ਏਅਰੋਸਪੇਸ ਅਤੇ ਰੱਖਿਆ ਖੇਤਰ ਵਿੱਚ ਹੁਨਰ ਵਿਕਾਸ ਲਈ ਪੰਜਾਬ ਸਰਕਾਰ ਵਿਆਪਕ ਨੀਤੀ ਲਿਆਏਗੀ: ਅਮਨ ਅਰੋੜਾ


ਚੰਡੀਗੜ੍ਹ, 30 ਅਗਸਤ:

ਸੂਬੇ ਨੂੰ ਰੱਖਿਆ ਉਦਯੋਗ ਵਿੱਚ ਮੋਹਰੀ ਬਣਾਉਣ ਅਤੇ ਲੰਬੇ ਸਮੇਂ ਦੇ ਵਿਕਾਸ ਅਤੇ ਸਥਿਰਤਾ ਲਈ ਅਨੁਕੂਲ ਮਾਹੌਲ ਸਿਰਜਣ ਦੇ ਉਦੇਸ਼ ਨਾਲ, ਪੰਜਾਬ ਸਰਕਾਰ ਹਵਾਈ-ਜਹਾਜ਼ ਉਦਯੋਗ ਅਤੇ ਰੱਖਿਆ (ਏਅਰੋਸਪੇਸ ਐਂਡ ਡਿਫੈਂਸ) ਸੈਕਟਰ ਵਿੱਚ ਹੁਨਰ ਵਿਕਾਸ ਲਈ ਇੱਕ ਵਿਆਪਕ ਨੀਤੀ ਲੈ ਕੇ ਆਵੇਗੀ।
ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਇਹ ਗੱਲ ਸੈਂਟਰ ਫਾਰ ਟਰੇਨਿੰਗ ਐਂਡ ਇੰਪਲਾਇਮੈਂਟ ਆਫ਼ ਪੰਜਾਬ ਯੂਥ (ਸੀ-ਪਾਈਟ) ਵੱਲੋਂ ਅੱਜ ਇੱਥੇ ਐਸੋਚੈਮ ਉੱਤਰੀ ਖੇਤਰ ਦੀ ਮਦਦ ਨਾਲ ਏਅਰੋਸਪੇਸ ਤੇ ਡਿਫੈਂਸ ਅਤੇ ਐਮ.ਐਸ.ਐਮ.ਈ. ਸੈਕਟਰ ਲਈ ਹੁਨਰ ਵਿਕਾਸ ਵਿਸ਼ੇ ‘ਤੇ ਕਰਵਾਏ ਗਏ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਹੀ।
ਸ੍ਰੀ ਅਮਨ ਅਰੋੜਾ ਨੇ ਪ੍ਰਮੁੱਖ ਸਕੱਤਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਸ੍ਰੀਮਤੀ ਜਸਪ੍ਰੀਤ ਤਲਵਾੜ ਅਤੇ ਡਾਇਰੈਕਟਰ ਜਨਰਲ ਸੀ-ਪਾਈਟ ਮੇਜਰ ਜਨਰਲ ਰਾਮਬੀਰ ਮਾਨ ਨੂੰ ਏਅਰੋਸਪੇਸ ਅਤੇ ਡਿਫੈਂਸ ਅਤੇ ਲਘੂ, ਛੋਟੇ ਤੇ ਦਰਮਿਆਨੇ ਉਦਯੋਗ (ਐਮ.ਐਸ.ਐਮ.ਈ.) ਸੈਕਟਰ ਵਿੱਚ ਹੁਨਰ ਵਿਕਾਸ ਲਈ ਨੀਤੀ ਤਿਆਰ ਕਰਨ ਵਾਸਤੇ ਸਾਰੇ ਹਿੱਸੇਦਾਰਾਂ ਦਾ ਇੱਕ ਸਮੂਹ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਏਅਰੋਸਪੇਸ ਵਿੱਚ ਨਿੱਜੀ ਉਦਯੋਗ ਦੀਆਂ ਜ਼ਿਆਦਾਤਰ ਨੌਕਰੀਆਂ ਸਿਵਲ ਹਵਾਬਾਜ਼ੀ, ਆਮ ਹਵਾਬਾਜ਼ੀ, ਫੌਜੀ ਜਹਾਜ਼ ਅਤੇ ਮਿਜ਼ਾਈਲਾਂ, ਸੰਚਾਰ ਉਪਗ੍ਰਹਿ ਅਤੇ ਮਿਲਟਰੀ ਤੇ ਕਮਰਸ਼ੀਅਲ ਲਾਂਚ ਵਹੀਕਲਸ ਖੇਤਰ ਵਿੱਚ ਹਨ। ਸੂਬਾ ਸਰਕਾਰ ਵੱਲੋਂ ਘੜੀ ਜਾਣ ਵਾਲੀ ਨੀਤੀ ਸੂਬੇ ਦੇ ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਇਨ੍ਹਾਂ ਸੈਕਟਰਾਂ ‘ਤੇ ਕੇਂਦਰਤ ਹੋਵੇਗੀ।

ਸ੍ਰੀ ਅਮਨ ਅਰੋੜਾ ਨੇ ਉਦਯੋਗਪਤੀਆਂ ਨੂੰ ਇਸ ਖੇਤਰ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੰਦਿਆਂ ਕਿਹਾ ਕਿ ਰੱਖਿਆ ਖੇਤਰ ਵਿੱਚ ਪੰਜਾਬ ਦੀ ਇੱਕ ਅਮੀਰ ਵਿਰਾਸਤ ਹੈ, ਜੋ ਰੱਖਿਆ ਉਦਯੋਗ ਦੇ ਵਿਕਾਸ ਲਈ ਵੱਡੀਆਂ ਸੰਭਾਵਨਾਵਾਂ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਉਦਯੋਗਿਕ ਵਿਕਾਸ ਲਈ ਵੱਖ-ਵੱਖ ਲਾਭ ਅਤੇ ਰਿਆਇਤਾਂ ਪ੍ਰਦਾਨ ਕਰਨ ਅਤੇ ਅਨੁਕੂਲ ਮਾਹੌਲ ਸਿਰਜਣ ਦੇ ਨਾਲ-ਨਾਲ ਸੂਬੇ ਵਿੱਚ ਮੋਹਾਲੀ ਅਤੇ ਅੰਮ੍ਰਿਤਸਰ ਵਿਖੇ ਦੋ ਅੰਤਰਰਾਸ਼ਟਰੀ ਹਵਾਈ ਅੱਡਿਆਂ, ਲੁਧਿਆਣਾ, ਬਠਿੰਡਾ ਅਤੇ ਜਲੰਧਰ ਵਿਖੇ ਘਰੇਲੂ ਹਵਾਈ ਅੱਡਿਆਂ ਅਤੇ ਆਦਮਪੁਰ ਵਿੱਚ ਭਾਰਤ ਦੇ ਸਭ ਤੋਂ ਵੱਡੇ ਹਵਾਈ ਸੈਨਾ ਅੱਡਿਆਂ ਦੇ ਨਾਲ ਇੱਕ ਮਜ਼ਬੂਤ ਬੁਨਿਆਦੀ ਢਾਂਚਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਐਡਵਾਂਸਡ ਮੈਨੂਫੈਕਚਰਿੰਗ ਲਈ ਮਜ਼ਬੂਤ ਸਹਿਯੋਗ, ਇੰਜਨੀਅਰਿੰਗ ਲਈ ਵਿਸ਼ਾਲ ਐਮ.ਐਸ.ਐਮ.ਈ.ਆਧਾਰ, ਫੋਕਸਡ ਐਜੂਕੇਸ਼ਨਲ ਇਨਫਰਾਸਟਰੱਕਚਰ ਅਤੇ ਸਥਾਪਿਤ ਏਵੀਏਸ਼ਨ ਕਲੱਬਾਂ ਦੀ ਉਪਲਬਧਤਾ ਹੈ।

ਇਹ ਆਖਦਿਆਂ ਕਿ ਹੁਨਰ ਵਿਕਾਸ, ਰੱਖਿਆ ਖੇਤਰ ਵਿੱਚ ਪੰਜਾਬ ਦੀ ਸਮਰੱਥਾ ਨੂੰ ਉਜਾਗਰ ਕਰਨ ਦਾ ਮੂਲ ਆਧਾਰ ਹੈ, ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਸੰਮੇਲਨ ਪੰਜਾਬ ਵਿੱਚ ਹੁਨਰ ਵਿਕਾਸ ਦੇ ਯਤਨਾਂ ਨੂੰ ਹੋਰ ਹੁਲਾਰਾ ਦੇਣ ਲਈ ਵਡਮੁੱਲੇ ਵਿਚਾਰ ਅਤੇ ਸਹਿਯੋਗ ਦੇ ਮੌਕੇ ਹਾਸਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਇਸ ਸਹਿਯੋਗ ਨਾਲ ਹੁਨਰ ਦੇ ਪਾੜਿਆਂ ਦੀ ਪਛਾਣ ਕਰਨ ਅਤੇ ਇਨ੍ਹਾਂ ਪਾੜਿਆਂ ਨੂੰ ਪੂਰਨ ਲਈ ਟੀਚਾਗਤ ਸਿਖਲਾਈ ਪ੍ਰੋਗਰਾਮ ਵਿਕਸਿਤ ਕਰਨ ਵਿੱਚ ਵੀ ਮਦਦ ਮਿਲੇਗੀ।

ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ ਨੇ ਉਦਯੋਗ ਦੇ ਆਗੂਆਂ ਨੂੰ ਇਸ ਸਬੰਧੀ ਆਪਣੀ ਰਾਇ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ, ਵਿਦਿਅਕ ਸੰਸਥਾਵਾਂ ਅਤੇ ਉਦਯੋਗ ਦੇ ਆਗੂਆਂ ਦਰਮਿਆਨ ਸਹਿਯੋਗ, ਇਸ ਸੈਕਟਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਸਹਿਯੋਗ ਗਿਆਨ ਅਤੇ ਉੱਭਰ ਰਹੇ ਰੁਝਾਨਾਂ ਸਬੰਧੀ ਅਦਾਨ-ਪ੍ਰਦਾਨ ਦੀ ਸੁਵਿਧਾ ਵੀ ਪ੍ਰਦਾਨ ਕਰਨਗੇ।

ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਪ੍ਰੋਗਰਾਮਾਂ ਨੂੰ ਹਵਾਈ ਜਹਾਜ਼ ਉਦਯੋਗ ਅਤੇ ਰੱਖਿਆ ਖੇਤਰ ਦੀਆਂ ਹੁਨਰ ਸਬੰਧੀ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਨ ਅਤੇ ਉਦਯੋਗ ਦੇ ਮਾਪਦੰਡਾਂ ਅਤੇ ਉਮੀਦਾਂ ਅਨੁਸਾਰ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਭਰ ਰਹੇ ਰੁਝਾਨਾਂ ਅਤੇ ਤਕਨੀਕੀ ਪ੍ਰਗਤੀ ਨੂੰ ਸਮਝਣ ਲਈ ਉਦਯੋਗ ਦੇ ਭਾਈਵਾਲਾਂ ਨਾਲ ਨਿਰੰਤਰ ਸ਼ਮੂਲੀਅਤ ਵਧੇਰੇ ਮਹੱਤਵਪੂਰਨ ਹੈ।

ਉਦਯੋਗਪਤੀਆਂ ਅਤੇ ਵੱਖ-ਵੱਖ ਵਫ਼ਦਾਂ ਦਾ ਸਵਾਗਤ ਕਰਦਿਆਂ ਡਾਇਰੈਕਟਰ ਰੋਜ਼ਗਾਰ ਉਤਪਤੀ ਸ੍ਰੀਮਤੀ ਅੰਮ੍ਰਿਤ ਸਿੰਘ ਨੇ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਦਿਆਂ ਉਨ੍ਹਾਂ ਨੂੰ ਰੋਜ਼ਗਾਰ ਦੇ ਯੋਗ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੀਤੀਆਂ ਜਾ ਰਹੀਆਂ ਖੋਜ ਅਤੇ ਵਿਕਾਸ ਪਹਿਲਕਦਮੀਆਂ ਅਤਿ ਆਧੁਨਿਕ ਰੱਖਿਆ ਤਕਨੀਕਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੀਆਂ ਅਤੇ ਉੱਨਤ ਰੱਖਿਆ ਉਪਕਰਨ ਤਿਆਰ ਕਰਨ ਸਬੰਧੀ ਸਾਡੀ ਸਮਰੱਥਾ ਵਿੱਚ ਵੀ ਵਾਧਾ ਕਰਨਗੀਆਂ।
ਇਸ ਮੌਕੇ ਏ.ਡੀ.ਜੀ. ਆਰਮੀ ਡਿਜ਼ਾਈਨ ਬਿਊਰੋ ਮੇਜਰ ਜਨਰਲ ਸੀ.ਐਸ. ਮਾਨ, ਚੀਫ਼ ਨੋਡਲ ਅਫ਼ਸਰ ਉੱਤਰ ਪ੍ਰਦੇਸ਼ ਡਿਫੈਂਸ ਇੰਡਸਟਰੀਅਲ ਕੋਰੀਡੋਰ ਮੇਜਰ ਜਨਰਲ ਆਈ.ਐਮ. ਲਾਂਬਾ (ਸੇਵਾਮੁਕਤ), ਕਲਿਆਣੀ ਸਟ੍ਰੈਟਜਿਕ ਸਿਸਟਮਜ਼ ਲਿਮਟਿਡ ਦੇ ਚੇਅਰਮੈਨ ਸ੍ਰੀ ਰਜਿੰਦਰ ਸਿੰਘ ਭਾਟੀਆ, ਰੀਜ਼ਨਲ ਹੈਡ ਐਨ.ਐਸ.ਡੀ.ਸੀ. ਇੰਟਰਨੈਸ਼ਨਲ ਸ੍ਰੀ ਰਜਤ ਭਟਨਾਗਰ, ਚੇਅਰਮੈਨ ਐਸੋਚੈਮ ਪੰਜਾਬ ਅਤੇ ਡਾਇਰੈਕਟਰ ਸਰਸਵਤੀ ਗਰੁੱਪ ਆਫ਼ ਕੰਪਨੀਜ਼ ਸ੍ਰੀ ਅਭੀ ਬਾਂਸਲ, ਐਸੋਚੈਮ ਚੰਡੀਗੜ੍ਹ ਦੇ ਚੇਅਰਮੈਨ ਅਤੇ ਸੀ.ਐਫ.ਓ., ਐਸ.ਐਮ.ਐਲ. ਇਸੂਜ਼ੂ ਲਿਮਟਿਡ ਸ੍ਰੀ ਰਾਕੇਸ਼ ਭੱਲਾ, ਐਸੋਚੈਮ ਪੰਜਾਬ ਦੇ ਕੋ-ਚੇਅਰਮੈਨ ਅਤੇ ਪੰਜਾਬ ਫਿਲਮ ਸਿਟੀ ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਇਕਬਾਲ ਚੀਮਾ ਨੇ ਵੀ ਸੰਮੇਲਨ ਨੂੰ ਸੰਬੋਧਨ ਕੀਤਾ।

[wpadcenter_ad id='4448' align='none']