ਬਠਿੰਡਾ, 23 ਫਰਵਰੀ : ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜ ਵਿਖੇ ਜਿਲ੍ਹਾ ਪ੍ਰਸ਼ਾਸ਼ਨ, ਯੁਵਕ ਸੇਵਾਵਾਂ ਵਿਭਾਗ, ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਅਤੇ ਸਮੂਹ ਰੈੱਡ ਰਿਬਨ ਕਲੱਬ ਬਠਿੰਡਾ ਵੱਲੋਂ ਜ਼ਿਲ੍ਹਾ ਪੱਧਰੀ ਸੈਮੀਨਾਰ, ਪੋਸਟਰ ਮੇਕਿੰਗ ਅਤੇ ਸਵੀਪ ਸਲੋਗਨ ਮੁਕਾਬਲੇ ਕਰਵਾਏ ਗਏ।
ਇਸ ਸਮਾਰੋਹ ਦੇ ਮੁੱਖ ਮਹਿਮਾਨ ਐਸ.ਐਸ.ਡੀ. ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਮੁਕਾਬਲੇ ਨੌਜਵਾਨਾਂ ਵਿੱਚ ਪੜ੍ਹਾਈ ਦੇ ਨਾਲ-ਨਾਲ ਉਸਾਰੂ ਸਮਾਜ ਦੀ ਭਲਾਈ ਲਈ ਵੀ ਲਾਹੇਵੰਦ ਹੁੰਦੇ ਹਨ।
ਇਸ ਤੋਂ ਪਹਿਲਾਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ. ਰਘਵੀਰ ਸਿੰਘ ਮਾਨ ਨੇ ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੀ ਵੋਟ ਦਾ ਇਸਤੇਮਾਲ ਸੁਚੱਜੇ ਤਰੀਕੇ ਬੇਝਿਜਕ ਹੋਕ ਕੇ ਕਰਨ ਲਈ ਪ੍ਰੇਰਿਆ।
ਇਨ੍ਹਾਂ ਅੰਤਰ ਕਾਲਜ ਮੁਕਾਬਲਿਆਂ ਵਿੱਚ ਬਠਿੰਡਾ ਜ਼ਿਲ੍ਹੇ ਦੇ ਲਗਭਗ 17 ਕਾਲਜਾਂ ਨੇ ਭਾਗ ਲਿਆ । ਪੋਸਟਰ ਮੇਕਿੰਗ ਵਿੱਚ ਰਾਜਪਾਲ ਸਿੰਘ ਨੇ ਪਹਿਲਾ, ਅਮਨਜੋਤ ਕੌਰ ਨੇ ਦੂਜਾ ਅਤੇ ਗੁਰਨੂਰਜੋਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ । ਸਲੋਗਨ ਮੁਕਾਬਲੇ ਵਿੱਚ ਹਰਮਨ ਕੌਰ ਨੇ ਪਹਿਲਾ, ਕੋਮਲ ਕੌਰ ਨੇ ਦੂਜਾ ਅਤੇ ਸੁਖਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਰੀਲ ਮੇਕਿੰਗ ਮੁਕਾਬਲੇ ਵਿੱਚੋਂ ਐਸ.ਐਸ.ਡੀ. ਗਰਲਜ਼ ਕਾਲਜ ਦੀ ਮਨਵੀਰ ਕੌਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਦੀ ਭੂਮਿਕਾ ਸ. ਹਰਦਰਸ਼ਨ ਸੋਹਲ (ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ) ਅਤੇ ਸ. ਕੁਲਦੀਪ ਸਿੰਘ (ਸਾਬਕਾ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ) ਨੇ ਨਿਭਾਈ । ਕਾਲਜ ਦੇ ਰੈੱਡ ਰਿਬਨ ਕਲੱਬਾਂ ਦੇ ਕੋਆਰਡੀਨੇਟਰ ਡਾ. ਸਿਮਰਜੀਤ ਕੌਰ ਨੇ ਮੰਚ ਸੰਚਾਲਨ ਕੀਤਾ ਅਤੇ ਮੈਡਮ ਗੁਰਮਿੰਦਰ ਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਪ੍ਰਤੀਯੋਗੀਆਂ ਨੂੰ ਮੈਡਲ ਦੇ ਕੇ ਸਨਮਾਨਿਆਂ ਗਿਆ।
ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੈ ਗੋਇਲ ਅਤੇ ਕਾਲਜ ਸਕੱਤਰ ਸ਼੍ਰੀ ਵਿਕਾਸ ਗਰਗ ਨੇ ਵਲੰਟੀਅਰਾਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਕਿਹਾ ਕਿ ਅੱਗੇ ਤੋਂ ਵੀ ਅਜਿਹੇ ਸੈਮੀਨਾਰਾਂ ਅਤੇ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ।