ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ


ਲੁਧਿਆਣਾ, 21 ਫਰਵਰੀ (000) – ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜ਼ਿਲ੍ਹੇ ਵਿੱਚ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ) ਵੱਲੋਂ ਸ਼ੁਰੂ ਕੀਤੇ ਗਏ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕ ਨਿਰਮਾਣ ਵਿਭਾਗ ਵੱਲੋਂ ਪ੍ਰੋਜੈਕਟਾਂ ਦੀ ਭੌਤਿਕ ਅਤੇ ਵਿੱਤੀ ਸਥਿਤੀ ਦਾ ਵਿਆਪਕ ਜਾਇਜ਼ਾ ਲਿਆ। ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਮੌਜੂਦਾ ਸਥਿਤੀ, ਮਾਛੀਵਾੜਾ-ਰਾਹੋਂ ਸੜਕ, ਲਾਇਬ੍ਰੇਰੀਆਂ ਦੀ ਉਸਾਰੀ, ਸਰਕਾਰੀ ਕਾਲਜ ਵਿੱਚ ਆਡੀਟੋਰੀਅਮ, ਆਰ.ਓ.ਬੀ., ਹੋਰ ਪ੍ਰੋਜੈਕਟਾਂ ਦੀ ਜ਼ਮੀਨ ਐਕਵਾਇਰ ਆਦਿ ਸਮੇਤ ਵੱਖ-ਵੱਖ ਚੱਲ ਰਹੇ ਪ੍ਰੋਜੈਕਟਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।

ਡਿਪਟੀ ਕਮਿਸ਼ਨਰ ਸਾਹਨੀ ਵੱਲੋਂ ਕਾਰਜਕਾਰੀ ਇੰਜਨੀਅਰਾਂ (ਐਕਸ.ਈ.ਐਨ.) ਨੂੰ ਕਿਹਾ ਗਿਆ ਕਿ ਉਹ ਸਾਰੇ ਚੱਲ ਰਹੇ ਕੰਮਾਂ ਦੀ ਰਫਤਾਰ ਵਿੱਚ ਤੇਜ਼ੀ ਲਿਆਉਣ ਤਾਂ ਜੋ ਸਮਾਂਬੱਧ ਢੰਗ ਨਾਲ ਸਾਰੇ ਪ੍ਰੋਜੈਕਟ ਮੁਕੰਮਲ ਹੋਣ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਚੱਲ ਰਹੇ ਕਾਰਜ਼ਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁੱਖਤਾ ਪ੍ਰਬੰਧ ਵੀ ਕੀਤੇ ਜਾਣ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਹ ਵੀ ਕਿਹਾ ਕਿ ਜਾਰੀ ਵਿਕਾਸ ਕਾਰਜ਼ਾਂ ਦੌਰਾਨ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਹੋਣਾ ਚਾਹੀਦਾ ਹੈ। ਉਨ੍ਹਾਂ ਭਾਗੀਦਾਰਾਂ ਨੂੰ ਪ੍ਰੋਜੈਕਟਾਂ ਦਾ ਸੰਯੁਕਤ ਨਿਰੀਖਣ ਕਰਨ ਲਈ ਕਿਹਾ ਤਾਂ ਜੋ ਕੰਮ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਮੌਕੇ ‘ਤੇ ਫੈਸਲੇ ਲਏ ਜਾ ਸਕਣ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਓਜਸਵੀ ਅਲੰਕਾਰ, ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ ਅਤੇ ਹੋਰ ਪ੍ਰਮੁੱਖ ਅਧਿਕਾਰੀ ਹਾਜ਼ਰ ਸਨ।

[wpadcenter_ad id='4448' align='none']