ਐਸ.ਏ.ਐਸ.ਨਗਰ, 20 ਅਗਸਤ, 2024:
ਜ਼ਿਲ੍ਹਾ ਪੱਧਰੀ ਆਧਾਰ ਨਿਗਰਾਨ ਕਮੇਟੀ ਦੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਦੀਪਾਂਕਰ ਗਰਗ, ਪੀ.ਸੀ.ਐਸ, ਐਸ.ਡੀ.ਐਮ, ਐਸ.ਏ.ਐਸ.ਨਗਰ ਦੀ ਪ੍ਰਧਾਨਗੀ ਹੇਠ ਹੋਈ।
ਮਧੁਰ ਬਾਂਸਲ, ਪ੍ਰੋਜੈਕਟ ਮੈਨੇਜਰ ਯੂ ਆਈ ਡੀ ਏ ਆਈ, ਖੇਤਰੀ ਦਫਤਰ, ਚੰਡੀਗੜ੍ਹ ਨੇ ਆਧਾਰ ਨਾਮਾਂਕਣ ਦੀ ਸਥਿਤੀ ਦੀ ਸਮੀਖਿਆ ਕਰਨ ਅਤੇ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਆਧਾਰ ਪ੍ਰਮਾਣਿਕਤਾ ਅਤੇ ਆਧਾਰ ਔਫਲਾਈਨ ਵੈਰੀਫਿਕੇਸ਼ਨ ਸਮੇਤ ਆਧਾਰ ਵੈਰੀਫਿਕੇਸ਼ਨ ਲਈ ਕਿਊ ਆਰ (QR) ਕੋਡ ਦੀ ਵਰਤੋਂ ਬਾਰੇ ਚਰਚਾ ਕੀਤੀ।
ਐਸ.ਡੀ.ਐਮ ਦੀਪਾਂਕਰ ਗਰਗ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਹਸਪਤਾਲਾਂ ਅਤੇ ਟੀਕਾਕਰਨ ਕੇਂਦਰਾਂ ਵਿੱਚ ਨਵਜੰਮੇ ਬੱਚਿਆਂ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਦਾਖਲੇ ਲਈ ਆਧਾਰ ਕੈਂਪ ਲਗਾਏ ਜਾਣ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਸਹੀ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਆਧਾਰ ਐਨਰੋਲਮੈਂਟ ਸੈਂਟਰਾਂ ਦੀ ਨਿਯਮਤ ਤੌਰ ‘ਤੇ ਜਾਂਚ ਕਰਨ। ਉਨ੍ਹਾਂ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ 5 ਸਾਲ ਅਤੇ 15 ਸਾਲ ਦੀ ਉਮਰ ਪੂਰੀ ਹੋਣ ‘ਤੇ ਲਾਜ਼ਮੀ ਬਾਇਓ-ਮੀਟ੍ਰਿਕ ਅਪਡੇਟ (ਐੱਮ.ਬੀ.ਯੂ.) ਕਰਵਾਉਣ। ਇਹ ਸਹੂਲਤ 5-7 ਸਾਲ ਅਤੇ 15-17 ਸਾਲ ਦੇ ਬੱਚਿਆਂ ਲਈ ਮੁਫ਼ਤ ਹੈ। ਉਨ੍ਹਾਂ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਇਸ ਮੰਤਵ ਲਈ ਸਕੂਲਾਂ ਵਿੱਚ ਕਿੱਟਾਂ ਦੀ ਆਵਾਜਾਈ ਲਈ ਰੋਸਟਰ ਤਿਆਰ ਕੀਤਾ ਜਾਵੇ।
ਪ੍ਰੋਜੈਕਟ ਮੈਨੇਜਰ ਯੂ ਆਈ ਡੀ ਏ ਆਈ, ਮਧੁਰ ਬਾਂਸਲ ਨੇ ਅਪੀਲ ਕੀਤੀ ਕਿ ਉਹ ਵੱਖ-ਵੱਖ ਸਰਕਾਰੀ ਸਹੂਲਤਾਂ ਦਾ ਨਿਰਵਿਘਨ ਲਾਭ ਉਠਾਉਣ ਲਈ ਆਪਣੇ ਮੋਬਾਈਲ ਨੰਬਰ ਅਤੇ ਦਸਤਾਵੇਜ਼ਾਂ ਨੂੰ ਆਧਾਰ ਨਾਲ ਅਪਡੇਟ ਕਰਨ। ਉਨ੍ਹਾਂ ਦੱਸਿਆ ਕਿ 14 ਸਤੰਬਰ, 2024 ਤੱਕ ਦਸਤਾਵੇਜ਼ ਅੱਪਡੇਟ ਦੀ ਸਹੂਲਤ ਮੁਫ਼ਤ ਹੈ।