ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਅਪਰੈਲ: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਮੁੱਖ ਚੋਣ ਅਫ਼ਸਰ ਪੰਜਾਬ, ਸਿਬਿਨ ਸੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਵੀਪ ਕਮੇਟੀ ਵੱਲੋਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ 80 ਫ਼ੀਸਦੀ ਤੋਂ ਵਧੇਰੇ ਮਤਦਾਨ ਅਤੇ ਸਾਰਥਕ ਵੋਟ ਭੁਗਤਾਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਨੌਜਵਾਨ ਤੇ ਪਹਿਲੀ ਵਾਰ ਬਣੇ ਵੋਟਰਾਂ ਨੂੰ ਆਈ ਪੀ ਐਲ ਮੈਚ ਦਿਖਾਉਣ ਉਪਰੰਤ ਮਹਿਲਾ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਮੈਰਾਥਨ ਕਰਵਾਉਣ ਤੋਂ ਬਾਅਦ, ਹੁਣ ਬੈਂਕ ਸੇਵਾਵਾਂ ਲੈਣ ਵਾਲੇ ਗ੍ਰਾਹਕਾਂ ਨੂੰ ਵੋਟ ਪਾਉਣ ਦਾ ਸੁਨੇਹਾ ਦੇਣ ਲਈ ਜ਼ਿਲ੍ਹਾ ਸਵੀਪ ਟੀਮ, ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ ਕੇ ਭਾਰਦਵਾਜ ਦੇ ਸਹਿਯੋਗ ਨਾਲ ਵੋਟਰ ਜਾਗਰੂਕਤਾ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਤੁਰ ਪਈ ਹੈ। ਉਨ੍ਹਾਂ ਦੱਸਿਆ ਕਿ ਅੱਜ ਇਸ ਮੁਹਿੰਮ ਦੀ ਸ਼ੁਰੂਆਤ ਪੰਜਾਬ ਨੈਸ਼ਨਲ ਬੈਂਕ, ਫ਼ੇਸ 3 ਬੀ 2 ਮੁਹਾਲੀ ਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਹਰ ਇੱਕ ਬੈਂਕ ਅਤੇ ਏ ਟੀ ਐਮ ਉਪਰ ‘ਪੰਜਾਬ ਕਰੇਗਾ ਵੋਟ 1 ਜੂਨ 2024’ ਅਤੇ ਵੱਖ-ਵੱਖ ਮੋਬਾਈਲ ਐਪਸ ਸਬੰਧੀ ਪੋਸਟਰ ਲਗਾਕੇ ਲੋਕਤੰਤਰ ਦੀ ਮਜ਼ਬੂਤੀ ਲਈ ਸੁਨੇਹਾ ਦਿੱਤਾ ਜਾਵੇਗਾ। ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ ਕੇ ਭਾਰਦਵਾਜ ਨੇ ਕਿਹਾ ਕਿ ਜ਼ਿਲ੍ਹੇ ਵਿਚ 450 ਦੇ ਕਰੀਬ ਏ ਟੀ ਐਮਜ਼ ਉਪਰ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੱਤਾ ਜਾਵੇਗਾ। ਅੱਜ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਸੰਜੀਵ ਦਿਉੜਾ ਦੀ ਅਗਵਾਈ ਵਿਚ ਸਮੂਹ ਸਟਾਫ ਨੂੰ ਅਤੇ ਬੈਂਕ ਸੇਵਾਵਾਂ ਲੈਣ ਆਏ ਮੁਹਾਲੀ ਵਾਸੀਆਂ ਨੂੰ ਵੋਟ ਪਾਉਣ ਦਾ ਪ੍ਰਣ ਦਿਵਾਇਆ ਗਿਆ। ਇਸ ਮੌਕੇ ਬੈਂਕ ਦੀ ਡਿਪਟੀ ਮੈਨੇਜਰ ਪ੍ਰਗਤੀ, ਜੋ ਕਿ ਪਹਿਲੀ ਵਾਰ ਵੋਟ ਪਾਉਣਗੇ, ਨੇ ਸਮੂਹ ਨੌਜੁਆਨਾਂ ਨੂੰ ‘ਮੇਰਾ ਪਹਿਲਾ ਵੋਟ ਦੇਸ਼ ਦੇ ਨਾਮ’ ਦਾ ਸੁਨੇਹਾ ਦਿੱਤਾ। ਇਸ ਮੌਕੇ ਬੈਂਕਿੰਗ ਸੇਵਾਵਾਂ ਲੈਣ ਵਾਲੇ ਵੋਟਰਾਂ ਨੂੰ ਵੋਟ ਦੇ ਸੁਨੇਹੇ ਵਾਲੇ ਚਾਬੀਆਂ ਦੇ ਛੱਲੇ ਅਤੇ ਟੋਪੀਆਂ ਵੀ ਵੰਡੀਆਂ ਗਈਆਂ। ਇਸ ਮੁਹਿੰਮ ਦੌਰਾਨ ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਗਮਾਡਾ ਦੇ ਸੁਪਰਡੰਟ ਗੁਰਇਕਬਾਲ ਸਿੰਘ ਵੀ ਮੌਜੂਦ ਸਨ।
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬੈਂਕ ਦੇਣਗੇ ਵੋਟਰ ਜਾਗਰੂਕਤਾ ਦਾ ਸੁਨੇਹਾ
Date: