ਫਰੀਦਕੋਟ 31 ਮਈ 2024 ( ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲਾ ਫਰੀਦਕੋਟ ਵਿੱਚ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਦੀ ਪਰਖ ਕਰਵਾ ਕੇ ਮਿੱਟੀ ਪਰਖ ਰਿਪੋਰਟਾਂ ਦੇ ਅਧਾਰ ਤੇ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦਾ ਜਾਇਜ਼ਾ ਲੇਣ ਲਈ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਵੱਲੋਂ ਪਿੰਡ ਭਾਗਥਲਾ ਦਾ ਦੌਰਾ ਕੀਤਾ ਅਤੇ ਸਟਾਫ ਵੱਲੋਂ ਇਕੱਤਰ ਕੀਤੇ ਜਾ ਰਹੇ ਮਿੱਟੀ ਦੇ ਨਮੂਨਿਆ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ।ਲਇਸ ਮੌਕੇ ਡਾ. ਰਾਜਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ,ਰਵਿੰਦਰ ਪਾਲ ਸਹਾਇਕ ਤਕਨਾਲੋਜੀ ਪ੍ਰਬੰਧਕ (ਆਤਮਾ),ਨਰਿੰਦਰ ਕੁਮਾਰ,ਸੁਖਵਿੰਦਰ ਸਿੰਘ,ਗੁਰਦੀਪ ਸਿੰਘ,ਸਾਧੂ ਸਿੰਘ,ਜੋਤੀ ਸਮੇਤ ਹੋਰ ਕਿਸਾਨ ਵੀ ਹਾਜ਼ਰ ਸਨ ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਜ਼ਿਲਾ ਫਰੀਦਕੋਟ ਵਿੱਚ ਸਾਲ 2024-25 ਦੌਰਾਨ ਕੁੱਲ 6500 ਮਿੱਟੀ ਦੇ ਨਮੂਨੇ ਇਕੱਤਰ ਕਰਨ ਦਾ ਟੀਚਾ ਮਿਥਿਆ ਗਿਆ ਹੈ ਜਿਸ ਵਿੱਚੋਂ ਹੁਣ ਤੱਕ 1367 ਨਮੂਨੇ ਇਕੱਤਰ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਦਾ ਟੀਚਾ ਝੋਨੇ ਦੀ ਲਵਾਈ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿਸਾਨਾਂ ਵੱਲੋਂ ਸਿਫਾਰਸ਼ਾਂ ਦੇ ਉਲਟ ਵਧੇਰੇ ਖਾਦਾਂ ਦੀ ਵਰਤੋਂ ਕਰਨ ਨਾਲ ਮਿੱਟੀ ਅਤੇ ਮਨੁੱਖੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ ਜਿਸ ਕਾਰਨ ਮਨੁੱਖ ਅਤੇ ਪਸ਼ੂਆਂ ਨੂੰ ਕਈ ਤਰਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਨਾਂ ਸਮੱਸਿਆਵਾਂ ਦਾ ਮੁੱਖ ਕਾਰਨ ਸੰਤੁਲਿਤ ਖਾਦਾਂ ਦੀ ਵਰਤੋਂ ਨਾ ਕਰਨਾ ਹੈ। ਉਨਾਂ ਕਿਹਾ ਕਿ ਭੋ ਸਿਹਤ ਕਾਰਡ ਦੇ ਆਧਾਰ ਤੇ ਸੁੰਤਲਿਤ ਖਾਦਾਂ ਦੀ ਵਰਤੋਂ ਕਰਨ ਨਾਲ ਕਲਰਾਠੀਆਂ ਜਮੀਨਾਂ ਵਿੱਚ ਸੁਧਾਰ, ਉਪਜ ਅਤੇ ਭੂਮੀ ਦੀ ਉਪਜਾਉ ਸ਼ਕਤੀ ਵਿੱਚ ਵਾਧਾ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਮਿੱਟੀ ਪਰਖ ਕਰਵਾਉਣ ਨਾਲ ਫਸਲਾਂ ਦੀ ਸਹੀ ਚੋਣ ਕਰਨ ਵਿੱਚ ਮਦਦ ਵੀ ਮਿਲਦੀ ਹੈ।ਉਨਾਂ ਕਿਹਾ ਕਿ ਜ਼ਮੀਨ ਦੀ ਸਿਹਤ ਸੁਧਾਰਨ ਲਈ ਜ਼ਰੂਰੀ ਹੈ ਕਿ ਫਸਲ ਦੀ ਬਿਜਾਈ ਤੋਂ ਪਹਿਲਾਂ ਖੇਤਾਂ ਵਿੱਚ ਦੇਸੀ ਰੂੜੀ ਖਾਦ ਪਾ ਲਈ ਜਾਵੇ ਜਾਂ ਹਰੀ ਖਾਦ ਵੀ ਵਰਤੋਂ ਕੀਤੀ ਜਾ ਸਕਦੀ ਹੈ।ਉਨਾਂ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ ਦੀ ਬਿਜਾਏ ਖੇਤਾਂ ਵਿੱਚ ਹੀ ਵਾਹ ਦੇਣਾ ਚਾਹੀਦਾ ਜਿਸ ਨਾਲ ਮਿੱਟੀ ਵਿੱਚ ਜੈਵਿਕ ਮਾਦੇ ਦੀ ਮਾਤਰਾ ਵਿੱਚ ਵਾਧਾ ਹੁੰਦਾ ਹੈ।ਉਨਾਂ ਕਿਹਾ ਕਿ ਫਸਲਾਂ ਵਿੱਚ ਰਸਾਇਣਕ ਖਾਦਾਂ ਦੀ ਸੁਚੱਜੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਚਾਹਵਾਨ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਪਰਖ ਕਰਵਾ ਕੇ ਮਿੱਟੀ ਸਿਹਤ ਕਾਰਡ ਜਾਰੀ ਕੀਤੇ ਜਾ ਰਹੇ ਹਨ।ਉਨਾਂ ਕਿਹਾ ਕਿ ਝੋਨੇ ਦੀਆਂ ਸਿਫਾਰਸ਼ਸ਼ੁਦਾ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ ਅਤੇ ਗੈਰ ਸਿਫਾਰਸ਼ਸ਼ੁਦਾ ਜਾਂ ਹਾਈਬ੍ਰਿਡ ਕਿਸਮਾਂ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ ਤਾਂ ਜੋ ਮੰਡੀਕਰਨ ਸਮੇਂ ਕਿਸੇ ਵੀ ਸਮੱਸਿਆ ਤੋਂ ਬਚਿਆ ਜਾ ਸਕੇ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆ ਦੇ ਨਾਲ ਸਹਿਯੋਗ ਕਰਕੇ ਵੱਧ ਤੋਂ ਵੱਧ ਮਿੱਟੀ ਦੇ ਨਮੂਨੇ ਇਕੱਤਰ ਕਰਨ ਵਿੱਚ ਮਦਦ ਕਰਨ।
ਡਾ. ਰਾਜਵੀਰ ਸਿੰਘ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਵੱਲੋਂ ਦੇਸੀ ਰੂੜੀ ਦੀ ਵਰਤੋਂ ਕਰਨ ਦੇ ਨਾਲ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਹੀ ਵਾਹ ਦਿੱਤਾ ਜਾਂਦਾ ਸੀ ਜਿਸ ਨਾਲ ਜ਼ਮੀਨ ਵਿੱਚ ਖੁਰਾਕੀ ਤੱਤਾਂ ਦਾ ਸੰਤੁਲਣ ਬਣਿਆ ਰਹਿੰਦਾ ਸੀ ਪਰ, ਹੁਣ ਦੇਸੀ ਰੂੜੀ ਦੀ ਘਾਟ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ ਨਾਲ ਜ਼ਮੀਨ ਵਿੱਚ ਖੁਰਾਕੀ ਤੱਤਾਂ ਦਾ ਸੰਤੁਲਨ ਵਿਗੜ ਗਿਆ ਹੈ, ਜਿਸ ਕਾਰਨ ਪੰਜਾਬ ਦੇ ਖੇਤਾਂ ਵਿੱਚ ਛੋਟੇ ਖੁਰਾਕੀ ਤੱਤਾਂ ਦੀ ਘਾਟ ਵਧ ਰਹੀ ਹੈ।ਉਨਾਂ ਕਿਹਾ ਕਿ ਆਮ ਕਰਕੇ ਕਿਸਾਨ ਯੂਰੀਆ ਅਤੇ ਡਾਇਆ ਖਾਦਾਂ ਦੀ ਵਰਤੋਂ ਹੀ ਕਰਦੇ ਹਨ ਜਦ ਕਿ ਲਘੂ ਤੱਤਾਂ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਹੈ।ਉਨਾ ਕਿਹਾ ਕਿ ਫਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਖਾਦਾਂ ਦੀ ਸਹੀ ਮਾਤਰਾ ਵਿੱਚ, ਉਚਿਤ ਸਮੇਂ ਅਤੇ ਸੁਚੱਜੇ ਤਰੀਕੇ ਨਾਲ ਵਰਤੋ ਕਰਨੀ ਚਾਹੀਦੀ ਹੈ।