ਭਗਤੀ ਅਤੇ ਸ਼ਕਤੀ ਦਾ ਪ੍ਰਤੀਕ ‘ਮੀਰੀ-ਪੀਰੀ ਦਿਹਾੜਾ’

Shri Guru HarGobind ji

Shri Guru HarGobind ji

ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਕੁਝ ਮੁਤੱਸਵੀ ਲੋਕਾਂ ਦੀ ਚੁੱਕ ਵਿੱਚ ਆ ਕੇ ਬਾਦਸ਼ਾਹ ਜਹਾਂਗੀਰ ਨੇ ਸਾਂਈ ਮੀਆਂ ਮੀਰ ਜੀ ਤੋਂ ਪੁੱਛ ਕੀਤੀ। ਤੁਸੀਂ ਕਾਫਰਾਂ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੰਨਾ ਮਾਣ ਸਤਿਕਾਰ ਕਿਉਂ ਦਿੰਦੇ ਹੋ? ਗੁਰੂ ਸਾਹਿਬ ਜੀ ਦੀ ਪਾਵਨ ਸਖਸ਼ੀਅਤ ਦੇ ਚਸ਼ਮਦੀਦ ਗਵਾਹ ‘ਸਾਂਈ ਜੀ’ ਨੇ ਨਿਡਰ ਹੋ ਕੇ ਜਵਾਬ ਦਿੱਤਾ ਕਿ ਬਾਦਸ਼ਾਹ ਜਹਾਂਗੀਰ! ‘ਮੈਂ ਜਦੋਂ ਵੀ ਖੁਦਾ ਅੱਲ੍ਹਾ ਤਾਲਾ ਦੇ ਦਰਬਾਰ ਵਿੱਚ ਆਪਣਾ ਧਿਆਨ ਜੋੜਦਾ ਹਾਂ ਮੈਨੂੰ ਖੁਦਾ ਦੇ ਤਖਤ ਉੱਤੇ ਦੋ ਤਲਵਾਰਾਂ ਪਹਿਨੇ ਅਤੇ ਸੀਸ ‘ਤੇ ਦਸਤਾਰ ਕਲਗੀ ਸਜਾਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੀ ਦਰਸ਼ਨ ਹੁੰਦੇ ਹਨ। ਇਸੇ ਲਈ ਮੈਂ ਗੁਰੂ ਸਾਹਿਬ ਜੀ ਨੂੰ ਖੁਦਾ ਦੇ ਬਰਾਬਰ ਹੀ ਸਤਿਕਾਰ ਦਿੰਦਾ ਹਾਂ। ਭਾਈ ਗੁਰਦਾਸ ਜੀ ਨੇ ਇਸ ਗੱਲ ਦੀ ਪ੍ਰੋੜਤਾ ਕਰਦੇ ਹੋਏ ਲਿਖਿਆ ਹੈ-

‘‘ਪਾਰਬ੍ਰਹਮ ਪੂਰਨ ਬ੍ਰਹਮਿ ਸਤਿਗੁਰ ਆਪੇ ਆਪੁ ਉਪਾਇਆ।
ਗੁਰੁ ਗੋਬਿੰਦੁ ਗੋਬਿੰਦੁ ਗੁਰੁ ਜੋਤਿ ਇਕ ਦੁਇ ਨਾਵ ਧਰਾਇਆ।’’ (ਵਾਰ:24, ਪਉੜੀ 24)

‘ਮੀਰੀ ਤੇ ਪੀਰੀ’ ਦੇ ਦੋਵੇਂ ਸ਼ਬਦ ਫਾਰਸੀ ਭਾਸ਼ਾ ਦੇ ਹਨ। ਮੀਰ ਸ਼ਬਦ ਅਮੀਰ ਦਾ ਛੋਟਾ ਰੂਪ ਹੈ। ‘ਮੀਰ’ ਦਾ ਮੂਲ ਅਰਥ ਹੈ- ਹੁਕਮ ਕਰਨ ਵਾਲਾ, ਮੁਖੀ, ਸਰਦਾਰ, ਹਾਕਮ, ਜਰਨੈਲ ਅਤੇ ਬਾਦਸ਼ਾਹ। ‘ਪੀਰ’ ਸ਼ਬਦ ਦਾ ਅਰਥ ਹੈ ਧਰਮ ਦਾ ਅਚਾਰੀਆ, ਭਗਤ ਜਾਂ ਗੁਰੂ। ਗੁਰਬਾਣੀ ਵਿੱਚ ਇਹ ਦੋਵੇਂ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਵਰਤੋਂ ਵਿੱਚ ਆ ਚੁੱਕੇ ਸਨ ਜਿਵੇਂ –

‘‘ਕੋਟੀ ਹੂ ਪੀਰ ਵਰਜਿ ਰਹਾਏ, ਜਾ ਮੀਰੁ ਸੁਣਿਆ ਧਾਇਆ’’ (ਪੰਨਾ 417)

ਸੋ ‘ਪੀਰੀ ਤੇ ਮੀਰੀ’ ਦਾ ਸਮੁੱਚਾ ਅਰਥ ਹੈ ਭਗਤੀ ਤੇ ਸ਼ਕਤੀ ਜਾਂ ਧਰਮ ਤੇ ਰਾਜਨੀਤੀ। ਸਿੱਖ ਧਰਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਗੁਰੂ ਸਾਹਿਬਾਨ ਆਪ ‘ਪੀਰ’ ਹੁੰਦੇ ਹੋਏ ‘ਮੀਰ’ ਵਾਲਾ ਫਰਜ਼ ਨਿਭਾਉਂਦੇ ਰਹੇ। ਸਮਕਾਲੀ ਸਿੱਖ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ‘ਸਤਿਗੁਰ ਸੱਚਾ ਪਾਤਸ਼ਾਹ’ ਜਾਂ ‘ਦੀਨ ਦੁਨੀ ਦਾ ਪਾਤਸ਼ਾਹ’ ਕਹਿ ਕੇ ਨਮਸਕਾਰ ਕਰਦੇ ਸਨ। ਭਾਈ ਗੁਰਦਾਸ ਜੀ ਦਾ ਫੁਰਮਾਨ ਹੈ-

‘‘ਸਤਿਗੁਰ ਸੱਚਾ ਪਾਤਸਾਹੁ, ਬੇਪਰਵਾਹੁ ਅਥਾਹੁ ਸਹਾਬਾ। …
ਜਾਹਰਿ ਪੀਰ ਜਗਤ ਗੁਰ ਬਾਬਾ। …’’

(ਵਾਰ 24 ਪਉੜੀ 3) ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰੂਗੱਦੀ ਬਖਸ਼ਿਸ਼ ਕੀਤੀ, ਗੁਰੂ ਘਰ ਦੇ ਰਬਾਬੀ ਭਾਈ ਸੱਤਾ ਤੇ ਬਲਵੰਡ ਜੀ ਨੇ ‘ਰਾਮਕਲੀ ਕੀ ਵਾਰ’ ਵਿੱਚ ਅਤੇ ਭੱਟ ਸਾਹਿਬਾਨ ਨੇ ਆਪਣੇ ‘ਸਵੱਈਆਂ’ ਵਿੱਚ ਧਰਮ ਦ੍ਰਿੜ ਕਰਵਾਉਣ ਲਈ ਜੋ ਸ਼ਬਦਾਵਲੀ ਵਰਤੀ ਉਹ ਸਾਰੀ ‘ਮੀਰੀ’ ਭਾਵ ਪਾਤਸ਼ਾਹੀ ਵਾਲੀ ਸੰਕੇਤਕ ਸ਼ਬਦਾਵਲੀ ਹੀ ਵਰਤੀ ਹੈ ਜਿਵੇਂ – ਰਾਜ, ਕੋਟ (ਕਿਲ੍ਹਾ), ਛਤ੍ਰ, ਖੜਗ, ਤਖਤ, ਸੱਚਾ ਪਾਤਸ਼ਾਹ, ਚੰਦੋਆ, ਘੋੜੇ, ਕਾਠੀ, ਧਨੁੱਖ, ਤੀਰ, ਰਾਜਯੋਗ (ਮੀਰੀ, ਪੀਰੀ), ਸਤਿ ਸੂਰਉ, ਸਨਾਹ (ਸੰਜੋਅ), ਖੇਮਾ, ਆਤਪਤੁ, ਦਲ ਆਦਿ ਸਾਰੇ ਸ਼ਬਦ ਗੁਰੂ ਅੰਗਦ ਦੇਵ ਜੀ ਲਈ ਹੀ ਵਰਤੇ ਗਏ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਵੀ ਮੀਰੀ ਦੇ ਗੁਣ ਦ੍ਰਿੜ ਕਰਵਾਉਣ ਲਈ ਸਰੀਰਕ ਅਰੋਗਤਾ, ਤੰਦਰੁਸਤੀ ਤੇ ਸਰੀਰਕ ਮਜਬੂਤੀ ਲਈ ‘ਮੱਲ ਅਖਾੜੇ’,ਕੁਸ਼ਤੀਆਂ ਅਤੇ ਹੋਰ ਮਰਦਾਵੀਆਂ ਖੇਡਾਂ ਵਿੱਚ ਨੌਜਵਾਨਾਂ ਨੂੰ ਨਿਪੁੰਨ ਕਰਕੇ ‘ਪੀਰੀ ਤੇ ਮੀਰੀ’ ਦੇ ਸੁਮੇਲ ਵੱਲ ਇੱਕ ਕਦਮ ਅਗਾਂਹ ਵੱਲ ਪੁੱਟਿਆ। ਗੁਰੂ ਅੰਗਦ ਦੇਵ ਜੀ ਤੋਂ ਬਾਅਦ ਬਾਕੀ ਗੁਰੂ ਸਾਹਿਬਜੀ ਨੇ ਵੀ ਇਹੀ ਸਿਧਾਂਤ ਸੰਗਤ ਨੂੰ ਦ੍ਰਿੜ ਕਰਾਇਆ।’ਮੀਰੀ ਤੇ ਪੀਰੀ’ ਦੇ ਸੁਮੇਲ ਦਾ ਸਿਧਾਂਤ ਅਮਲੀ ਰੂਪ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਪ੍ਰਗਟ ਹੋਇਆ। ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਸਮੇਂ ਤੋਂ ਹੀ ‘ਮੀਰੀ ਤੇ ਪੀਰੀ’ ਦੇ ਸੁਮੇਲ ਦਾ ਵਰਨਣ ਇਸ ਤਰ੍ਹਾਂ ਕੀਤਾ ਹੈ –

‘‘ਪੰਜ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ।’’

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਲਈ ਲਾਹੌਰ ਜਾਣ ਤੋਂ ਪਹਿਲਾਂ 25 ਮਈ ਸੰਨ 1606 ਈ: ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ 11 ਸਾਲ ਦੀ ਉਮਰ ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਕੀਤਾ। ਗੁਰੂ ਪਿਤਾ ਜੀ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ‘ਮੀਰੀ’ ਦੀ ਤਲਵਾਰ ਸੰਸਾਰਕ ਪੱਖ ਨੂੰ ਅਤੇ ‘ਪੀਰੀ’ ਦੀ ਤਲਵਾਰ ਆਤਮਿਕ ਪੱਖ ਨੂੰ ਦਰਸਾਉਂਦੀ ਸੀ। ‘ਮੀਰੀ ਤੇ ਪੀਰੀ’ ਦੇ ਸੁਮੇਲ ਨੂੰ ਅਮਲੀ ਜਾਮਾ ਪਹਿਨਾਉਣ ਲਈ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਗਈ। ਅਕਾਲ ਤਖਤ ਸਾਹਿਬ ਦੇ ਅੱਗੇ ਨਗਾਰਾ ਅਤੇ ‘ਮੀਰੀ ਤੇ ਪੀਰੀ’ ਜਾਂ ਧਰਮ ਤੇ ਰਾਜਨੀਤੀ ਦੇ ਪ੍ਰਤੀਕ ਦੋ ਨਿਸ਼ਾਨ ਸਾਹਿਬ ਸਥਾਪਿਤ ਕੀਤੇ ਗਏ। ਗੁਰੂ ਸਾਹਿਬ ਜੀ ਮੀਰੀ ਅਤੇ ਪੀਰੀ, ਦੀਆਂ ਦੋ ਕਿਰਪਾਨਾਂ ਪਹਿਨ ਕੇ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਤਖਤ ਉੱਤੇ ਬਿਰਾਜਮਾਨ ਹੋਏ। ਗੁਰੂ ਘਰ ਦੇ ਢਾਡੀ ਅਬਦੁੱਲਾ ਤੇ ਨੱਥਮੱਲ ਨੇ ਤਖਤ ਸਾਹਿਬ ‘ਤੇ ਬਿਰਾਜਣ ਅਤੇ ਦੋ ਤਲਵਾਰਾਂ ਪਹਿਨਣ ਦਾ ਜ਼ਿਕਰ ਇਸ ਤਰਾਂ ਆਉਂਦਾ ਹੈ :-

ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਇੱਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜੀਰੀ ਦੀ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੌਮ ਵਿੱਚ ਚੜ੍ਹਦੀ ਕਲਾ ਦਾ ਸੰਚਾਰ ਕਰਨ ਲਈ ਸੰਗਤਾਂ ਦੇ ਨਾਮ ਹੁਕਮਨਾਮੇ ਜਾਰੀ ਕੀਤੇ ਤੇ ਕਿਹਾ ਕਿ ਅੱਜ ਤੋਂ ਬਾਅਦ ਮੇਰੀ ਪਿਆਰੀ ਭੇਟਾ ਚੰਗੇ ਸ਼ਾਸ਼ਤਰ, ਚੰਗੇ ਘੋੜੇ ਤੇ ਚੰਗੀ ਜਵਾਨੀ ਹੋਵੇਗੀ।“

ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਨੇ ਫੌਜੀ ਤਿਆਰੀਆਂ ਦਾ ਵਿਸਥਾਰ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਗਾਰਾ, ਕਿਲ੍ਹਾ ਲੋਹਗੜ੍ਹ ਸਾਹਿਬ ਦੀ ਸਥਾਪਨਾ ਅਤੇ ਸ਼ਹਿਰ ਦੇ ਬਚਾਅ ਲਈ ਸਾਰੇ ਸ਼ਹਿਰ ਦੇ ਦੁਆਲੇ ਮਜਬੂਤ ਦੀਵਾਰ ਦੀ ਉਸਾਰੀ ਕੀਤੀ। ਸਿੱਖ ਸੈਨਿਕਾਂ ਦੀ ਵੱਧਦੀ ਹੋਈ ਗਿਣਤੀ ਨੂੰ ਦੇਖ ਕੇ ਸਾਰੀ ਫੌਜ ਨੂੰ ਪੰਜ ਜਥਿਆਂ ਵਿੱਚ ਵੰਡ ਕੇ ਭਾਈ ਬਿਧੀ ਚੰਦ, ਭਾਈ ਲੰਗਾਹ, ਭਾਈ ਪੈੜਾ, ਭਾਈ ਪਰਾਣਾ ਤੇ ਭਾਈ ਜੇਠਾ ਜੀ ਪੰਜ ਜਥੇਦਾਰਾਂ ਦੀ ਨਿਯੁਕਤੀ ਕੀਤੀ। ਕੁਝ ਹੀ ਦਿਨਾਂ ਵਿੱਚ ਗੁਰੂ ਪਾਤਿਸ਼ਾਹ ਜੀ ਦੀ ਫੌਜ ਵਿੱਚ ਹਜ਼ਾਰਾਂ ਨੌਜਵਾਨ, ਘੋੜ ਸਵਾਰ, ਘੋੜੇ, ਵਧੀਆਂ ਤੋਂ ਵਧੀਆਂ ਸ਼ਸਤਰ ਲੈ ਕੇ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਗਏ। ਦਿੱਲੀ ਦੀ ਜਿਹੜੀ ਸਰਕਾਰ ਦੇਸ਼ ਵਾਸੀਆਂ ਨੂੰ ਦਸਤਾਰ ਸਜਾਉਣ, ਘੋੜਸਵਾਰੀ ਕਰਨ, ਸ਼ਸ਼ਤਰ ਪਹਿਨਣ ਅਤੇ ਆਪਣੇ ਘਰ ਵਿੱਚ ਤਿੰਨ ਫੁੱਟ ਉੱਚਾ ਥੜ੍ਹਾ ਬਣਾ ਕੇ ਬੈਠਣ ਦੀ ਇਜਾਜ਼ਤ ਨਹੀਂ ਸੀ ਦਿੰਦੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਇੰਨ੍ਹਾਂ ਸਰਗਰਮੀਆਂ ਨੂੰ ਦੇਖ ਕੇ ਦਿੱਲੀ ਦੀ ਮੁਗਲ ਸਰਕਾਰ ਹਿੱਲ ਗਈ।

Shri Guru HarGobind ji

[wpadcenter_ad id='4448' align='none']