ਚੰਡੀਗੜ੍ਹ, 31 ਜੁਲਾਈ, 2024:
ਪੰਜਾਬ ਵਿਜੀਲੈਂਸ ਬਿਊਰੋ ਨੇ ਮੁੱਢਲੇ ਸਿਹਤ ਕੇਂਦਰ (ਪੀ.ਐਚ.ਸੀ.), ਢਿੱਲਵਾਂ, ਜ਼ਿਲ੍ਹਾ ਕਪੂਰਥਲਾ ਵਿੱਚ ਤਾਇਨਾਤ ਕਰਮਚਾਰੀਆਂ ਦੀਆਂ ਤਨਖ਼ਾਹਾਂ ਦੀ ਵੰਡ ਵਿੱਚ ਹੋਏ ਘਪਲੇ ਦੀ ਜਾਂਚ ਉਪਰੰਤ ਮੁਲਜ਼ਮ ਐਸ.ਐਮ.ਓ. ਡਾ. ਲਖਵਿੰਦਰ ਸਿੰਘ ਚਾਹਲ (ਸੇਵਾਮੁਕਤ) ਅਤੇ ਪੀ.ਐਚ.ਸੀ., ਢਿੱਲਵਾਂ ਵਿਖੇ ਤਾਇਨਾਤ ਸੀਨੀਅਰ ਸਹਾਇਕ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਸ ਮੁਕੱਦਮੇ ਦਾ ਇੱਕ ਮੁਲਜ਼ਮ ਕਲਰਕ ਰਾਜਵਿੰਦਰ ਸਿੰਘ ਪਹਿਲਾਂ ਵੀ ਸਬ-ਡਵੀਜ਼ਨਲ ਹਸਪਤਾਲ, ਬਾਬਾ ਬਕਾਲਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਤਨਖ਼ਾਹਾਂ ‘ਚ ਧੋਖਾਧੜੀ ਕਰਨ ਦੇ ਇੱਕ ਕੇਸ ਵਿੱਚ ਸ਼ਾਮਲ ਸੀ। ਇਸ ਸਬੰਧੀ ਉਸ ਵਿਰੁੱਧ ਸਾਲ 2013 ਵਿੱਚ ਵਿਜੀਲੈਂਸ ਬਿਊਰੋ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਕੇਸ ਵੀ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਉਪਰੰਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਨੇ 2016 ਵਿੱਚ ਇਸ ਮੁਲਜ਼ਮ ਕਲਰਕ ਦਾ ਤਬਾਦਲਾ ਪੀ.ਐਚ.ਸੀ. ਢਿੱਲਵਾਂ ਵਿਖੇ ਕਰ ਦਿੱਤਾ ਸੀ। ਢਿੱਲਵਾਂ ਦੇ ਐਸ.ਐਮ.ਓ. ਡਾ. ਲਖਵਿੰਦਰ ਸਿੰਘ ਚਹਿਲ ਨੇ ਉਕਤ ਮੁਲਜ਼ਮ ਵਿਰੁੱਧ ਤਨਖ਼ਾਹਾਂ ਵਿੱਚ ਧੋਖਾਧੜੀ ਕਰਨ ਸਬੰਧੀ ਮੁਕੱਦਮਾ ਦਰਜ ਹੋਣ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਇਸ ਮੁਲਜ਼ਮ ਕਲਰਕ ਨੂੰ ਤਨਖ਼ਾਹਾਂ ਦਾ ਹਿਸਾਬ ਰੱਖਣ ਲਈ ਆਪਣੇ ਜ਼ੁਬਾਨੀ ਹੁਕਮਾਂ ‘ਤੇ ਇੱਕ ਹੋਰ ਕਰਮਚਾਰੀ ਬਿੱਲ ਕਲਰਕ ਰਣਜੀਤ ਸਿੰਘ ਨਾਲ ਸਹਾਇਕ ਵਜੋਂ ਤਾਇਨਾਤ ਕੀਤਾ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਮੁਲਜ਼ਮ ਕਲਰਕ ਰਾਜਵਿੰਦਰ ਸਿੰਘ ਦੇ ਵੱਖ-ਵੱਖ ਬੈਂਕਾਂ ਤੋਂ ਪ੍ਰਾਪਤ ਕੀਤੀਆਂ ਬੈਂਕ ਸਟੇਟਮੈਂਟਾਂ ਤੋਂ ਸਾਬਤ ਹੋਇਆ ਹੈ ਕਿ ਇਸ ਮੁਲਜ਼ਮ ਨੇ ਲੰਬੀ ਛੁੱਟੀ ’ਤੇ ਚੱਲ ਰਹੇ ਮੁਲਾਜ਼ਮਾਂ ਦੀਆਂ ਜਾਅਲੀ ਤਨਖ਼ਾਹਾਂ ਅਤੇ ਮਹਿੰਗਾਈ ਭੱਤੇ ਦੇ ਬਿੱਲ ਤਿਆਰ ਕੀਤੇ ਸਨ ਅਤੇ ਜਿਨ੍ਹਾਂ ’ਤੇ ਉਕਤ ਮੁਲਜ਼ਮ ਰਣਜੀਤ ਸਿੰਘ ਵੱਲੋਂ ਕਾਊਂਟਰ ਸਾਈਨ ਕੀਤੇ ਹੋਏ ਸਨ ਅਤੇ ਐਸ.ਐਮ.ਓ. ਡਾ. ਚਾਹਲ ਵੱਲੋਂ ਪ੍ਰਵਾਨਗੀ ਦਿੱਤੀ ਗਈ। ਕਲਰਕ ਰਾਜਵਿੰਦਰ ਸਿੰਘ ਨੇ ਖਜ਼ਾਨਾ ਦਫ਼ਤਰ ਭੁਲੱਥ ਤੋਂ ਇਹ ਜਾਅਲੀ ਬਿੱਲ ਪਾਸ ਕਰਵਾ ਕੇ ਆਪਣੇ ਨਿੱਜੀ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਕੇ ਕੁੱਲ 14,46,550 ਰੁਪਏ ਗਬਨ ਕੀਤਾ ਸੀ।
ਇਸ ਸਬੰਧੀ ਵਿਜੀਲੈਂਸ ਬਿਊਰੋ ਥਾਣਾ, ਜਲੰਧਰ ਰੇਂਜ ਵਿਖੇ ਵਿਖੇ ਉਕਤ ਤਿੰਨੋਂ ਮੁਲਜ਼ਮਾਂ ਡਾ. ਚਾਹਲ, ਰਣਜੀਤ ਸਿੰਘ ਅਤੇ ਰਾਜਵਿੰਦਰ ਸਿੰਘ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 409, 467, 468, 471, 201, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ 13 (1)ਏ ਅਤੇ 13 (2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਡਾ. ਚਾਹਲ ਅਤੇ ਰਣਜੀਤ ਸਿੰਘ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਦੋਵਾਂ ਮੁਲਜ਼ਮਾਂ ਨੂੰ ਨਿਆਂਇਕ ਰਿਮਾਂਡ ‘ਤੇ ਜੇਲ ਭੇਜ ਦਿੱਤਾ ਗਿਆ ਹੈ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਸੀ।