ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲਹਿਰਾਇਆ ਕੌਮੀ ਤਿਰੰਗਾ

ਬਠਿੰਡਾ, 15 ਅਗਸਤ : ਜਿਨ੍ਹਾਂ ਆਜ਼ਾਦੀ ਦੇ ਪਰਵਾਨਿਆਂ ਦੇ ਬਲੀਦਾਨ ਸਦਕਾ ਸਾਨੂੰ ਆਜ਼ਾਦੀ ਦਿਹਾੜਾ ਮਨਾਉਣਾ ਨਸੀਬ ਹੋਇਆ ਹੈ, ਉਨ੍ਹਾਂ ਫ਼ਰਿਸ਼ਤਿਆਂ ਨੂੰ ਮੈਂ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ ਅਤੇ ਆਜ਼ਾਦੀ ਲਈ ਲੜੇ ਗਏ ਲੰਬੇ ਸੰਘਰਸ਼ ਵਿੱਚ ਆਪਣੀਆਂ ਕੀਮਤੀ ਜਾਨਾਂ ਨਿਛਾਵਰ ਕਰਨ ਵਾਲੇ ਹਜ਼ਾਰਾਂ ਦੇਸ਼ ਭਗਤ ਸੂਰਬੀਰਾਂ ਨੂੰ ਦਿਲੋਂ ਸ਼ਰਧਾ ਅਤੇ ਸਤਿਕਾਰ ਭੇਂਟ ਕਰਦਾ ਹਾਂ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਇਥੇ ਆਜ਼ਾਦੀ ਦੀ 77ਵੀਂ ਵਰ੍ਹੇਗੰਢ ਤੇ 78ਵੇਂ ਦਿਹਾੜੇ ਮੌਕੇ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਕੌਮੀ ਤਿਰੰਗਾ ਲਹਿਰਾਉਣ ਉਪਰੰਤ ਬਠਿੰਡਾ ਵਾਸੀਆਂ ਨੂੰ ਆਪਣਾ ਸੰਦੇਸ਼ ਦਿੰਦਿਆਂ ਕੀਤਾ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਸ ਕੁਲਤਾਰ ਸਿੰਘ ਸੰਧਵਾਂ ਨੇ ਸ਼ਾਨਦਾਰ ਪ੍ਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਵੀ ਲਈ।

ਇਸ ਮੌਕੇ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ, ਵਿਧਾਇਕ ਬਠਿੰਡਾ (ਦਿਹਾਤੀ) ਸ਼੍ਰੀ ਅਮਿਤ ਰਤਨ, ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ, ਵਿਧਾਇਕ ਮੌੜ ਸ. ਸੁਖਵੀਰ ਸਿੰਘ ਮਾਈਸਰਖਾਨਾ, ਏਡੀਜੀਪੀ ਸ਼੍ਰੀ ਐਸਪੀਐਸ ਪਰਮਾਰ, ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਮਨੀਤ ਕੌਂਡਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਵੱਖ-ਵੱਖ ਲਹਿਰਾਂ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਲਾਲਾ ਲਾਜਪਤ ਰਾਏ, ਸ਼ਹੀਦ ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵਲੋਂ ਸਮੇਂ-ਸਮੇਂ ’ਤੇ ਅਰੰਭੇ ਗਏ ਸੰਘਰਸ਼ਾਂ ਅਤੇ ਦਿੱਤੀਆਂ ਕੁਰਬਾਨੀਆਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹਨ। ਸਾਨੂੰ ਆਪਣੀ ਪੰਜਾਬੀਅਤ ’ਤੇ ਮਾਣ ਹੈ।

ਇਸ ਦੌਰਾਨ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਮੁੜ ਸੂਬੇ ਨੂੰ “ਰੰਗਲਾ ਪੰਜਾਬ, ਹੱਸਦਾ ਖੇਡਦਾ ਤੇ ਖੁਸ਼ਹਾਲ ਪੰਜਾਬ ਬਣਾਉਣ” ਲਈ ਤਤਪਰ ਹੈ ਅਤੇ ਇਸ ਦਿਸ਼ਾ ਵਿੱਚ ਲਗਾਤਾਰ ਉਪਰਾਲੇ ਹੋ ਰਹੇ ਹਨ। ਸੂਬਾ ਸਰਕਾਰ ਵਲੋਂ ਸਿਹਤ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਅੰਦਰ ਕੁੱਲ 39 ਆਮ ਆਦਮੀ ਕਲੀਨਿਕ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 8,73,961 ਲਾਭਪਾਤਰੀ ਵੱਖ-ਵੱਖ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਦਾ ਲਾਹਾ ਲੈ ਚੁੱਕੇ ਹਨ ਅਤੇ 2,36,862 ਲਾਭਪਾਤਰੀਆਂ ਦੇ ਲੈਬ ਟੈਸਟ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਛੇਵੇਂ ਫੇਜ ਤਹਿਤ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ‘ਤੇ 6 ਹੋਰ ਆਮ ਆਦਮੀ ਕਲੀਨਿਕ ਉਸਾਰੀ ਅਧੀਨ ਹਨ।

ਸ. ਸੰਧਵਾਂ ਨੇ ਕਿਹਾ ਕਿ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ 40 ਲੱਖ ਦੀ ਲਾਗਤ ਨਾਲ ਰਾਜ ਦਾ ਇੱਕ ਪਲੇਠਾ ਫਿਜੀਓਥਰੈਪੀ ਸੈਂਟਰ ਖੋਲ੍ਹਿਆ ਜਾ ਰਿਹਾ ਹੈ, ਜਿਸ ‘ਤੇ ਕਾਰਜ ਪ੍ਰਗਤੀ ਅਧੀਨ ਹੈ। ਇਸ ਸੈਂਟਰ ‘ਚ ਆਮ ਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਫਿਜੀਓਥਰੈਪੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸੂਬਾ ਸਰਕਾਰ ਵਲੋਂ ਸਿੱਖਿਆ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਅਤੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ 2 ਕਰੋੜ 86 ਲੱਖ ਰੁਪਏ ਦੀ ਲਾਗਤ ਨਾਲ ਬਠਿੰਡਾ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਚ 6 ਸਕੂਲ ਆਫ਼ ਐਮੀਨੈਂਸ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ 1606 ਵਿਦਿਆਰਥੀਆਂ ਵਲੋਂ ਆਧੁਨਿਕ ਤਰੀਕੇ ਨਾਲ ਪੜ੍ਹਾਈ ਹਾਸਲ ਕੀਤੀ ਜਾ ਰਹੀ ਹੈ।

ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ ਮੁਹਿੰਮ ਤਹਿਤ ਨਸ਼ਾ ਤਸਕਰਾਂ ਉੱਪਰ ਸਿਕੰਜਾ ਕਸਦੇ ਹੋਏ 1 ਜਨਵਰੀ 2024 ਤੋਂ ਹੁਣ ਤੱਕ ਐਨ.ਡੀ.ਪੀ.ਐਸ ਐਕਟ ਤਹਿਤ ਬਠਿੰਡਾ ਪੁਲਿਸ ਵਲੋਂ 328 ਮੁਕੱਦਮੇ ਦਰਜ ਕੀਤੇ ਗਏ ਹਨ। ਦਰਜ ਮਾਮਲਿਆਂ ਵਿੱਚ ਸ਼ਾਮਲ 508 ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਬਠਿੰਡਾ ਪੁਲਿਸ ਵਲੋਂ ਹੁਣ ਤੱਕ ਨਸ਼ੇ ਦਾ ਕਾਲਾ ਕਾਰੋਬਾਰ ਕਰਨ ਵਾਲਿਆ ਦੀ 6 ਕਰੋੜ 16 ਲੱਖ 93 ਹਜ਼ਾਰ 646 ਰੁਪਏ ਦੀ ਪ੍ਰੋਪਰਟੀ ਫਰੀਜ਼ ਕੀਤੀ ਜਾ ਚੁੱਕੀ ਹੈ ।

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਸਾਲ 2022 ਤੋਂ ਲੈ ਕੇ ਹੁਣ ਤੱਕ 150 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਅੰਦਰ ਵੱਖ-ਵੱਖ ਤਰ੍ਹਾਂ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ। ਪੰਜਾਬ ਦਾ ਪਲੇਠਾ ਬਟੈਨੀਕਲ ਪਾਰਕ ਰੋਜ ਗਾਰਡਨ ਦੇ ਸਾਹਮਣੇ ਸਾਢੇ 7 ਏਕੜ ਵਿਚ 7.21 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਠਿੰਡਾ ਸ਼ਹਿਰ ਵਾਸੀਆਂ ਲਈ ਪਾਣੀ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਝੀਲ ਨੰਬਰ 1 ਦੇ ਨੇੜੇ ਸਾਢੇ 37 ਕਰੋੜ ਦੀ ਲਾਗਤ ਨਾਲ ਨਵਾਂ ਵਾਟਰ ਵਰਕਸ ਬਣਾਇਆ ਜਾਵੇਗਾ। ਮਿਉਂਸਿਪਲ ਕਾਰਪੋਰੇਸ਼ਨ ਬਠਿੰਡਾ ਵੱਲੋਂ 9 ਕਰੋੜ 94 ਲੱਖ ਰੁਪਏ ਦੇ ਵਿਕਾਸ ਕਾਰਜ ਮੁਕੰਮਲ ਕੀਤੇ ਜਾ ਚੁੱਕੇ ਹਨ ਜਿੰਨ੍ਹਾਂ ਵਿੱਚ ਮਾਨਸਾ ਰੋਡ ‘ਤੇ ਬਣਿਆ ਫਾਇਰ ਸਟੇਸ਼ਨ ਵੀ ਸ਼ਾਮਿਲ ਹੈ। ਬੀਤੇ ਇੱਕ ਸਾਲ ਵਿੱਚ CM ਦੀ ਯੋਗਸ਼ਾਲਾ ਵਿੱਚ 25 ਟ੍ਰੇਨਰਾਂ ਵੱਲੋਂ 133 ਕਲਾਸਾਂ ਰਾਹੀਂ 4500 ਤੋਂ ਵੱਧ ਇਲਾਕਾ ਨਿਵਾਸੀਆਂ ਨੂੰ ਯੋਗਾ ਦੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਪਲਾਨ ਸਕੀਮ ਅਧੀਨ ਜ਼ਿਲ੍ਹਾ ਬਠਿੰਡਾ ਵਿਖੇ 2 ਕਰੋੜ 40 ਲੱਖ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ ਜਿੰਨ੍ਹਾਂ ਵਿੱਚ 29 ਲੱਖ 55 ਹਜ਼ਾਰ ਰੁਪਏ ਲਾਇਬਰੇਰੀ ਦੀ ਉਸਾਰੀ ’ਤੇ ਖਰਚ ਕੀਤੇ ਗਏ ਹਨ।

ਜ਼ਿਲ੍ਹਾ ਬਠਿੰਡਾ ਵਿਖੇ ਸਾਲ 2023-24 ਦੌਰਾਨ ਮਨਰੇਗਾ ਅਧੀਨ ਹੁਣ ਤੱਕ 25 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ, ਜਿਸ ਵਿੱਚੋਂ 20 ਕਰੋੜ ਰੁਪਏ ਮਜ਼ਦੂਰੀ ਦੇ ਕੇ ਪਿੰਡ ਪੱਧਰ ‘ਤੇ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਵਾਟਰ ਸਪਲਾਈ ਅਤੇ ਸੀਵਰੇਜ਼ ਵਿਭਾਗ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਰਾਮਾਂ ਮੰਡੀ ਵਿੱਚ 7 ਕਰੋੜ 29 ਲੱਖ ਰੁਪਏ ਦਾ ਸੀਵਰੇਜ਼ ਟਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਹੈ। ਵਿਭਾਗ ਵੱਲੋਂ ਨਥਾਣਾ ਖੇਤਰ ਲਈ 2 ਕਰੋੜ 35 ਲੱਖ, ਗ੍ਰੋਥ ਸੈਂਟਰ ਲਈ 2 ਕਰੋੜ 25 ਲੱਖ ਅਤੇ ਬਠਿੰਡਾ ਦੇ ਗੋਨਿਆਣਾ ਰੋਡ ਖੇਤਰ ਵਿੱਚ ਸਾਫ ਪਾਣੀ ਉਪਲੱਬਧ ਕਰਾਉਣ ਲਈ 55 ਲੱਖ ਰੁਪਏ ਦੀ ਰਕਮ ਤੋਂ ਇਲਾਵਾ ਹੋਰ ਵੱਖ-ਵੱਖ ਵਿਕਾਸ ਕਾਰਜ ਵੀ ਕੀਤੇ ਜਾ ਰਹੇ ਹਨ।

ਇੰਪਰੂਵਮੈਂਟ ਟਰਸਟ ਬਠਿੰਡਾ ਵੱਲੋਂ 78 ਲੱਖ ਰੁਪਏ ਦੀ ਰਕਮ ਨਾਲ ਰਿੰਗ ਰੋਡ ਦੇ ਨਾਲ-ਨਾਲ ਗ੍ਰੀਨ ਬੈਲਟ ਦਾ ਨਿਰਮਾਣ ਕਰਕੇ ਇਲਾਕੇ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਬਠਿੰਡਾ ਜ਼ਿਲ੍ਹਾ ਪੰਜਾਬ ਦੇ ਉਨ੍ਹਾਂ ਵਿਸ਼ੇਸ਼ ਖੇਤਰਾਂ ਵਿੱਚੋਂ ਇੱਕ ਹੈ, ਜਿੱਥੇ ਲੱਗਭੱਗ 10 ਕਰੋੜ ਰੁਪਏ ਦੀ ਲਾਗਤ ਨਾਲ ਗਊਸ਼ਾਲਾਵਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਇੰਨ੍ਹਾਂ ਵਿੱਚੋ ਇੱਕ ਗਊਸ਼ਾਲਾ ਪਿੰਡ ਹਰਰਾਏਪੁਰ ਅਤੇ ਦੂਜੀ ਪਿੰਡ ਝੁੰਬਾ ਵਿਖੇ ਉਸਾਰੀ ਕੀਤੀ ਜਾ ਰਹੀ ਹੈ।

ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਸਾਲ 2023 ਵਿੱਚ ਨਵੀਂ ਖੇਡ ਨੀਤੀ ਬਣਾਈ ਗਈ। ਨਵੀਂ ਖੇਡ ਨੀਤੀ ਤਹਿਤ 1000 ਖੇਡ ਨਰਸਰੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ, ਜਿਸ ਦੀ ਸ਼ੁਰੂਆਤ ਪਹਿਲੇ ਫੇਜ਼ ਵਿੱਚ 260 ਨਰਸਰੀਆਂ ਤੋਂ ਹੋ ਚੁੱਕੀ ਹੈ। ਸੂਬਾ ਸਰਕਾਰ ਨੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ 14 ਕਰੋੜ ਰੁਪਏ ਦੀ ਲਾਗਤ ਨਾਲ ਖ਼ਰੀਦੀਆਂ 58 ਹੋਰ ਨਵੀਆਂ ਹਾਈਟੈੱਕ ਐਂਬੂਲੈਂਸਾਂ ਪਿਛਲੇ ਦਿਨੀਂ ਲੋਕਾਂ ਨੂੰ ਸਮਰਪਿਤ ਕੀਤੀਆਂ ਹਨ, ਜਿਸ ਪਿੱਛੋਂ ਸੂਬੇ ਵਿੱਚ ਕੁੱਲ 325 ਹਾਈ-ਟੈਕ ਐਂਬੂਲੈਂਸਾਂ ਲੋਕਾਂ ਦੀ ਸੇਵਾ ਵਿੱਚ ਤੈਨਾਤ ਹਨ। ਇੰਨ੍ਹਾਂ ਐਂਬੂਲੈਂਸਾਂ ਦੀ ਮਰੀਜ਼ਾਂ ਤੱਕ ਪਹੁੰਚ ਲਈ ਸ਼ਹਿਰੀ ਖੇਤਰਾਂ ਵਿੱਚ 15 ਮਿੰਟ ਤੇ ਪੇਂਡੂ ਖੇਤਰਾਂ ਵਿੱਚ 20 ਮਿੰਟ ਦੀ ਸਮਾਂ-ਸੀਮਾ ਨਿਰਧਾਰਤ ਕੀਤੀ ਗਈ ਹੈ ਅਤੇ ਐਂਬੂਲੈਸਾਂ ਦੀ ਰੀਅਲ-ਟਾਈਮ ਟਰੈਕਿੰਗ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਪੰਜਾਬ ਸਰਕਾਰ ਨੇ ਨਵਾਂ ਮੈਡੀਕਲ ਕਾਲਜ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੋਹਾਲੀ ਸ਼ੁਰੂ ਕੀਤਾ ਹੈ। ਇਸੇ ਤਰ੍ਹਾਂ ਕਪੂਰਥਲਾ ਤੇ ਹੁਸ਼ਿਆਰਪੁਰ ਵਿਖੇ 100 ਐਮ.ਬੀ.ਬੀ.ਐਸ. ਸੀਟਾਂ ਵਾਲੇ ਦੋ ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਜਾ ਰਹੇ ਹਨ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਕੈਂਸਰ ਕੇਅਰ ਸੈਂਟਰ ਫਾਜ਼ਿਲਕਾ ਵਿਖੇ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਕੈਂਸਰ ਇੰਸਟੀਚਿਊਟ ਦੀ ਸਥਾਪਨਾ ਕ੍ਰਮਵਾਰ 119 ਕਰੋੜ ਰੁਪਏ ਅਤੇ 46 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਗਈ ਹੈ।

ਇਸ ਮੌਕੇ ਸ. ਸੰਧਵਾਂ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਦੀ ਰਹਿਨੁਮਾਈ ਹੇਠ ਚਲਾਏ ਜਾ ਮਹੰਤ ਗੁਰਬੰਤਾ ਦਾਸ ਸਕੂਲ (ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ) ਦੇ ਸਕੂਲ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਜ਼ਿਲ੍ਹੇ ਭਰ ਦੇ ਸਾਰੇ ਸਕੂਲਾਂ ਵਿੱਚ 16 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ। ਇਸ ਤੋਂ ਪਹਿਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੁੱਖ ਮਹਿਮਾਨ ਸ. ਕੁਲਤਾਰ ਸਿੰਘ ਸੰਧਵਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ।

ਇਸ ਦੌਰਾਨ ਉਨ੍ਹਾਂ ਪ੍ਰੇਡ ਕਮਾਂਡਰ ਡੀਐਸਪੀ ਸ਼੍ਰੀ ਰਮਨਪ੍ਰੀਤ ਸਿੰਘ ਗਿੱਲ ਦੀ ਅਗਵਾਈ ਹੇਠ ਹੋਏ ਸ਼ਾਨਦਾਰ ਮਾਰਚ ਪਾਸਟ ਦੀਆਂ ਟੁਕੜੀਆਂ ਪੰਜਾਬ ਪੁਲਿਸ, ਪੰਜਾਬ ਹੋਮਗਾਰਡਜ਼, ਐਨ.ਸੀ.ਸੀ. 20 ਪੰਜਾਬ ਬਟਾਲੀਅਨ, ਐਨ.ਸੀ.ਸੀ. ਥ੍ਰੀ ਪੰਜਾਬ ਨੇਵਲ, ਸਕਾਊਟਸ, ਗਰਲਜ਼ ਗਾਈਡਜ਼, ਨਰਸਿੰਗ, ਪੰਜਾਬ ਪੁਲਿਸ ਤੇ ਆਰਮੀ ਸੈਕੰਡ ਜਾਟ ਬੈਂਡ ਦੀ ਟੁਕੜੀ ਤੋਂ ਸਲਾਮੀ ਲਈ। ਇਸ ਮੌਕੇ ਮੁੱਖ ਮਹਿਮਾਨ ਮੁੱਖ ਮਹਿਮਾਨ ਸ. ਕੁਲਤਾਰ ਸਿੰਘ ਸੰਧਵਾਂ ਵਲੋਂ ਅਮਨ ਤੇ ਸ਼ਾਂਤੀ ਦਾ ਪ੍ਰਤੀਕ ਰੰਗ-ਬਿਰੰਗੇ ਗੁਬਾਰੇ ਵੀ ਛੱਡੇ ਗਏ। ਇਸ ਦੌਰਾਨ ਮੁੱਖ ਮਹਿਮਾਨ ਸ. ਸੰਧਵਾਂ ਵਲੋਂ ਆਜ਼ਾਦੀ ਘੁਲਾਟੀਆਂ ਤੇ ਜੰਗੀ ਵਿਧਵਾਵਾਂ, ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਟਰਾਈ ਸਾਈਕਲਾਂ ਦੇਣ ਤੋਂ ਇਲਾਵਾ ਸਮਾਗਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਪੰਜਾਬ ਪੁਲਿਸ, ਨਗਰ ਨਿਗਮ, ਪੰਜਾਬ ਸਟੇਟ ਰੂਰਲ ਲਾਇਲਵੀਹੂਡ ਮਿਸ਼ਨ, ਸਿਹਤ ਵਿਭਾਗ, ਖੇਤੀਬਾੜੀ, ਜ਼ਿਲ੍ਹਾ ਪ੍ਰੋਗਰਾਮ, ਵੇਰਕਾ ਅਤੇ ਸਿੱਖਿਆ ਵਿਭਾਗ ਵਲੋਂ ਆਪੋਂ-ਆਪਣੇ ਵਿਭਾਗਾਂ ਦੇ ਕਾਰਜਾਂ ਨੂੰ ਦਰਸਾਉਂਦੀਆਂ ਹੋਈਆਂ ਝਾਕੀਆਂ ਵੀ ਕੱਢੀਆਂ ਗਈਆਂ।

ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਕਰੀਬ 1800 ਵਿਦਿਆਰਥੀਆਂ ਵਲੋਂ ਪੀ.ਟੀ ਸ਼ੋਅ ਕੀਤਾ ਗਿਆ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋਂ ਖੁਰਦ ਤੇ ਭੁੱਚੋਂ ਕਲਾਂ ਨੇ ਗੱਤਕਾ ਦੀ ਖੂਬਸੂਰਤ ਪੇਸ਼ਕਾਰੀ ਕੀਤੀ। ਇਸੇ ਤਰ੍ਹਾਂ ਮਾਊਟ ਲਿਟਰਾ ਜੀ ਸਕੂਲ ਵਲੋਂ ਸਵਾਗਤੀ ਗੀਤ, ਪੁਲਿਸ ਪਬਲਿਕ ਸਕੂਲ ਵਲੋਂ ਜਿਮਨਾਸਟਿਕ, ਸੇਂਟ ਜੌਸ਼ਫ਼ ਕਾਨਵੈਂਨਟ ਸਕੂਲ, ਮਹੰਤ ਗੁਰਬੰਤਾ ਦਾਸ ਸਕੂਲ ਫਾਰ ਸਪੈਸ਼ਲੀਏਬਲਡ ਬਠਿੰਡਾ (ਗੈਸਟ ਆਈਟਮ) ਅਤੇ ਬੀ.ਜੀ.ਐਨ. ਆਦਰਸ਼ ਸਕੂਲ ਵਲੋਂ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਤੇ ਵਿਦਿਆਰਥੀਆਂ ਵਲੋ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ।

ਸਮਾਗਮ ਦੇ ਅਖੀਰ ਵਿਚ ਸ਼ਹੀਦ ਮੇਜ਼ਰ ਰਵੀ ਇੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਮਹੰਤ ਗੁਰਬੰਤਾ ਦਾਸ ਸਕੂਲ ਫਾਰ ਸਪੈਸ਼ਲੀਏਬਲਡ ਬਠਿੰਡਾ ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ।

ਸਮਾਗਮ ਦੌਰਾਨ ਮਾਣਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸ਼੍ਰੀ ਸੁਮਿੱਤ ਮਲਹੋਤਰਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਲਤੀਫ ਅਹਿਮਦ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਲਵਜੀਤ ਕਲਸੀ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਡਾ. ਮਨਦੀਪ ਕੌਰ, ਆਰਟੀਏ ਮੈਡਮ ਪੂਨਮ ਸਿੰਘ, ਐਸਡੀਐਮ ਬਠਿੰਡਾ ਸ਼੍ਰੀਮਤੀ ਇਨਾਯਤ, ਚੇਅਰਮੈਨ, ਜ਼ਿਲ੍ਹਾ ਯੋਜਨਾ ਕਮੇਟੀ ਸ਼੍ਰੀ ਅੰਮ੍ਰਿਤਲਾਲ ਅਗਰਵਾਲ, ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰ੍ਰੀਜ਼ ਡਿਵੈਲਪਮੈਂਟ ਬੋਰਡ ਸ੍ਰੀ ਨੀਲ ਗਰਗ, ਚੇਅਰਮੈਨ ਪੰਜਾਬ ਜੰਗਲਾਤ ਵਿਭਾਗ ਸ੍ਰੀ ਰਾਕੇਸ਼ ਪੁਰੀ, ਚੇਅਰਮੈਨ, ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਸ. ਇੰਦਰਜੀਤ ਸਿੰਘ ਮਾਨ, ਪੰਜਾਬ ਵਪਾਰ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ, ਚੇਅਰਮੈਨ ਨਗਰ ਸੁਧਾਰ ਟਰਸਟ ਸ. ਜਤਿੰਦਰ ਭੱਲਾ, ਪੰਜਾਬ ਸ਼ਡਿਊਲ ਕਾਸਟ ਲੈਂਡ ਤੇ ਫਾਇਨੈਸ ਕਾਰਪੋਰੇਸ਼ਨ ਦੇ ਵਾਇਸ ਪ੍ਰਧਾਨ ਸ਼੍ਰੀ ਗੁਰਜੰਟ ਸਿੰਘ ਸਿਵੀਆ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਮੈਡਮ ਸਤਵੀਰ ਕੌਰ, ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ ਸ੍ਰੀ ਅਮਰਦੀਪ ਰਾਜਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਆਦਿ ਹਾਜ਼ਰ ਸਨ। 

[wpadcenter_ad id='4448' align='none']