ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ-ਵੱਖ ਪਾਉਣ ਲਈ ਦੁਕਾਨਦਾਰ ਹਰੇ ਅਤੇ ਨੀਲੇ ਰੰਗ ਦੇ ਦੋ ਡਸਟਬਿਨ ਲਗਾਉਣ-ਵਧੀਕ ਡਿਪਟੀ ਕਮਿਸ਼ਨਰ

ਮਾਨਸਾ, 27 ਦਸੰਬਰ :
ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਨਿਰਮਲ ਓਸਪੇਚਨ ਦੀ ਪ੍ਰਧਾਨਗੀ ਹੇਠ ਸ਼ਹਿਰ ਵਿੱਚ ਡੋਰ ਟੂ ਡੋਰ ਵੇਸਟ ਕੁਲੈਕਸ਼ਨ ਅਤੇ ਸਫਾਈ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰ ਦੀਆਂ ਵਪਾਰਕ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਵਾਇਸ ਆਫ ਮਾਨਸਾ ਦੀ ਟੀਮ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਉਨ੍ਹਾਂ ਵੱਲੋਂ ਮਾਨਸਾ ਵਿੱਚ ਡੋਰ ਟੂ ਡੋਰ ਵੇਸਟ ਕੁਲੈਕਸ਼ਨ ਅਤੇ ਸਫਾਈ ਦੇ ਪ੍ਰਬੰਧਾਂ ਸਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਮੀਟਿੰਗ ਵਿੱਚ ਹਾਜ਼ਰ ਆਏ ਨੁਮਾਇੰਦਿਆਂ ਅਤੇ ਨਗਰ ਕੌਂਸਲ ਮਾਨਸਾ ਦੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਪ੍ਰਧਾਨ ਨਗਰ ਕੌਂਸਲ ਸ਼੍ਰੀ ਵਿਜੇ ਕੁਮਾਰ, ਪ੍ਰਧਾਨ ਵਾਇਸ ਆਫ ਮਾਨਸਾ ਡਾ. ਜਨਕ ਰਾਜ (ਪ੍ਰੈਜੀਡੈਂਟ ਇੰਡੀਅਨ ਮੈਡੀਕਲ ਐਸੋਸੀਏਸ਼ਨ), ਡਾ. ਲਖਵਿੰਦਰ ਮੂਸਾ, ਸ਼੍ਰੀ ਸਤਿੰਦਰ ਸਿੰਗਲਾ (ਪ੍ਰਧਾਨ ਜ਼ਿਲ੍ਹਾ ਵਪਾਰ ਮੰਡਲ, ਮਾਨਸਾ), ਸ਼੍ਰੀ ਰਾਜ ਕੁਮਾਰ (ਹੋਟਲ ਐਸੋਸੀਏਸ਼ਨ) ਤੋਂ ਇਲਾਵਾ ਫਲ-ਸਬਜ਼ੀ ਰੇਹੜੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਮਾਨਸਾ ਸ਼ਹਿਰ ਨੂੰ ਕੂੜਾ ਮੁਕਤ ਅਤੇ ਸਾਫ-ਸੁਥਰਾ ਬਣਾਉਣ ਲਈ ਆਪਣੇ ਸੁਝਾਅ ਦਿੱਤੇ ਗਏ ਅਤੇ ਇਸ ਮੁਹਿੰਮ ਵਿੱਚ ਆਪਣਾ ਪੂਰਾ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ ਗਿਆ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਇੱਕ ਦੁਕਾਨਦਾਰ ਵੱਲੋਂ ਦੁਕਾਨ ਵਿੱਚ ਹਰੇ ਅਤੇ ਨੀਲੇ ਰੰਗ ਦੇ ਦੋ ਡਸਟਬਿਨ ਲਗਾਏ ਜਾਣ ਅਤੇ ਦੁਕਾਨ ਵਿੱਚੋਂ ਗਿਲੇ ਅਤੇ ਸੁੱਕੇ ਕੂੜੇ ਨੂੰ ਅਲੱਗ ਰੱਖ ਕੇ 3ਡੀ ਸੋਸਾਇਟੀ ਵੱਲੋਂ ਚਲ ਰਹੀਆਂ ਡੋਰ ਟੂ ਡੋਰ ਕੁਲੈਕਸ਼ਨ ਰੇਹੜੀਆਂ ਵਿੱਚ ਪਾਇਆ ਜਾਵੇ ਅਤੇ ਬਣਦੀ ਫੀਸ ਅਦਾ ਕੀਤੀ ਜਾਵੇ। ਜਿਹਨਾਂ ਦੁਕਾਨਦਾਰਾ ਵੱਲੋਂ ਕੂੜਾ ਇੱਧਰ-ਉੱਧਰ ਸੜਕ ਉੱਪਰ ਸੁੱਟਿਆ ਜਾਵੇਗਾ ਉਨ੍ਹਾਂ ਦਾ ਨਗਰ ਕੌਂਸਲ ਮਾਨਸਾ ਵੱਲੋਂ ਚਲਾਨ ਕੀਤਾ ਜਾਵੇਗਾ।
ਉਨ੍ਹਾਂ ਸਮੂਹ ਦੁਕਾਨਦਾਰਾਂ, ਫਲ ਅਤੇ ਸਬਜ਼ੀ ਰੇਹੜੀ ਵਾਲਿਆਂ ਨੂੰ ਮਾਨਸਾ ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ਲਈ ਆਪਣਾ ਯੋਗਦਾਨ ਪਾਉਣ ਲਈ ਕਿਹਾ ਗਿਆ।

[wpadcenter_ad id='4448' align='none']