ਬਠਿੰਡਾ, 21 ਅਗਸਤ : ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇੰਤਕਾਲਾਂ ਦੀ ਪੈਡੰਸੀ ਦੇ ਮੱਦੇਨਜ਼ਰ 24 ਤੇ 25 ਅਗਸਤ 2024 (ਸ਼ਨੀਵਾਰ ਤੇ ਐਤਵਾਰ) ਨੂੰ ਤਹਿਸੀਲ ਤੇ ਸਬ ਤਹਿਸੀਲ ਪੱਧਰ ’ਤੇ ਸਪੈਸ਼ਲ ਕੈਂਪ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਬਠਿੰਡਾ ਸਮੇਤ ਰਾਮਪੁਰਾ ਫੂਲ, ਮੌੜ, ਤਲਵੰਡੀ ਸਾਬੋ, ਸੰਗਤ, ਭਗਤਾ ਭਾਈਕਾ, ਨਥਾਣਾ, ਗੋਨਿਆਣਾ ਮੰਡੀ ਅਤੇ ਬਾਲਿਆਵਾਲੀ ਨਾਲ ਸਬੰਧਤ ਜ਼ਿਲ੍ਹੇ ਦੇ ਸਮੂਹ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਕਾਫੀ ਇੰਤਕਾਲ ਮਿਆਦ ਸਮੇਂ ਦੇ ਗੁਜਰਨ ਉਪਰੰਤ ਵੀ ਪਟਵਾਰੀ, ਕਾਨੂੰਗੋ ਅਤੇ ਸੀਆਰਓ ਦੇ ਦਰਜ ਫੈਸਲੇ ਤੋਂ ਬਕਾਇਆ ਪਏ ਹਨ, ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਜ਼ਿਲ੍ਹੇ ਦੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆ ਕਿਹਾ ਕਿ ਸਪੈਸ਼ਲ ਕੈਂਪਾਂ ਦੌਰਾਨ ਇੰਤਕਾਲਾਂ ਦੀ ਪੈਡੰਸੀ ਨੂੰ ਖਤਮ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਵੀ ਇੰਤਕਾਲਾਂ ਦਾ ਫੈਸਲਾ ਮਿਆਦ ਸਮੇਂ ਦੇ ਅੰਦਰ-ਅੰਦਰ ਕਰਨਾ ਲਾਜ਼ਮੀ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਇੰਤਕਾਲਾਂ ਸਬੰਧੀ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।