ਕਰਦਾ ਹੈ।
ਬਠਿੰਡਾ ‘ਚ ਬੁੱਧਵਾਰ ਸਵੇਰੇ ਕਰੀਬ 6 ਵਜੇ NIA ਦੀਆਂ ਦੋ ਟੀਮਾਂ ਰਾਮਪੁਰਾ ਅਤੇ ਮੋੜ ਮੰਡੀ ਪਹੁੰਚੀਆਂ। ਟੀਮ ਵੱਲੋਂ ਪਿੰਡ ਜੇਠੂਕੇ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੁਰੀ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਗੁਰੀ ਬਠਿੰਡਾ ਪੁਲੀਸ ਨੂੰ ਕਤਲ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਮੁਲਜ਼ਮ ਹੈ। ਇੱਕ ਟੀਮ ਹੈਰੀ ਮੌਡ ਦੇ ਘਰ ਪਹੁੰਚ ਗਈ ਹੈ। ਹੈਰੀ ਦਾ ਵੀ ਕਈ ਮਾਮਲਿਆਂ ਵਿੱਚ ਨਾਮ ਹੈ।
ਇਹ ਵੀ ਪੜ੍ਹੋ: ਦਿੱਲੀ ‘ਚ 22 ਦੇਸ਼ਾਂ ਦੇ ਫੌਜ ਮੁਖੀਆਂ ਦੀ ਕਾਨਫਰੰਸ
ਐਨਆਈਏ ਦੀ ਟੀਮ ਨੇ ਪਟਿਆਲਾ ਦੇ ਰਾਜਪੁਰਾ ਇਲਾਕੇ ਦੇ ਪਿੰਡ ਖੈਰਪੁਰ ਜੱਟਾਂ ਵਿੱਚ ਛਾਪਾ ਮਾਰਿਆ ਹੈ। ਇਸੇ ਪਿੰਡ ਦੇ ਜਗਜੋਤ ਸਿੰਘ ਨੇ ਵਿਦੇਸ਼ ਜਾਣ ਲਈ ਜੈਤੋ ਦੀ ਰਹਿਣ ਵਾਲੀ ਟ੍ਰੈਵਲ ਏਜੰਟ ਖੁਸ਼ਦੀਪ ਕੌਰ ਦੇ ਖਾਤੇ ਵਿੱਚ 4 ਲੱਖ ਰੁਪਏ ਜਮ੍ਹਾਂ ਕਰਵਾਏ ਸਨ। NIA ਵੱਲੋਂ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਐਨਆਈਏ ਦੀ ਟੀਮ ਨੇ ਮੋਬਾਈਲ ਵੀ ਜ਼ਬਤ ਕੀਤੇ ਹਨ।
ਫਰੀਦਕੋਟ ਵਿੱਚ ਵੀ ਸੁਖਜੀਤ ਸਿੰਘ ਉਰਫ ਭੋਲਾ ਨਿਹੰਗ ਦੇ ਘਰ ਛਾਪਾ ਮਾਰਿਆ ਗਿਆ। ਇਸ ਸਮੇਂ ਉਹ ਡੇਰਾ ਪ੍ਰੇਮੀ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਜੇਲ੍ਹ ਵਿੱਚ ਹੈ। ਟੀਮ ਉਸ ਦੇ ਭਰਾ ਕਰਮਜੀਤ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ। ਭੋਲਾ ਨਿਹੰਗ ਦੇ ਖਾਲਿਸਤਾਨੀਆਂ ਨਾਲ ਸਬੰਧ ਹੋਣ ਦਾ ਸ਼ੱਕ ਹੈ। ਖਾਸ ਕਰਕੇ ਇੱਕ ਡੇਰਾ ਪ੍ਰੇਮੀ ਦੇ ਕਤਲ ਦੀ ਰੇਕੀ ਕਰਨ ਕਾਰਨ ਸ਼ੱਕ ਪੈਦਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਇਸ ਘਟਨਾ ਨੂੰ ਖਾਲਿਸਤਾਨੀਆਂ ਦੇ ਇਸ਼ਾਰੇ ‘ਤੇ ਅੰਜਾਮ ਦਿੱਤਾ ਹੈ। Punjab NIA Raid:
NIA ਨੇ ਮੋਗਾ ਦੇ ਨਿਹਾਲ ਸਿੰਘ ਵਾਲਾ ਪਿੰਡ ਤਖਤੂਪੁਰਾ ਦੇ ਸਾਬਕਾ ਸਰਪੰਚ ਦੇ ਘਰ ਛਾਪਾ ਮਾਰਿਆ ਹੈ। ਟੀਮ ਨੇ ਸ਼ਰਾਬ ਦੇ ਠੇਕੇਦਾਰ ਦੇ ਬੇਟੇ ਦਾ ਮੋਬਾਈਲ ਫੋਨ ਆਪਣੇ ਨਾਲ ਲੈ ਲਿਆ ਹੈ। NIA ਉਸਦੀ ਕਾਲ ਅਤੇ ਚੈਟ ਹਿਸਟਰੀ ਦੀ ਜਾਂਚ ਕਰੇਗੀ।
ਲੁਧਿਆਣਾ ਦੇ ਜਗਰਾਉਂ ਦੇ ਵਿਜੇ ਨਗਰ ਵਿੱਚ ਇੱਕ ਮਨੀ ਐਕਸਚੇਂਜਰ ਦੇ ਘਰ ਛਾਪਾ ਮਾਰਿਆ ਗਿਆ ਹੈ। ਇਸ ਜਗ੍ਹਾ ‘ਤੇ ਪਹਿਲਾਂ ਵੀ 7 ਵਾਰ ਛਾਪੇਮਾਰੀ ਹੋ ਚੁੱਕੀ ਹੈ। NIA ਨੂੰ ਸ਼ੱਕ ਹੈ ਕਿ ਉਹ ਖਾਲਿਸਤਾਨੀ ਅੱਤਵਾਦੀਆਂ ਦੀ ਫੰਡਿੰਗ ਨਾਲ ਜੁੜਿਆ ਹੋਇਆ ਹੈ।
ਬਰਨਾਲਾ ਦੇ ਪਿੰਡ ਸੰਘੇੜਾ ਵਿੱਚ ਦਰਸ਼ਨ ਸਿੰਘ ਦੇ ਘਰ ਛਾਪਾ ਮਾਰਿਆ ਗਿਆ ਹੈ। ਉਹ ਗੁਰਦੁਆਰੇ ਵਿੱਚ ਗ੍ਰੰਥੀ ਹੈ। ਹਾਲਾਂਕਿ ਛਾਪੇਮਾਰੀ ਸਮੇਂ ਉੱਥੇ ਕੋਈ ਮੌਜੂਦ ਨਹੀਂ ਸੀ। ਸੂਤਰਾਂ ਅਨੁਸਾਰ ਦਰਸ਼ਨ ਸਿੰਘ ਦੇ ਲੜਕੇ ਦੇ ਗੈਂਗਸਟਰਾਂ ਨਾਲ ਸਬੰਧ ਹਨ। ਹਾਲਾਂਕਿ ਇਹ ਪਰਿਵਾਰ ਸੰਗਰੂਰ ਸ਼ਿਫਟ ਹੋ ਗਿਆ ਹੈ। ਜਿਸ ਤੋਂ ਬਾਅਦ ਟੀਮ ਉੱਥੇ ਗਈ।
ਸਾਧੂ ਸਿੰਘ ਦੇ ਮਾਨਸਾ ਸਥਿਤ ਘਰ ‘ਤੇ ਛਾਪਾ ਮਾਰਿਆ ਗਿਆ ਹੈ। ਸਾਧੂ ਸਿੰਘ ਇਸ ਸਮੇਂ ਉੱਤਰਾਖੰਡ ਦੀ ਜੇਲ੍ਹ ਵਿੱਚ ਬੰਦ ਹੈ। ਹਾਲਾਂਕਿ ਉਸਦੇ ਇੱਥੇ ਛਾਪੇਮਾਰੀ ਕੀਤੇ ਜਾਣ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। Punjab NIA Raid: