ਬਠਿੰਡਾ, 27 ਮਾਰਚ : ਬਠਿੰਡਾ ਰੇਂਜ ਦੇ ਏ.ਡੀ.ਜੀ.ਪੀ ਸ਼੍ਰੀ ਸੁਰਿੰਦਰਪਾਲ ਸਿੰਘ ਪਰਮਾਰ, ਆਈ.ਪੀ.ਐਸ ਨੇ ਅੱਜ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਰਚੂਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਜਾਇਜ਼ ਸ਼ਰਾਬ, ਬੇਹਿਸਾਬ ਨਕਦੀ ਅਤੇ ਮਸਲਪਾਵਰ ਦੀ ਵਰਤੋਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਹੁਕਮ ਦਿੱਤੇ। ਮੀਟਿੰਗ ਵਿੱਚ ਹਿਸਾਰ ਰੇਂਜ ਦੇ ਏ.ਡੀ.ਜੀ.ਪੀ ਡਾ. ਮੱਤਾ ਰਵੀ ਕਿਰਨ, ਆਈਪੀਐਸ ਅਤੇ ਫਰੀਦਕੋਟ ਰੇਂਜ ਦੇ ਆਈ.ਜੀ.ਪੀ, ਸ੍ਰੀ ਗੁਰਸ਼ਰਨ ਸਿੰਘ ਸੰਧੂ, ਆਈਪੀਐਸ, ਸੀਨੀਅਰ ਪੁਲਿਸ ਕਪਤਾਨ ਬਠਿੰਡਾ ਸ਼੍ਰੀ ਦੀਪਕ ਪ੍ਰਤੀਕ , ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾ. ਨਾਨਕ ਸਿੰਘ ਅਤੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਸ਼੍ਰੀ ਭਾਗੀਰਥ ਮੀਨਾ ਤੋਂ ਇਲਾਵਾ ਫਤਿਆਬਾਦ, ਸਿਰਸਾ ਅਤੇ ਡੱਬਵਾਲੀ ਦੇ ਐਸ.ਪੀਜ਼ ਆਨਲਾਈਨ ਹਾਜ਼ਰ ਸਨ।
ਇਸ ਮੌਕੇ ਏ.ਡੀ.ਜੀ.ਪੀ ਸੁਰਿੰਦਰਪਾਲ ਸਿੰਘ ਪਰਮਾਰ, ਆਈਪੀਐਸ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਡੀ.ਜੀ.ਪੀ ਪੰਜਾਬ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਪਣੇ ਸਾਰੇ ਮਤ ਹਿਤ ਅਧਿਕਾਰੀਆਂ ਨੂੰ ਜਾਣੂ ਕਰਵਾਉਣ। ਸ਼੍ਰੀ ਗੌਰਵ ਯਾਦਵ, ਆਈਪੀਐਸ ਡੀ.ਜੀ.ਪੀ ਪੰਜਾਬ ਅਤੇ ਭਾਰਤੀ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਚੋਣ ਕਮਿਸ਼ਨ ਦਾ ਮੁੱਖ ਉਦੇਸ਼ ਸਾਰੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਬਰਾਬਰ ਦਾ ਮੈਦਾਨ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਮਾਨਸਾ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਬੀ.ਐਸ.ਐਫ ਅਤੇ ਸੀ.ਏ.ਪੀ.ਐਫ ਵਰਗੇ ਕੇਂਦਰੀ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਰਿਆਣਾ ਸੂਬੇ ਦੀ ਸਰਹੱਦ ਦੇ ਕਰੀਬ 180 ਕਿਲੋਮੀਟਰ ‘ਤੇ ਲਗਾਏ ਗਏ ਸਾਰੇ ਅੰਤਰਰਾਜੀ ਨਾਕਿਆਂ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਨ ਲਈ ਵੀ ਕਿਹਾ।ਇਸ ਦੌਰਾਨ ਐਸ.ਐਸ.ਪੀਜ਼ ਦੁਆਰਾ ਏ.ਡੀ.ਜੀ.ਪੀ ਸੁਰਿੰਦਰਪਾਲ ਸਿੰਘ ਪਰਮਾਰ, ਆਈਪੀਐਸ ਨੂੰ ਦੱਸਿਆ ਗਿਆ ਕਿ ਹਰਿਆਣਾ ਨੂੰ ਛੂਹਣ ਵਾਲੇ ਹਿੱਸੇ ‘ਤੇ ਕੁੱਲ 33 ਇੰਟਰ ਸਟੇਟ ਨਾਕੇ ਲਗਾਏ ਗਏ ਹਨ। ਉਨ੍ਹਾਂ ਨੂੰ ਮਾਨਸਾ ਵਿੱਚ 4 ਇੰਟਰਸਟੇਟ ਨਾਕੇ, ਬਠਿੰਡਾ ਵਿੱਚ 16 ਇੰਟਰਸਟੇਟ ਨਾਕੇ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ 13 ਇੰਟਰਸਟੇਟ ਨਾਕਿਆਂ ਬਾਰੇ ਜਾਣਕਾਰੀ ਦਿੱਤੀ ਗਈ।ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਵੋਟਰਾਂ ਵਿੱਚ ਭਰੋਸਾ ਪੈਦਾ ਕਰਨ ਦੇ ਉਪਰਾਲੇ ਸ਼ੁਰੂ ਕਰਕੇ ਸੁਰੱਖਿਆ ਦੀ ਭਾਵਨਾ ਪੈਦਾ ਕਰਨ। ਉਨ੍ਹਾਂ ਨੇ ਕਿਹਾ ਕਿ ਪੇਂਡੂ ਖੇਤਰਾਂ ਅਤੇ ਪਹਿਲਾਂ ਹੀ ਪਛਾਣੇ ਗਏ ਸੰਵੇਦਨਸ਼ੀਲ ਜ਼ੋਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।ਏ.ਡੀ.ਜੀ.ਪੀ.ਸੁਰਿੰਦਰਪਾਲ ਸਿੰਘ ਪਰਮਾਰ, ਆਈਪੀਐਸ ਨੇ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੇ ਰਹਿਣ–ਸਹਿਣ ਦੀਆਂ ਸਹੂਲਤਾਂ ਬਾਰੇ ਵਿਚਾਰ ਵਿਟਾਦਰਾ ਕੀਤਾ ਗਿਆ ਅਤੇ ਵੱਡੇ ਪੱਧਰ ‘ਤੇ ਕੀਤੇ ਗਏ ਪ੍ਰਬੰਧਾਂ ਨੂੰ ਦੇਖਦਿਆਂ ਐਸ.ਐਸ.ਪੀਜ਼ ਨੂੰ ਇਸ ਸਬੰਧ ਵਿੱਚ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।