ਸਿਆਸੀ ਪਾਰਟੀਆਂ ਆਪਣੇ ਬੂਥ ਲੈਵਲ ਏਜੰਟ ਜਰੂਰ ਲਗਾਉਣ-ਜ਼ਿਲ੍ਹਾ ਚੋਣ ਅਫਸਰ
ਫ਼ਤਹਿਗੜ੍ਹ ਸਾਹਿਬ, 19 ਮਾਰਚ:
ਮੁੱਖ ਚੋਣ ਅਫਸਰ ਪੰਜਾਬ ਅਤੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ: ਸੋਨਾ ਥਿੰਦ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਪਣੇ ਬੂਥ ਲੈਵਲ ਏਜੰਟ ਜਰੂਰ ਨਿਯੁਕਤ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਚੋਣਾਂ ਨਾਲ ਸਬੰਧਤ ਕੰਮਾਂ ਨੂੰ ਨਿਰਵਿਘਨ ਨੇਪਰੇ ਚੜਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਕਿ ਵੱਧ ਤੋਂ ਵੱਧ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਸਾਲ ਵਿੱਚ ਚਾਰ ਮਿਤੀਆਂ ਘੋਸ਼ਿਤ ਕੀਤੀਆਂ ਗਈਆਂ ਹਨ ਜਿਸ ਅਨੁਸਾਰ ਪਹਿਲੀ ਜਨਵਰੀ, ਪਹਿਲੀ ਅਪ੍ਰੈਲ, ਪਹਿਲੀ ਜੁਲਾਈ ਅਤੇ ਪਹਿਲੀ ਅਕਤੂਬਰ ਨੂੰ ਜੇਕਰ ਉਹ ਲੋੜੀਂਦੀ ਉਮਰ ਦੀ .ਯੋਗਤਾ ਪੂਰੀ ਕਰਦੇ ਹਨ ਤਾਂ ਉਹਨਾਂ ਕੋਲ ਵੋਟ ਬਣਾਉਣ ਲਈ 4 ਮੋਕੇ ਹਨ। ਉਨ੍ਹਾਂ ਦੱਸਿਆਂ ਕਿ ਜਿਨ੍ਹਾ ਨੋਜਵਾਨਾਂ ਦੀ ਉਮਰ ਅਜੇ 17 ਸਾਲ ਦੀ ਹੈ ਜਾਂ 18 ਸਾਲ ਹੋ ਗਈ ਹੈ ਜਾਂ 18 ਸਾਲ ਦੀ ਹੋਣ ਵਾਲੀ ਹੈ ਖਾਸਕਰ ਉਹਨਾਂ ਨੋਜਵਾਨਾਂ ਨੂੰ ਨਵੀਆਂ ਵੋਟਾਂ ਬਣਾਉਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।
ਜ਼ਿਲ੍ਹਾ ਚੋਣ ਅਫਸਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣਾਂ ਸਬੰਧੀ ਵੱਖ-ਵੱਖ ਨਿਯਮਾਂ ਤੇ ਕਾਨੂੰਨਾਂ ਬਾਰੇ ਵੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ ਅਤੇ ਸਾਡੇ ਸੰਵਿਧਾਨ ਨੇ ਹਰੇਕ ਨਾਗਰਿਕ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਕ੍ਰਿਆ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਉਣ ਲਈ ਸਮੂਹ ਯੋਗ ਵੋਟਰਾਂ ਦੀ ਸ਼ਮੂਲੀਅਤ ਜਰੂਰੀ ਹੈ। ਇਸ ਲਈ ਸਮੂਹ ਸਿਆਸੀ ਪਾਰਟੀਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਪੋ ਆਪਣੇ ਹਲਕਿਆਂ ਵਿੱਚ ਬੂਥ ਲੈਵਲ ਏਜੰਟ ਨਿਯੁਕਤ ਕਰਕੇ ਰਿਪੋਰਟ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਭੇਜਣਾ ਯਕੀਨੀ ਬਣਾਉਣ।
ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਨਵਦੀਪ ਸਿੰਘ ਨਵੀ, ਇੰਡੀਅਨ ਨੈਸ਼ਨਲ ਕਾਂਗਰਸ ਦੇ ਅਸ਼ੋਕ ਗੌਤਮ, ਬਹੁਜਨ ਸਮਾਜ ਪਾਰਟੀ ਦੇ ਮੋਹਣ ਸਿੰਘ ਭੱਟਮਾਜਰਾ ਤੇ ਬਲਦੇਵ ਸਿੰਘ ਭੱਟਮਾਜਰਾ, ਭਾਰਤੀ ਜਨਤਾ ਪਾਰਟੀ ਦੇ ਬਲਵੀਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਰਵਿੰਦਰ ਸਿੰਘ, ਚੋਣ ਕਾਨੂੰਗੋ ਕੁਲਵਿੰਦਰ ਕੌਰ, ਰਾਜਪਾਲ ਸਿੰਘ, ਸਨਪ੍ਰੀਤ ਸਿੰਘ ਤੇ ਗੁਰਵਿੰਦਰ ਸਿੰਘ ਹਾਜਰ ਸਨ।