ਫ਼ਰੀਦਕੋਟ 15 ਫ਼ਰਵਰੀ,2024
‘ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬੀਆਂ ਦੇ ਅਹਿਮ ਯੋਗਦਾਨ, ਨਾਰੀ ਸ਼ਕਤੀ ਅਤੇ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਰੂਪਮਾਨ ਕਰਦੀਆਂ 3 ਝਾਕੀਆਂ ਦਾ ਅੱਜ ਫ਼ਰੀਦਕੋਟ ਵਿਖੇ ਪਹੁੰਚਣ ਤੇ ਐਮ.ਐਲ.ਏ. ਸ. ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਵਿਚ ਜ਼ਿਲ੍ਹਾ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਈਆਂ ਇਨ੍ਹਾਂ ਝਾਕੀਆਂ ਵਿਚ ਪਹਿਲੀ ਝਾਕੀ ਵਿੱਚ ਜਲਿਆਂ ਵਾਲਾ ਬਾਗ ਦੀ ਘਟਨਾ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਨ ਸਿੰਘ ਭਕਨਾ, ਲਾਲਾ ਲਾਜਪਤ ਰਾਏ, ਸ਼ਹੀਦ ਸੁਖਦੇਵ, ਲਾਲਾ ਹਰਦਿਆਲ, ਸਰਦਾਰ ਅਜੀਤ ਸਿੰਘ, ਬਾਬਾ ਖੜਕ ਸਿੰਘ, ਮਦਨ ਲਾਲ ਢੀਂਗਰਾ, ਡਾ.ਦੀਵਾਨ ਸਿੰਘ ਕਾਲੇਪਾਣੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੀ ਕੁਰਬਾਨੀ ਅਤੇ ਕਾਮਾਗਾਟਾਮਾਰੂ ਦੀ ਘਟਨਾ ਨੂੰ ਦਿਖਾਇਆ ਗਿਆ ਹੈ। ਦੂਜੀ ਝਾਕੀ ਜ਼ਰੀਏ ਨਾਰੀ ਸਸ਼ਕਤੀਕਰਨ (ਮਾਈ ਭਾਗੋ ਦੀ ਸੂਰਮਗਤੀ) ਅਤੇ ਮਾਈ ਭਾਗੋ ਆਰਮਡ ਫੋਰਸਜ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੁਆਰਾ ਵੱਖ-ਵੱਖ ਖੇਤਰਾਂ ਵਿੱਚ ਨਾਮ ਰੌਸ਼ਨ ਕਰਨ ਵਾਲੀਆਂ ਮਹਿਲਾਵਾਂ ਨੂੰ ਦਰਸਾਇਆ ਗਿਆ ਹੈ। ਇਸੇ ਤਰ੍ਹਾਂ ਤੀਜੀ ਝਾਕੀ ਦੇ ਰਾਹੀਂ ਪੰਜਾਬ ਦੀ ਅਮੀਰ ਵਿਰਾਸਤ ਅਤੇ ਸਭਿਆਚਾਰ ਦੀ ਝਲਕ ਪੇਸ਼ ਕੀਤੀ ਗਈ ਹੈ।ਇਸ ਮੌਕੇ ਐਮ.ਐਲ.ਏ ਸੇਖੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਮਾਣਮੱਤੇ ਇਤਿਹਾਸ ਅਤੇ ਵਿਰਸੇ ਨੂੰ ਦਰਸਾਉਂਦੀਆਂ ਇਨ੍ਹਾਂ ਝਾਕੀਆਂ ਨੂੰ ਪੰਜਾਬ ਵਾਸੀਆਂ ਦੇ ਰੁਬਰੂ ਕਰਨ ਦਾ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਝਾਕੀਆਂ ਰਾਹੀਂ ਦਰਸਾਇਆ ਜਾ ਰਿਹਾ ਇਤਿਹਾਸ ਅਤੇ ਅਮੀਰ ਸੱਭਿਆਚਾਰ, ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਲਾਹੇਵੰਦ ਹੋਵੇਗਾ । ਉਨ੍ਹਾਂ ਦੱਸਿਆ ਕਿ ਇਹ ਝਾਕੀਆਂ ਪਟਿਆਲਾ ਅਤੇ ਲੁਧਿਆਣਾ ਵਿਖੇ ਹੋਏ ਗਣਤੰਤਰ ਦਿਵਸ ਸਮਾਗਮਾਂ ਵਿਚ ਪ੍ਰਦਰਸ਼ਿਤ ਕਰਨ ਉਪਰੰਤ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਹੁੰਦੀਆਂ ਹੋਈਆਂ ਅੱਜ ਫ਼ਰੀਦਕੋਟ ਵਿਖੇ ਪੁੱਜੀਆਂ ਹਨ। ਇਹ ਝਾਕੀਆਂ ਪਿੰਡ ਦੀਪ ਸਿੰਘ ਵਾਲਾ ਤੋਂ ਪ੍ਰਵੇਸ਼ ਕਰਕੇ ਸਾਦਿਕ, ਮਹਿਮੂਆਣਾ,ਮਚਾਕੀ ਕਲਾਂ ਅਤੇ ਸ਼ਹਿਰ ਵਿਖੇ ਸਰਕੂਲਰ ਰੋਡ ਹੁੰਦੇ ਹੋਏ ਡੋਲਫਿਨ ਚੌਕ ਵਿਖੇ ਲੋਕਾਂ ਦੇ ਰੂ-ਬ-ਰੂ ਕੀਤੀਆਂ ਗਈਆਂ ।ਇਸ ਮੌਕੇ ਪ੍ਰਿੰਸੀਪਲ ਗੁਰਜਿੰਦਰ ਸਿੰਘ ਬਰਾੜ, ਬਾਬਾ ਜਸਪਾਲ ਸਿੰਘ ਪ੍ਰਧਾਨ ਐਸ.ਸੀ ਵਿੰਗ , ਪ੍ਰਧਾਨ ਟਰੱਕ ਯੂਨੀਅਨ ਰਾਜਾ ਬੁੱਟਰ,ਬਲਾਕ ਪ੍ਰਧਾਨ ਕਾਲਾ ਬਾਜਾਜ, ਬਲਾਕ ਪ੍ਰਧਾਨ ਮਨਜਿੰਦਰ ਸਿੰਘ,ਪਰਗਟ ਖ਼ਾਲਸਾ , ਹਰਜਿੰਦਰ ਚੌਹਾਨ, ਬਲਜਿੰਦਰ ਭੁੱਲਰ , ਜੈਦੀਪ ਘੁੱਦੂਵਾਲਾ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।