ਡਿਪਟੀ ਕਮਿਸ਼ਨਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਠਾਈਆਂ ਤੇ ਬੇਕਰੀ ਸਮਾਨ ਚ ਭੋਜਨ ਸੁਰੱਖਿਆ ਮਿਆਰਾਂ ਦੀ ਪਾਲਣਾ ਦੀ ਸਮੀਖਿਆ

ਐਸ.ਏ.ਐਸ.ਨਗਰ, 28 ਅਕਤੂਬਰ, 2024:
ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਠਾਈਆਂ

ਵਿਚ ਮਿਲਾਵਟਖੋਰੀ ‘ਤੇ ਨਜ਼ਰ ਰੱਖਣ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ ਵੱਲੋਂ ਨਿਰਧਾਰਤ ਮਿਆਰਾਂ ਦੀ ਮਿਠਾਈ/ਬੇਕਰੀ ਦਾ ਸਮਾਨ ਬਣਾਉਣ ਵਿੱਚ ਪਾਲਣਾ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਆਪਣੇ ਦਫ਼ਤਰ ਵਿਖੇ ਫੂਡ ਸੇਫਟੀ ਵਿੰਗ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
        ਡਿਪਟੀ ਕਮਿਸ਼ਨਰ ਜੈਨ ਨੇ ਸਿਵਲ ਸਰਜਨ ਡਾ. ਰੇਨੂੰ ਸਿੰਘ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅੰਮ੍ਰਿਤ ਵੜਿੰਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਕਿਸਮ ਦੇ ਮਿਲਾਵਟੀ ਜਾਂ ਨਕਲੀ ਜਾਂ ਸਿੰਥੈਟਿਕ ਉਤਪਾਦਾਂ ‘ਤੇ ਨਜ਼ਰ ਰੱਖ ਕੇ ਬਜ਼ਾਰ ਵਿੱਚ ਮਠਿਆਈਆਂ/ਬੇਕਰੀ ਦੇ ਸਮਾਨ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣ।
      ਸਿਵਲ ਸਰਜਨ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਨੇ ਡਿਪਟੀ ਕਮਿਸ਼ਨਰ ਨੂੰ ਪਿਛਲੇ ਸਮੇਂ ਦੌਰਾਨ ਖੁਰਾਕੀ ਪਦਾਰਥਾਂ ਵਿੱਚ ਮਿਲਾਵਟਖੋਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਸਿਹਤ ਵਿਭਾਗ ਅਤੇ ਫ਼ੂਡ ਤੇ ਡਰੱਗ ਪ੍ਰਸ਼ਾਸਨ ਦੇ ਅਧਿਕਾਰੀ ਤਿਉਹਾਰ ਦੇ ਸੀਜ਼ਨ ਦੌਰਾਨ ਮਿਲਾਵਟਖੋਰੀ ਨੂੰ ਸਖ਼ਤੀ ਨਾਲ ਰੋਕਣ ਲਈ ਪਹਿਲਾਂ ਹੀ ਫੀਲਡ ਵਿੱਚ ਕੰਮ ਕਰ ਰਹੇ ਹਨ।
     ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਮਠਿਆਈਆਂ ਅਤੇ ਬੇਕਰੀ ਵਸਤਾਂ ਦੀ ਗੁਣਵੱਤਾ ਨੂੰ ਫੂਡ ਸੇਫਟੀ ਤੇ ਸਟੈਂਡਰਡਜ਼ ਐਕਟ ਦੁਆਰਾ ਨਿਰਧਾਰਤ ਮਾਪਦੰਡਾਂ ਅਤੇ ਸ਼ਰਤਾਂ ਜਿਵੇਂ ਕਿ ਨਿਰਮਾਣ ਮਿਤੀ, ਮਿਆਦ ਪੁੱਗਣ ਦੀ ਮਿਤੀ, ਵਰਤੀ ਗਈ ਸਮੱਗਰੀ ਆਦਿ ਦੇ ਅਨੁਸਾਰ ਯਕੀਨੀ ਬਣਾਉਣ ਲਈ ਕਿਹਾ।
       ਉਨ੍ਹਾਂ ਕਿਹਾ ਕਿ ਫੂਡ ਕਲਰ ਅਤੇ ਸਿਲਵਰ ਫੋਇਲ (ਚਾਂਦੀ ਦੇ ਵਰਕ) ਦੀ ਵਰਤੋਂ ਦੀ ਧਿਆਨ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਖਾਣ-ਪੀਣ ਦੀਆਂ ਵਸਤੂਆਂ ਵਿੱਚ ਨਕਲੀ ਰੰਗ ਜਾਂ ਸਿੰਥੈਟਿਕ ਵਸਤੂਆਂ ਦੀ ਵਰਤੋਂ ਨਾ ਕੀਤੀ ਜਾਵੇ।
      ਡਿਪਟੀ ਕਮਿਸ਼ਨਰ ਨੇ ਮਿਠਾਈ ਅਤੇ ਬੇਕਰੀ ਨਿਰਮਾਤਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਪੈਕਿੰਗ ਵਿੱਚ ਲੋੜੀਂਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਪੈਕੇਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਗੁੰਮਰਾਹਕੁੰਨ ਜਾਂ ਗਲਤ ਜਾਣਕਾਰੀ ਨਾ ਹੋਵੇ।
      ਉਨ੍ਹਾਂ ਨੇ ਕਿਹਾ ਕਿ ਫੂਡ ਸੇਫਟੀ ਸਟੈਂਡਰਡਜ਼ ਅਥਾਰਟੀ ਆਫ ਇੰਡੀਆ ਦੇ ਨਿਯਮਾਂ ਅਨੁਸਾਰ, ਨਿਰਮਾਤਾ ਨੂੰ ਵਰਕਸ਼ਾਪਾਂ/ਰਸੋਈਆਂ ਵਿੱਚ ਉਚਿਤ ਸਫਾਈ ਅਤੇ ਖਾਣ-ਪੀਣ ਦੀਆਂ ਚੀਜ਼ਾਂ ਤਿਆਰ ਕਰਨ ਵਾਲੇ ਕਰਮਚਾਰੀਆਂ ਦੀ ਸਫਾਈ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਸੁਰੱਖਿਅਤ ਅਤੇ ਸਿਹਤਮੰਦ ਤਿਉਹਾਰ ਨੂੰ ਯਕੀਨੀ ਬਣਾਉਣ ਲਈ ਮਿਠਾਈ/ਬੇਕਰੀ ਵਸਤ ਨੂੰ ਖਰੀਦਣ ਤੋਂ ਪਹਿਲਾਂ ਪੈਕੇਜ ਬਾਕਸ ਉੱਤੇ ਉਤਪਾਦ ਬਾਰੇ ਸਾਰੇ ਵੇਰਵਿਆਂ ਦੀ ਜਾਂਚ ਕੀਤੀ ਜਾਵੇ।
      ਡਾ. ਅੰਮ੍ਰਿਤ ਵੜਿੰਗ ਨੇ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਬਤੌਰ ਜ਼ਿਲ੍ਹਾ ਸਿਹਤ ਅਫ਼ਸਰ ਅੱਜ ਹੀ ਅਹੁਦਾ ਸੰਭਲਿਆ ਹੈ ਅਤੇ ਉਹ ਜ਼ਿਲ੍ਹੇ ਵਿੱਚ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰਾਂ ਦਾ ਖਿਲਵਾੜ ਨਹੀਂ ਹੋਣ ਦੇਣਗੇ।
      ਇਸ ਦੌਰਾਨ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅੰਮ੍ਰਿਤ ਵੜਿੰਗ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਨੇ ਕਈ ਮਿਠਾਈ ਨਿਰਮਾਤਾਵਾਂ ਦੀਆਂ ਵਰਕਸ਼ਾਪਾਂ/ਰਸੋਈਆਂ ਦੀ ਚੈਕਿੰਗ ਕੀਤੀ ਤਾਂ ਜੋ ਉਨ੍ਹਾਂ ਨੂੰ ਨਕਲੀ/ਸਿੰਥੈਟਿਕ ਖੋਆ ਅਤੇ ਪਨੀਰ ਤੋਂ ਸਾਵਧਾਨ ਕਰਨ ਤੋਂ ਇਲਾਵਾ ਸਾਫ਼-ਸਫ਼ਾਈ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਖਾਣ-ਪੀਣ ਵਾਲੀਆਂ ਵਸਤਾਂ ਦੀ ਸ਼ੁੱਧਤਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਐਫ ਐਸ ਐਸ ਏ ਆਈ ਦੁਆਰਾ ਨਿਰਧਾਰਤ ਸਾਰੇ ਮਿਆਰਾਂ ਨੂੰ ਪੂਰਾ ਕਰਨ ਲਈ ਨਿਰਮਾਣ ‘ਤੇ ਨਜ਼ਰ ਰੱਖਣਾ ਹੈ। ਇਸ ਦੌਰਾਨ ਕਈਆਂ ਦੇ ਚਲਾਣ ਵੀ ਕੀਤੇ ਗਏ।

[wpadcenter_ad id='4448' align='none']