ਲੁਧਿਆਣਾ, 21 ਅਗਸਤ (000) – ਭਾਰਤੀ ਸਕਿਓਰਿਟੀਜ ਅਤੇ ਐਕਸਚੇਂਜ ਬੋਰਡ (ਸੇਬੀ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨ.ਐਸ.ਈ.) ਦੀ ਅਗਵਾਈ ਹੇਠ ਨਿਵੇਸ਼ਕਾਂ ਲਈ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
ਸੈਮੀਨਾਰ ਦੇ ਆਯੋਜਨ ਦਾ ਮੁੱਖ ਉਦੇਸ਼ ਸੇਬੀ ਵੱਲੋਂ ਨਿਵੇਸ਼ਕਾਂ ਦੇ ਹਿੱਤਾਂ ਲਈ ਚੁੱਕੇ ਗਏ ਕਦਮਾਂ ਬਾਰੇ ਚਾਨਣਾ ਪਾਉਣਾ ਅਤੇ ਸਹੀ ਵਿੱਤੀ ਯੋਜਨਾਵਾਂ ਤਿਆਰ ਕਰਕੇ ਸਕਿਓਰਿਟੀਜ ਬਾਰੇ ਜਾਣਕਾਰੀ ਦੇਣਾ ਸੀ।
ਪ੍ਰੋਗਰਾਮ ਦਾ ਆਗਾਜ਼ ਨੈਸ਼ਨਲ ਐਕਸਚੇਂਜ ਤੋਂ ਸ਼ਿਵਮ ਜਿੰਦਲ, ਉਪ ਪ੍ਰਬੰਧਕ, ਨਿਆਮਕ ਵੱਲੋਂ ਕੀਤਾ ਗਿਆ। ਮੁੱਖ ਮਹਿਮਾਨ ਸ਼ਿਵ ਜਿੰਦਲ ਵੱਲੋਂ ਜਿੰਦਗੀ ਦੇ ਵੱਖ-ਵੱਖ ਪੜਾਵਾਂ ‘ਤੇ ਬੱਚਤ ਦੇ ਢੰਗ-ਤਰੀਕੇ ਅਤੇ ਨਿਵੇਸ਼ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਸੇਬੀ ਦੁਆਰਾ ਨਿਵੇਸ਼ਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਪ੍ਰਤੀਭੂਤੀ ਬਾਜ਼ਾਰ ਵਿੱਚ ਕਿਸੇ ਵੀ ਏਜੰਟ, ਦਲਾਲ, ਕੰਪਨੀ, ਮਰਚੈਂਟ ਬੈਂਕ ਆਦਿ ਦੁਆਰਾ ਨਿਵੇਸ਼ਕਾਂ ਨਾਲ ਧੋਖਾਧੜੀ ਕੀਤੇ ਜਾਣ ‘ਤੇ ਵੀ ਸੇਬੀ ਵੱਲੋ ਸਖ਼ਤ ਕਦਮ ਚੁੱਕੇ ਗਏ ਹਨ. ਨਿਵੇਸ਼ਕ ਵੈੱਬਸਾਈਟ ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਇਸ ਤੋਂ ਇਲਾਵਾ, ਸੇਬੀ ਦੁਆਰਾ ਹਾਲ ਹੀ ਵਿੱਚ ਸਾਰਥੀ ਐਪ ਵੀ ਜਾਰੀ ਕੀਤੀ ਗਈ ਹੈ, ਡਾਊਨਲੋਡ ਕਰਕੇ ਨਿਵੇਸ਼ਕ ਸੁਰੱਖਿਅਤ ਨਿਵੇਸ਼ ਕਰ ਸਕਦੇ ਹਨ। ਭਾਰਤ ਇੱਕ ਵਿਕਾਸਸ਼ੀਲ ਦੇਸ਼ ਦੇ ਰੂਪ ਵਿੱਚ ਅੱਗੇ ਵਧ ਰਿਹਾ ਹੈ। ਨਿਰਯਾਤ, ਖੇਤੀਬਾੜੀ, ਐਮ.ਐਸ.ਐਮ.ਈ., ਸਟਾਰਟ ਅਪ ਵਰਗੇ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਦੀ ਆਰਥਿਕ ਸਥਿਤੀ ਮਜ਼ਬੂਤ ਹੋ ਰਹੀ ਹੈ, ਇਹ ਸਹੀ ਸਮਾਂ ਹੈ ਜਦੋਂ ਲੋਕਾਂ ਨੂੰ ਪ੍ਰਤੀਭੂਤੀ ਬਾਜ਼ਾਰ ਦੇ ਵਿਸ਼ੇ ਵਿੱਚ ਵਿਸਥਾਰ ਨਾਲ ਜਾਣਕਾਰੀ ਮਿਲੇ ਤਾਂ ਜੋ ਲੋਕ ਆਪਣੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਿਹਤਰ ਵਿੱਤੀ ਪ੍ਰਬੰਧਨ ਵੱਲ ਅੱਗੇ ਵੱਧ ਸਕਣ।
ਉਨ੍ਹਾਂ ਦੱਸਿਆ ਕਿ ਨੈਸ਼ਨਲ ਐਕਸਚੇਂਜ ਵਿੱਚ ਕਿਸ ਤਰ੍ਹਾਂ ਕੰਪਨੀਆਂ ਦੀ ਰੈਕਿੰਗ ਦੇ ਆਧਾਰ ‘ਤੇ ਅੰਸ਼ਾਂ ਨੂੰ ਸੂਚੀਵੱਧ ਕੀਤਾ ਜਾਂਦਾ ਹੈ। ਨਿਵੇਸ਼ਕਾਂ ਨੂੰ ਨਿਵੇਸ਼ ਕਰਨ ਤੋਂ ਪਹਿਲਾਂ ਕੰਪਨੀ ਦੀ ਬੈਲੇਂਸ ਸ਼ੀਟ, ਪਿਛਲੇ ਸਾਲਾਂ ਦੇ ਪ੍ਰਦਰਸ਼ਨ ਅਤੇ ਸੇਬੀ ਦੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਜਿਸਟਰਡ ਏਜੰਟ ਦੁਆਰਾ ਹੀ ਨਿਵੇਸ਼ ਕਰਨਾ ਚਾਹੀਦਾ ਹੈ।