Sunday, December 22, 2024

ਪੰਜਾਬ ਪੁਲਿਸ ਨੇ ਖੰਨਾ ਦੇ ਸ਼ਿਵਪੁਰੀ ਮੰਦਰ ’ਚ ਹੋਈ ਚੋਰੀ ਦਾ ਮਾਮਲਾ ਇੱਕ ਹਫਤੇ ਤੋਂ ਵੀ ਘੱਟ ਸਮੇਂ ’ਚ ਸੁਲਝਾਇਆ ; 3.6 ਕਿਲੋ ਚੋਰੀ ਦੀ ਚਾਂਦੀ ਸਮੇਤ ਚਾਰ ਕਾਬੂ

Date:

ਚੰਡੀਗੜ੍ਹ/ਖੰਨਾ, 22 ਅਗਸਤ:

  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਦਰਜ ਕਰਦੇ ਹੋਏ, ਖੰਨਾ ਪੁਲਿਸ ਨੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਮੰਦਰ, ਗੁਰਦੁਆਰਿਆਂ ਜਿਹੇ ਧਾਰਮਿਕ ਸਥਾਨਾਂ ’ਤੇ ਚੋਰੀਆਂ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦੇ ਚਾਰ ਕਾਰਕੁੰਨਾਂ ਨੂੰ ਕਾਬੂ ਕਰਕੇ ਸਨਸਨੀਖੇਜ਼ ਸ਼ਿਵ ਮੰਦਰ ਚੋਰੀ ਮਾਮਲੇ ਨੂੰ ਸੁਲਝਾ ਲਿਆ ਹੈ।  ਇਹ ਜਾਣਕਾਰੀ ਅੱਜ ਇੱਥੇ ਇੱਥੇਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦਿੱਤੀ।

  ਇਹ ਅਪਰੇਸ਼ਨ ਚੰਡੀਗੜ੍ਹ ਪੁਲਿਸ, ਬਟਾਲਾ ਪੁਲਿਸ, ਊਧਮ ਸਿੰਘ ਨਗਰ ਪੁਲਿਸ, ਉੱਤਰਾਖੰਡ ਅਤੇ ਲਖਨਊ ਪੁਲਿਸ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ।

  ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰੇਸ਼ਮ ਸਿੰਘ ਉਰਫ਼ ਰਿੰਕੂ ਵਾਸੀ ਸਿੰਧੀ ਝਾਲਾ ਜ਼ਿਲ੍ਹਾ ਊਧਮ ਸਿੰਘ ਨਗਰ ,ਉੱਤਰਾਖੰਡ; ਰਵੀ ਕੁਮਾਰ ਵਾਸੀ ਮਹਿੰਦਪੁਰ, ਰੋਪੜ; ਹਨੀ ਵਾਸੀ ਮਹਿੰਦਪੁਰ,ਰੋਪੜ ਅਤੇ ਰਾਜੀਵ ਕੁਮਾਰ ਉਰਫ ਸੋਨੀ ਵਾਸੀ ਕੁਮਾਰਪੁਰਮ, ਲਖਨਊ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ।

  ਜਾਣਕਾਰੀ ਅਨੁਸਾਰ 15 ਅਗਸਤ ਨੂੰ ਤੜਕਸਾਰ 4:30 ਵਜੇ ਅਣਪਛਾਤੇ ਵਿਅਕਤੀ ਸ਼ਿਵਪੁਰੀ ਮੰਦਰ ਦੀ ਛੱਤ ਤੋਂ ਖਿੜਕੀਆਂ ਰਾਹੀਂ ਦਾਖਲ ਹੋਏ ਅਤੇ ਵੱਖ –ਵੱਖ ਸੋਨੇ-ਚਾਂਦੀ ਦੇ ਗਹਿਣੇ ਜਿੰਨਾਂ ਵਿੱਚ ਚਾਂਦੀ ਦੀ ਗਾਗਰ (ਜੋ ਸ਼ਿਵਲਿੰਗ ਮਹਾਰਾਜ ਦੇ ਉੱਪਰ ਰੱਖੀ ਹੋਈ ਸੀ) , ਸ਼ਿਵਲਿੰਗ ਮਹਾਰਾਜ ’ਤੇ ਪਾਈ ਮਾਲਾ, ਕ੍ਰਿਸ਼ਨ ਮਹਾਰਾਜ ਦੀ ਚਾਂਦੀ ਦੀ ਬੰਸਰੀ, ਚਾਂਦੀ ਦੇ ਮੁਕਟ ਅਤੇ ਮੰਦਰ ਦੀਆਂ ਸਾਰੀਆਂ ਮੂਰਤੀਆਂ ਦੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਿਵਲਿੰਗ ਮਹਾਰਾਜ ਦੀ ਬੇਅਦਬੀ ਵੀ ਕੀਤੀ।

  ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਖੰਨਾ ਦੀਆਂ ਪੁਲਿਸ ਟੀਮਾਂ ਨੇ ਇਸ ਮਾਮਲੇ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਮੰਦਰ ਵਿੱਚੋਂ ਚੋਰੀ ਕੀਤੀ 3.63 ਕਿਲੋ ਚਾਂਦੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

  ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਗਿਰੋਹ ਤਾਮਿਲਨਾਡੂ ਅਤੇ ਤੇਲੰਗਾਨਾ ਦੇ ਮੰਦਰਾਂ ਵਿਚ ਲੁੱਟਾਂ-ਖੋਹਾਂ ਕਰਨ ਦੀ ਯੋਜਨਾ ਬਣਾ ਰਿਹਾ ਸੀ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ ਹੋਣ ਦੀ ਆਸ ਹੈ।

  ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐਸ.ਐਸ.ਪੀ. ਖੰਨਾ ਅਸ਼ਵਿਨੀ ਗੋਟਿਆਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਕੇਸ ’ਤੇ ਤੁਰੰਤ ਕਾਰਵਾਈ ਕਰਦਿਆਂ ਮਾਮਲੇ ਦੀ ਤਫਤੀਸ਼ ਲਈ ਐਸ.ਪੀ. (ਇਨਵੈਸਟੀਗੇਸ਼ਨ) ਸੌਰਵ ਜਿੰਦਲ ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਕੇਸ ਦੀ ਜਾਂਚ ਨਵੀਨਤਮ ਵਿਗਿਆਨਕ-ਤਕਨੀਕੀ ਅਤੇ ਮਨੁੱਖੀ ਦਿਆਨਤਦਾਰੀ ਨਾਲ ਕੀਤੀ ਗਈ ਹੈ।

  ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਇਤਲਾਹ ਮਿਲੀ ਸੀ ਕਿ ਚੋਰਾਂ ਦਾ ਇੱਕ ਅੰਤਰਰਾਜੀ ਗਿਰੋਹ ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ਵਿੱਚ ਚੋਰੀਆਂ ਕਰਦਾ ਹੈ। ਪ੍ਰਾਪਤ ਜਾਣਕਾਰੀ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਖੰਨਾ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਨੇ ਪੰਜਾਬ ਅਤੇ ਹੋਰ ਰਾਜਾਂ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚ ਛਾਪੇਮਾਰੀ ਕੀਤੀ ਅਤੇ ਉੱਤਰਾਖੰਡ ਪੁਲਿਸ ਦੇ ਸਹਿਯੋਗ ਨਾਲ ਦਿੱਲੀ ਤੋਂ ਰੇਸ਼ਮ ਸਿੰਘ ਉਰਫ਼ ਰਿੰਕੂ ਵਜੋਂ ਪਛਾਣੇ ਗਏ ਪਹਿਲੇ ਦੋਸ਼ੀ ਨੂੰ ਟਰੇਸ ਕਰਨ ਅਤੇ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਰਹੇ।

  ਐਸ.ਐਸ.ਪੀ. ਨੇ ਦੱਸਿਆ ਕਿ ਇਸ ਤੋਂ ਇਲਾਵਾ ਚੰਡੀਗੜ੍ਹ ਪੁਲੀਸ ਦੀ ਮਦਦ ਨਾਲ ਮੁਲਜ਼ਮ ਰਵੀ ਕੁਮਾਰ ਨੂੰ ਚੰਡੀਗੜ੍ਹ ਤੋਂ ਅਤੇ ਮੁਲਜ਼ਮ ਹਨੀ ਨੂੰ ਰੋਪੜ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੁਲਿਸ ਨੇ ਇਸ ਗਿਰੋਹ ਦਾ ਇੱਕ ਸਾਥੀ ਯੂਪੀ ਦੇ ਅਲੀਗੜ੍ਹ ਦੇ ਉਟਾਵਲ ਦੇ ਇੱਕ ਹੋਰ ਦੋਸ਼ੀ ਮੋਹਿਤ ਦੀ ਪਛਾਣ ਕਰ ਲਈ ਗਈ ਹੈ, ਪਰ ਹਾਲੇ ਉਸਦੀ  ਗ੍ਰਿਫਤਾਰੀ ਨਹੀਂ ਹੋਈ ਹੈ।

  ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਚੋਰਾਂ ਦਾ ਇਹ ਗਿਰੋਹ ਚੋਰੀ ਦੀ ਚਾਂਦੀ ਅਤੇ ਸੋਨੇ ਦੇ ਗਹਿਣੇ ਇੱਕ ਜਵੈਲਰ ਰਾਜੀਵ ਕੁਮਾਰ ਉਰਫ਼ ਸੋਨੀ ਨੂੰ ਵੇਚਦਾ ਸੀ, ਜਿਸ ਨੂੰ ਤੁਰੰਤ ਇਸ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ  ਅਤੇ ਬਾਅਦ ਵਿੱਚ ਲਖਨਊ (ਯੂ.ਪੀ.)ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਦੇ ਕਬਜ਼ੇ ’ਚੋਂ ਚੋਰੀ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਪਾਸੋਂ ਚੋਰੀ ਦੀਆਂ ਵਾਰਦਾਤਾਂ ਸਬੰਧੀ ਖੁਲਾਸਾ ਹੋਣ ਦੀ ਵੀ ਸੰਭਾਵਨਾ ਹੈ । ਜ਼ਿਕਰਯੋਗ ਹੈ ਕਿ ਉਕਤ ਜਵੈਲਰ ’ਤੇ ਪਹਿਲਾਂ ਵੀ ਚੋਰੀ ਦੇ 12 ਅਪਰਾਧਿਕ ਮਾਮਲੇ ਦਰਜ ਹਨ।

  ਐਸਐਸਪੀ ਗੋਟਿਆਲ ਨੇ ਦੱਸਿਆ ਕਿ ਇਸ ਮਾਮਲੇ ਦੀ ਹੁਣ ਤੱਕ ਕੀਤੀ ਗਈ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਚੋਰਾਂ ਦੇ ਇਸ ਗਿਰੋਹ ਨੇ ਵੱਖ-ਵੱਖ ਰਾਜਾਂ ਵਿੱਚ ਕਈ ਧਾਰਮਿਕ ਸਥਾਨਾਂ ’ਤੇ ਚੋਰੀਆਂ ਕੀਤੀਆਂ ਹਨ ਅਤੇ ਇਨ੍ਹਾਂ ਵਿਅਕਤੀਆਂ ਖਿਲਾਫ ਵੱਖ-ਵੱਖ ਰਾਜਾਂ ਵਿੱਚ ਧਾਰਮਿਕ ਸਥਾਨਾਂ ’ਤੇ ਚੋਰੀਆਂ ਕਰਨ ਦੇ ਕਈ ਮਾਮਲੇ ਦਰਜ ਹਨ।

  ਇਸ ਸਬੰਧੀ ਥਾਣਾ ਸਿਟੀ ਖੰਨਾ ਵਿਖੇ ਭਾਰਤੀ ਨਿਆ ਸੰਹਿਤਾ (ਬੀ.ਐਨ.ਐਸ.) ਦੀ ਧਾਰਾ 331(4), 305 ਅਤੇ 299 ਤਹਿਤ ਮੁਕੱਦਮਾ ਨੰਬਰ 124 ਮਿਤੀ 15.08.2024 ਦਰਜ ਕੀਤਾ ਗਿਆ ਸੀ, ਜਦਕਿ ਜਵੈਲਰ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ ’ਚ  ਬੀ.ਐਨ.ਐਸ. ਦੀ ਧਾਰਾ 317 (2) ਨੂੰ  ਜੋੜ ਦਿੱਤਾ ਗਿਆ ਹੈ।

Share post:

Subscribe

spot_imgspot_img

Popular

More like this
Related

ਹੁਣ ਤੱਕ 5 ਲੋਕਾਂ ਨੂੰ ਮਲਬੇ ‘ਚੋਂ ਕੱਢਿਆ ਬਾਹਰ, ਰਾਹਤ ਅਤੇ ਬਚਾਅ ਕਾਰਜ ਜਾਰੀ

Relief and rescue operations continue ਸ਼ਨੀਵਾਰ ਸ਼ਾਮ ਨੂੰ ਮੋਹਾਲੀ...

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ

ਫਾਜ਼ਿਲਕਾ 21 ਦਸੰਬਰ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ...

ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ ‘ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰ

ਚੰਡੀਗੜ੍ਹ, 21 ਦਸੰਬਰ: ਪੰਜਾਬ ਸਰਕਾਰ ਵੱਲੋਂ ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ...

ਖਿਓਵਾਲੀ ਢਾਬ ਵਿਖੇ ਨਿਕਸ਼ੈ ਕੈਂਪ ਲਗਾਇਆ

ਫਾਜ਼ਿਲਕਾ, 21 ਦਸੰਬਰ :ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ...