ਸੀ ਐਮ ਦੀ ਯੋਗਸ਼ਾਲਾ ਦਾ ਮੋਹਾਲੀ  ਵਸਨੀਕ ਲੈ ਰਹੇ ਨੇ ਭਰਪੂਰ ਲਾਹਾ

ਐਸ.ਏ.ਐਸ.ਨਗਰ, 23 ਅਕਤੂਬਰ, 2024:

ਅੱਜ ਦੇ ਭੱਜਦਦੌੜ ਦੇ ਸਮੇਂ ਵਿੱਚ ਲੋਕਾਂ ਦਾ ਜੀਵਨ ਤਨਾਅ ਮੁਕਤ ਕਰਨ ਅਤੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਸ਼ੁਰੂ ਕੀਤੀ ਗਈ ਸੀ ਐਮ ਦੀ ਯੋਗਸ਼ਾਲਾ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ। ਲੋਕ ਇਸ ਯੋਗਸ਼ਾਲਾ ਵਿੱਚ ਹਿੱਸਾ ਲੈ ਕੇ ਆਪਣੀ ਸਿਹਤ ਨੂੰ ਯੋਗ ਆਸਣਾਂ ਰਾਹੀਂ ਪੁਰਾਣੀਆਂ ਬਿਮਾਰੀਆਂ ਤੋਂ ਨਿਜਾਤ ਪਾ ਰਹੇ ਹਨ।  ਮੋਹਾਲੀ ਸ਼ਹਿਰ ਵਿੱਚ  ਵੱਖ-ਵੱਖ ਥਾਵਾਂ ਤੇ ਸੀ.ਐਮ ਦੀ ਯੋਗਸ਼ਾਲਾ ਦੇ ਅਧੀਨ ਲਾਏ ਜਾ ਰਹੇ ਯੋਗਾ ਸੈਸ਼ਨ ਲੋਕਾਂ ਦੀ ਸਿਹਤਮੰਦ ਹੋਣ ਵਿੱਚ ਵੱਡੀ ਮਦਦ ਕਰ ਰਹੇ ਹਨ।
       ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੋਡਲ ਅਫ਼ਸਰ ਸੀ.ਐਮ.ਡੀ.ਵਾਈ (ਸੀ.ਐਮ. ਦੀ ਯੋਗਸ਼ਾਲਾ), ਟੀ ਬੈਨੀਥ, ਕਮਿਸ਼ਨਰ, ਨਗਰ ਨਿਗਮ, ਮੋਹਾਲੀ ਨੇ ਦੱਸਿਆ ਕਿ ਸ਼ਹਿਰ ਦੇ ਹਰੇਕ ਹਿੱਸੇ ਨੂੰ ਕਵਰ ਕਰਨ ਲਈ ਲਗਾਤਾਰ ਯੋਗਾ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਫੇਜ਼ 3ਬੀ1, ਫੇਜ਼ 3ਬੀ2, ਫੇਜ਼-2 ਅਤੇ ਫੇਜ਼ 5 ਦੇ ਸਥਾਨਾਂ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਇੱਥੇ ਯੋਗਾ ਟ੍ਰੇਨਰ ਸ਼ੁਭਾਂਗੀ ਸਵੇਰੇ 5.30 ਵਜੇ ਤੋਂ ਸ਼ਾਮ 6:15 ਵਜੇ ਤੱਕ ਰੋਜ਼ਾਨਾ 4 ਕਲਾਸਾਂ ਲਗਾ ਰਹੇ ਹਨ।
      ਉਨ੍ਹਾਂ ਕਿਹਾ ਕਿ  ਇਹ ਯੋਗਾ ਸੈਸ਼ਨ ਆਮ ਲੋਕਾਂ ਲਈ ਬਹੁਤ ਹੀ ਲਾਭਦਾਇਕ ਸਿੱਧ ਹੋ ਰਹੇ ਹਨ ਲੋਕ ਆਪਣੀਆਂ ਪੁਰਾਣੀਆਂ ਬਿਮਾਰੀਆਂ ਜਿਵੇਂ ਕਿ ਸ਼ੂਗਰ, ਡਿਪਰੈਸ਼ਨ, ਸਰਵਾਈਕਲ, ਜੋੜਾਂ ਦੇ ਦਰਦ ਅਤੇ ਹਾਈ ਬੀਪੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਰਹੇ ਹਨ। ਜਿੰਨ੍ਹਾਂ ਲੋਕਾਂ ਵੱਲੋਂ ਲਗਾਤਾਰ ਯੋਗਾ ਕਲਾਸਾਂ ਲਾਈਆ ਜਾ ਰਹੀਆਂ ਹਨ, ਨੇ ਦੱਸਿਆ ਕਿ ਯੋਗ ਆਸਣਾ ਰਾਹੀਂ ਉਨ੍ਹਾਂ ਦੇ ਜੀਵਨ ਵਿੱਚ ਬਹੁਤ ਤਬਦੀਲੀ ਆਈ ਹੈ। ਉਹ ਆਪਣੇ ਆਪ ਨੂੰ ਤਨਾਅ ਮੁਕਤ ਮਹਿਸੂਸ ਕਰਦੇ ਹਨ  ਅਤੇ ਯੋਗਾ ਕਰਨ ਨਾਲ ਸਾਰਾ ਦਿਨ ਸਰੀਰ ਵੀ ਤਰੋ-ਤਾਜ਼ਾ ਬਣਿਆ ਰਹਿੰਦਾ ਹੈ।
       ਯੋਗਾ ਟ੍ਰੇਨਰ ਸ਼ੁਭਾਂਗੀ ਨੇ ਦੱਸਿਆ ਕਿ ਕਿ ਉਹ ਆਪਣੀ ਪਹਿਲੀ ਕਲਾਸ ਫੇਜ਼-5 (ਪਾਰਕ ਨੰ. 47) ਵਿਖੇ ਸਵੇਰੇ 5.30 ਵਜੇ ਤੋਂ ਸਵੇਰੇ 6.30 ਵਜੇ ਤੱਕ ਸ਼ੁਰੂ ਕਰਦੀ ਹੈ। ਦੂਜੀ ਕਲਾਸ ਰੋਜ਼ ਗਾਰਡਨ ਪਾਰਕ ਨੰ: 3ਬੀ1 ਵਿਖੇ ਸਵੇਰੇ 6.40 ਤੋਂ ਸਵੇਰੇ 7.40 ਵਜੇ ਤੱਕ ਸ਼ੁਰੂ ਕਰਦੀ ਹੈ। ਤੀਜੀ ਕਲਾਸ ਫੇਜ਼ 2 ਦੇ (ਪਾਰਕ ਨੰਬਰ 13) ਵਿੱਚ ਸਵੇਰੇ 8.00 ਤੋਂ 9.00 ਵਜੇ ਤੱਕ ਹੁੰਦੀ ਹੈ। ਜਦ ਕਿ ਫੇਜ਼ -3ਬੀ2 ਹਨੂੰਮਾਨ ਮੰਦਿਰ (ਪਾਰਕ ਨੰ. 33,) ਵਿਖੇ ਸ਼ਾਮ 5.15 ਤੋਂ 6.15 ਵਜੇ ਤੱਕ ਯੋਗਾ ਕਲਾਸ ਲਾਈ ਜਾਂਦੀ ਹੈ।
     ਵੱਖ-ਵੱਖ ਯੋਗਾ ਕਲਾਸਾਂ ਦੇ ਭਾਗੀਦਾਰਾਂ ਨੇ ਯੋਗਾ ਕਲਾਸਾਂ ਦੇ ਵਧੀਆ ਪ੍ਰਭਾਵਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਸੀਐਮ ਦੀ ਯੋਗਸ਼ਾਲਾ ਪ੍ਰੋਗਰਾਮ ਤਹਿਤ ਕਰਵਾਏ ਜਾ ਰਹੇ ਯੋਗ ਆਸਣਾਂ ਨੇ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਕਰਕੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ।
      ਜ਼ਿਲ੍ਹਾ ਸੁਪਰਵਾਈਜ਼ਰ, ਸੀ ਐਮ ਦੀ ਯੋਗਸ਼ਾਲਾ, ਪ੍ਰਤਿਮਾ ਡਾਵਰ ਨੇ ਕਿਹਾ ਕਿ ਸੀ ਐਮ ਡੀ ਵਾਈ ਅਧੀਨ ਲਈਆਂ ਜਾਣ ਵਾਲੀਆਂ ਕਲਾਸਾਂ ਦੀ ਕੋਈ ਫੀਸ ਨਹੀਂ ਹੈ। ਨਵੇਂ ਦਾਖ਼ਲਿਆਂ ਨੂੰ ਸਿਰਫ਼ ਸੀ ਐਮ ਦੀ ਯੋਗਸ਼ਾਲਾ ਪੋਰਟਲ ‘ਤੇ ਰਜਿਸਟਰ ਕਰਨਾ ਹੋਵੇਗਾ ਅਤੇ ਆਪਣੇ ਨੇੜਲੇ ਖੇਤਰ ਵਿੱਚ ਕਲਾਸ ਵਿੱਚ ਸ਼ਾਮਲ ਹੋਣਾ ਪਵੇਗਾ। ਇਸ ਤੋਂ ਇਲਾਵਾ ਸੀ ਐਮ ਦੀ ਯੋਗਸ਼ਾਲਾ ਲਈ ਵਟਸਐਪ ਨੰ (7669400500) ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

[wpadcenter_ad id='4448' align='none']