ਪੰਜਾਬ ਪੁਲਿਸ ਵੱਲੋਂ ਜਰਮਨ ਪੁਲਿਸ ਨੂੰ 487 ਕਿਲੋ ਕੋਕੀਨ ਤਸਕਰੀ ਮਾਮਲੇ ਵਿੱਚ ਲੋੜੀਂਦਾ ਅੰਤਰਰਾਸ਼ਟਰੀ ਨਸ਼ਾ ਤਸਕਰ ਕੀਤਾ ਗ੍ਰਿਫਤਾਰ

ਚੰਡੀਗੜ੍ਹ, 10 ਅਗਸਤ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਅੰਤਰਰਾਸ਼ਟਰੀ ਨਸ਼ਾ ਤਸਕਰ ਸਿਮਰਨਜੋਤ ਸਿੰਘ ਸੰਧੂ (30), ਜੋ ਜਰਮਨੀ ਵਿੱਚ 487 ਕਿਲੋ ਕੋਕੀਨ ਤਸਕਰੀ ਮਾਮਲੇ (2020) ਦਾ ਸਰਗਨਾ ਹੈ, ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ
ਇਹ ਸਫ਼ਲਤਾ ਮੋਗਾ ਪੁਲਿਸ ਵੱਲੋਂ 16 ਜੂਨ, 2024 ਨੂੰ 1 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਸਥਾਨਕ ਨਸ਼ਾ ਤਸਕਰ ਬੇਅੰਤ ਸਿੰਘ ਅਤੇ ਸੁਖਦੀਪ ਸਿੰਘ ਦੀ ਗ੍ਰਿਫਤਾਰੀ ਉਪਰੰਤ ਬਾਰੀਕੀ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਸਾਹਮਣੇ ਆਈ ਹੈ। ਇਨ੍ਹਾਂ ਮੁਲਜ਼ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਮਨਦੀਪ ਸਿੰਘ ਜੋ ਕਿ ਮੌਜੂਦਾ ਸਮੇਂ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਸਿਮਰਨਜੋਤ ਸਿੰਘ, ਜੋ ਮਨਦੀਪ ਸਿੰਘ ਦੇ ਨਿਰਦੇਸ਼ਾਂ ‘ਤੇ ਪੰਜਾਬ ਵਿੱਚ ਹੈਰੋਇਨ ਦੇ ਖਰੀਦਦਾਰਾਂ ਦੀ ਭਾਲ ਕਰ ਰਿਹਾ ਸੀ, ਨੂੰ ਨਾਮਜ਼ਦ ਕੀਤਾ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਸਿਮਰਨਜੋਤ ਸੰਧੂ ਅੰਤਰਰਾਸ਼ਟਰੀ ਡਰੱਗ ਕਾਰਟੇਲ ਦਾ ਮੁੱਖ ਸਰਗਨਾ ਹੈ ਅਤੇ ਜਰਮਨੀ ਵਿੱਚ ਨਸ਼ਿਆਂ ਦੇ ਮਾਮਲਿਆਂ ਵਿੱਚ ਲੋੜੀਂਦਾ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਆਪਣੇ ਅੰਤਰਰਾਸ਼ਟਰੀ ਸਬੰਧਾਂ ਜ਼ਰੀਏ ਭਾਰਤ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਨਸ਼ਿਆਂ ਦੀ ਤਸਕਰੀ ਵਿੱਚ ਵੱਡੀ ਭੂਮਿਕਾ ਨਿਭਾਈ ਹੈ।

ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ, ਜਿਨ੍ਹਾਂ ਨਾਲ ਡੀਆਈਜੀ ਫਰੀਦਕੋਟ ਰੇਂਜ ਅਸ਼ਵਨੀ ਕਪੂਰ ਅਤੇ ਐਸਐਸਪੀ ਮੋਗਾ ਡਾ. ਅੰਕੁਰ ਗੁਪਤਾ ਵੀ ਮੌਜੂਦ ਸਨ, ਨੇ ਪ੍ਰੈਸ ਕਾਨਫਰੰਸ ਦੌਰਾਨ ਹੋਰ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ 1 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਮੋਗਾ ਪੁਲਿਸ ਨੇ ਬਟਾਲਾ ਦੇ ਪਿੰਡ ਗੋਖੂਵਾਲ ਦੇ ਵਸਨੀਕ ਸਿਮਰਨਜੋਤ ਸੰਧੂ ਨੂੰ ਮੋਗਾ ਦੇ ਪਿੰਡ ਭਲੂਰ ਤੋਂ ਗ੍ਰਿਫਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਸਿਮਰਨਜੋਤ ਜੋ 2002 ਵਿੱਚ ਜਰਮਨੀ ਗਿਆ ਸੀ, ਟੈਕਸੀ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਮਾਰਚ 2020 ਤੋਂ ਜੂਨ 2020 ਦੇ ਅਰਸੇ ਦੌਰਾਨ ਉਕਤ ਮੁਲਜ਼ਮ ਨੇ ਬ੍ਰਾਜ਼ੀਲ ਅਤੇ ਹੋਰ ਦੱਖਣੀ ਅਮਰੀਕੀ ਦੇਸ਼ਾਂ ਤੋਂ ਸਪਲਾਈ ਕੀਤੀ ਜਾ ਰਹੀ ਘੱਟੋ-ਘੱਟ 487 ਕਿਲੋ ਕੋਕੀਨ, 66 ਕਿਲੋ ਮੈਰੀਓਆਨਾ ਅਤੇ 10 ਕਿਲੋਗ੍ਰਾਮ ਹਸ਼ੀਸ਼ ਨੂੰ ਹੈਮਬਰਗ ਜਰਮਨੀ ਦੀ ਬੰਦਰਗਾਹ ਤੋਂ ਪਖਾਪਤ ਕਰਨ ਤੋਂ ਬਾਅਦ ਉਸਨੂੰ ਸਟੋਰ ਅਤੇ ਸਪਲਾਈ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੱਸਿਆ ਕਿ ਦੋਸ਼ੀ ਇਕ ਐਨਕ੍ਰਿਪਟਡ ਮੋਬਾਈਲ ਐਪ ‘ਐਨਕਰੋਚੈਟ’ ‘ਤੇ ਗੱਲਬਾਤ ਕਰਦਾ ਸੀ।

ਇਸ ਤੋਂ ਬਾਅਦ ਮੁਲਜ਼ਮ ਨੂੰ 28 ਫਰਵਰੀ, 2022 ਨੂੰ ਜਰਮਨੀ ਦੀਆਂ ਅਦਾਲਤਾਂ ਦੁਆਰਾ ਨਾਰਕੋਟਿਕ ਡਰੱਗਜ਼ ਐਕਟ ਦੀ ਧਾਰਾ 29 ਦੇ ਤਹਿਤ 8 ਸਾਲ ਅਤੇ 6 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ, ਪਰ ਇਸ ਤੋਂ ਬਚਣ ਲਈ ਉਹ ਪਹਿਲਾਂ ਹੀ ਜੁਲਾਈ 2023 ਵਿੱਚ ਦੁਬਈ ਭੱਜ ਗਿਆ ਅਤੇ ਫਿਰ ਸਤੰਬਰ 2023 ਵਿੱਚ ਭਾਰਤ ਆ ਗਿਆ।

ਆਈਜੀਪੀ ਨੇ ਦੱਸਿਆ ਕਿ ਮੁਲਜ਼ਮ ਸਿਮਰਨਜੋਤ 11 ਮਹੀਨਿਆਂ ਤੋਂ ਗ੍ਰਿਫਤਾਰੀ ਤੋਂ ਬਚਣ ਲਈ ਅੰਮ੍ਰਿਤਸਰ, ਚੰਡੀਗੜ੍ਹ, ਰਾਜਸਥਾਨ, ਮੋਗਾ ਆਦਿ ਸਮੇਤ ਭਾਰਤ ਵਿੱਚ ਵੱਖ-ਵੱਖ ਥਾਵਾਂ ‘ਤੇ ਰਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਤੋਂ ਭਾਰਤ ਵਿੱਚ ਉਸ ਦੀਆਂ ਗਤੀਵਿਧੀਆਂ ਬਾਰੇ ਜਾਣਨ ਲਈ ਵਿਸਥਾਰਪੂਰਵਕ ਪੁੱਛਗਿੱਛ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਇਸ ਸਬੰਧੀ ਥਾਣਾ ਅਜੀਤਵਾਲ ਮੋਗਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 ਤਹਿਤ ਐਫਆਈਆਰ ਨੰਬਰ 16-6-2024 ਪਹਿਲਾਂ ਹੀ ਦਰਜ ਹੈ।

[wpadcenter_ad id='4448' align='none']