ਪਿੰਡ ਲੁੱਧੜ ਦੀ ਅਧੂਰੀ ਪਈ ਇਮਾਰਤ ਨੂੰ ਐਸ ਡੀ ਐਮ ਨੇ ਬਣਾ ਦਿੱਤਾ ‘ਗਿਆਨ ਦਾ ਸੋਮਾ’

ਅੰਮ੍ਰਿਤਸਰ, 13 ਦਸੰਬਰ

ਮਜੀਠਾ ਤਹਿਸੀਲ ਦੇ ਪਿੰਡ ਲੁੱਧੜ ਵਿਚ ਅਧੂਰੀ ਪਈ ਇਮਾਰਤ, ਜੋ ਕਿ ਕਿਸੇ ਵੇਲੇ ਧਰਮਸ਼ਾਲਾ ਲਈ ਉਸਾਰੀ ਗਈ ਸੀ, ਪਰ ਕਦੇ ਵੀ ਬਣਕੇ ਤਿਆਰ ਨਾ ਹੋ ਸਕੀ, ਨੂੰ ਮਜੀਠਾ ਦੇ ਐਸ ਡੀ ਐਮ ਡਾ. ਹਰਨੂਰ ਕੌਰ ਢਿਲੋਂ ਨੇ ਲਾਇਬਰੇਰੀ ਲਈ ਬਦਲਕੇ ਇਲਾਕੇ ਦੇ ਲੋਕਾਂ ਨੂੰ ਨਵੇਂ ਸਾਲ ਤੋਂ ਪਹਿਲਾਂ ਤੋਹਫ਼ਾ ਦਿੱਤਾ ਹੈ। ਇਹ ਇਮਾਰਤ ਜੋ ਕਿ ਕਈ ਸਾਲ ਪਹਿਲਾਂ ਪਿੰਡ ਵਾਸੀਆਂ ਵੱਲੋਂ ਧਰਮਸ਼ਾਲਾ ਲਈ ਬਨਾਉਣੀ ਸ਼ੁਰੂ ਕੀਤੀ ਗਈ ਸੀ, ਦਾ ਕੰਮ ਪੈਸੇ ਕਿਸੇ ਕਾਰਨ ਅੱਧ ਵਿਚਾਲੇ ਲਟਕ ਗਿਆ ਅਤੇ ਪਿੰਡ ਵਾਸੀਆਂ ਧਰਮਸ਼ਾਲਾ ਕਿਸੇ ਹੋਰ ਪਾਸੇ ਬਣਾ ਲਈ। ਅੱਧ ਵਿਚਾਲੇ ਰੁਕੀ ਉਸਾਰੀ, ਜਿਸਦੀ ਛੱਤ ਤਾਂ ਪੈ ਚੁੱਕੀ ਸੀ, ਪਰ ਨਾ ਪਲਸਤਰ ਹੋਇਆ, ਨਾ ਫਰਸ਼ ਲੱਗੀ, ਨਾ ਬੂਹੇ ਬਾਰੀਆਂ ਤੇ ਨਾ ਚਾਰ ਦਿਵਾਰੀ ਹੋਈ, ਗੈਰ ਸਮਾਜਿਕ ਅਨਸਰਾਂ ਵਾਸਤੇ ਸ਼ਰਨਗਾਹ ਬਣ ਗਈ। ਪਿੰਡ ਦੀ ਪੰਚਾਇਤ ਤੇ ਸੂਝਵਾਨ ਲੋਕਾਂ ਨੇ ਜਦ ਮਤਾ ਪਾ ਕੇ ਇਸ ਇਮਾਰਤ ਨੂੰ ਕਿਸੇ ਹੋਰ ਕੰਮ ਲਈ ਵਰਤਣ ਦਾ ਮਤਾ ਪਾ ਕੇ ਵਿਭਾਗ ਨੂੰ ਦਿੱਤਾ ਜਾਂ ਸਬ ਡਵੀਜ਼ਨ ਮੈਜਿਸਟਰੇਟ ਡਾ. ਢਿਲੋਂ ਨੇ ਇਮਾਰਤ ਦਾ ਜਾਇਜ਼ਾ ਲੈ ਕੇ ਇਸ ਨੂੰ ਲਾਇਬਰੇਰੀ ਬਨਾਉਣ ਦਾ ਪ੍ਰਸਤਾਵ ਪਿੰਡ ਵਾਸੀਆਂ ਨੂੰ ਦਿੱਤਾ, ਜਿੰਨਾ ਨੇ ਇਸ ਨੂੰ ਮੰਨ ਲਿਆ।

   ਡਾ ਢਿਲੋਂ ਨੇ ਪਿੰਡ ਵਾਸੀਆਂ ਨੂੰ ਚੰਗੇ ਪਾਸੇ ਲਗਾਉਣ ਲਈ ਇਲਾਕੇ ਵਿਚ ਟੋਲ ਟੈਕਸ ਚਲਾਉਂਦੀ ਆਈ. ਆਰ. ਬੀ. ਨਾਮ ਦੀ ਕੰਪਨੀ ਨਾਲ ਗੱਲ ਕੀਤੀ ਅਤੇ ਉਨਾਂ ਨੂੰ ਆਪਣੇ ਕੋਰਪੋਰੇਟ ਦੇ ਨਾਲ-ਨਾਲ ਸਮਾਜਿਕ ਜਿੰਮੇਵਾਰੀਆਂ ਵਿਚ ਹਿੱਸਾ ਪਾਉਣ ਲਈ ਪ੍ਰੇਰਿਆ। ਕੰਪਨੀ ਪ੍ਰਬੰਧਕਾਂ ਨੇ ਇਲਾਕੇ ਦੇ ਸਬ ਡਵੀਜ਼ਨ ਮੈਜਿਸਟਰੇਟ ਦੀ ਲੋਕ ਪੱਖੀ ਰੈਅ ਮੰਨਦੇ ਹੋਏ ਪੈਸੇ ਖਰਚ ਕੇ ਇਸ ਇਮਾਰਤ ਨੂੰ ਸੁੰਦਰ ਲਾਇਬਰੇਰੀ ਵਿਚ ਬਦਲ ਦਿੱਤਾ। ਇੱਥੇ ਬਜ਼ੁਰਗਾਂ ਦੇ ਬੈਠਣ ਲਈ ਵਿਹੜੇ ਵਿਚ ਵੀ ਬੈਂਚ ਲਗਾ ਦਿੱਤੇ ਅਤੇ ਨੌਜਵਾਨ ਤੇ ਬੱਚਿਆਂ ਲਈ ਸ਼ਾਨਦਾਰ ਲਾਇਬਰੇਰੀ ਬਣ ਗਈ। ਆਈ. ਆਰ. ਬੀ ਨੇ ਡਾ ਹਰਨੂਰ ਕੌਰ ਢਿਲੋਂ ਕੋਲੋਂ ਇਸ ਦਾ ਉਦਘਾਟਨ ਕਰਵਾ ਕੇ ਇਹ ਗਿਆਨ ਦਾ ਸੋਮਾ ਪਿੰਡ ਵਾਸੀਆਂ ਨੂੰ ਸੌਂਪ ਦਿੱਤਾ। ਇਸ ਮੌਕੇ ਡਾ. ਢਿਲੋਂ ਨੇ ਜਿੱਥੇ ਕੰਪਨੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ, ਉਥੇ ਪਿੰਡ ਵਾਸੀ, ਜਿੰਨਾ ਨੇ ਇਸ ਇਮਾਰਤ ਦਾ ਨਿੱਕਾ ਜਿਹਾ ਮੁੱਦਾ ਧਿਆਨ ਵਿਚ ਲਿਆਉਣ ਲਈ ਵੀ ਧੰਨਵਾਦ ਕੀਤਾ। ਉਨਾਂ ਕਿਹਾ ਕਿ ਜੇਕਰ ਇਥੋਂ ਦੇ ਸੂਝਵਾਨ ਲੋਕ ਮੇਰੇ ਧਿਆਨ ਵਿਚ ਇਹ ਬੰਦ ਪਈ ਇਮਾਰਤ ਨਾ ਲਿਆਉਂਦੇ ਤਾਂ ਸ਼ਾਇਦ ਇਹ ਇਮਾਰਤ ਇਸੇ ਤਰਾਂ ਖੰਡਰ ਹੋ ਜਾਂਦੀ, ਪਰ ਅੱਜ ਇਹ ਗਿਆਨ ਦਾ ਘਰ ਬਣ ਗਈ ਹੈ, ਜਿਸ ਲਈ ਕੰਮ ਕਰਨ ਦੀ ਮੈਨੂੰ ਵੀ ਅਥਾਹ ਖੁਸ਼ੀ ਹੈ।

[wpadcenter_ad id='4448' align='none']