Thursday, January 2, 2025

ਟਰਾਂਸਪੋਰਟ ਮੰਤਰੀ ਵਲੋਂ ਰਿਪੋਰਟ ਕੀਤੇ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਕਾਰਵਾਈ ਦੇ ਸਖ਼ਤ ਆਦੇਸ਼

Date:

ਚੰਡੀਗੜ੍ਹ, 13 ਜੂਨ:

ਮਨਿਸਟਰਜ਼ ਫ਼ਲਾਇੰਗ ਸਕੁਐਡ ਵੱਲੋਂ ਬਿਨਾਂ ਟੈਕਸ ਤੋਂ ਚਲ ਰਹੀਆਂ ਦੂਜੇ ਸੂਬਿਆਂ ਦੀਆਂ ਦੋ ਬੱਸਾਂ ਦੇ 50-50 ਹਜ਼ਾਰ ਰੁਪਏ ਦੇ ਚਲਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਪੈਸੇ ਲੈ ਕੇ ਸਵਾਰੀਆਂ ਨੂੰ ਟਿਕਟ ਨਾ ਦੇਣ ਵਾਲੇ ਤਿੰਨ ਕੰਡਕਟਰ ਵੀ ਕਾਬੂ ਕੀਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਬੇ ਵਿੱਚ ਜਨਤਕ ਬੱਸ ਸੇਵਾ ਨੂੰ ਹੋਰ ਦਰੁਸਤ ਕਰਨ ਅਤੇ ਟਰਾਂਸਪੋਰਟ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਜੜ੍ਹੋਂ ਖ਼ਾਤਮੇ ਲਈ ਗਠਤ ਕੀਤੇ ਗਏ ਮਨਿਸਟਰਜ਼ ਫ਼ਲਾਇੰਗ ਸਕੁਐਡ ਵੱਲੋਂ ਲੁਧਿਆਣਾ ਦੇ ਬੱਸ ਸਟੈਂਡ ਦੇ ਬਾਹਰ ਬੱਸਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ ਰਾਜਸਥਾਨ ਦੀ ਸਲੀਪਰ ਬੱਸ ਨੰਬਰ ਆਰ.ਜੇ. 28-ਪੀ.ਏ-0001 ਅਤੇ ਜੰਮੂ-ਕਸ਼ਮੀਰ ਦੀ ਸਲੀਪਰ ਬੱਸ ਨੰਬਰ ਜੇ.ਕੇ. 02-ਬੀ.ਜੀ 2099 ਨੂੰ ਬਿਨਾਂ ਸਟੇਟ ਟੈਕਸ ਤੋਂ ਚਲਦਾ ਪਾਇਆ ਗਿਆ, ਜਿਨ੍ਹਾਂ ਦੇ ਮੌਕੇ ‘ਤੇ ਹੀ ਚਲਾਨ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਫ਼ਲਾਇੰਗ ਸਕੁਐਡ ਨੇ ਹਿਮਾਚਲ ਪ੍ਰਦੇਸ਼ ਦੇ ਪਤਲੀਕੂਲ ਵਿਖੇ ਪੰਜਾਬ ਤੋਂ ਚਲਦੀਆਂ ਬੱਸਾਂ ਦੀ ਚੈਕਿੰਗ ਕੀਤੀ ਜਿਸ ਦੌਰਾਨ ਰੂਪਨਗਰ ਡਿਪੂ ਦੀ ਬੱਸ ਨੰਬਰ ਪੀ.ਬੀ-65 ਏ.ਟੀ-1695 ਦੇ ਕੰਡਕਟਰ ਅਸ਼ਵਨੀ ਕੁਮਾਰ ਨੂੰ ਸਵਾਰੀਆਂ ਤੋਂ 235 ਰੁਪਏ ਲੈ ਕੇ ਟਿਕਟ ਨਾ ਦੇਣ ਦਾ ਦੋਸ਼ੀ ਪਾਇਆ ਗਿਆ। ਇੱਥੇ ਹੀ ਸ਼ਹੀਦ ਭਗਤ ਸਿੰਘ ਨਗਰ ਡਿਪੂ ਦੀ ਬੱਸ ਪੀ.ਬੀ-07-ਸੀ.ਏ-5458 ਦੇ ਕੰਡਕਟਰ ਧਰਮਿੰਦਰ ਰਾਮ ਨੂੰ ਵੀ ਸਵਾਰੀਆਂ ਤੋਂ 140 ਰੁਪਏ ਲੈ ਕੇ ਟਿਕਟ ਨਾ ਦੇਣ ਲਈ ਰਿਪੋਰਟ ਕੀਤਾ ਗਿਆ ਹੈ। ਇਸੇ ਤਰ੍ਹਾਂ ਲੁਧਿਆਣਾ ਵਿਖੇ ਚੈਕਿੰਗ ਦੌਰਾਨ ਜਗਰਾਉਂ ਡਿਪੂ ਦੀ ਬੱਸ ਨੰਬਰ
ਪੀ.ਬੀ-10-ਜੀ.ਐਕਸ-6842 ਦੇ ਕੰਡਕਟਰ ਹਰਮੇਸ਼ ਸਿੰਘ ਨੂੰ ਵੀ ਸਵਾਰੀਆਂ ਤੋਂ 50 ਰੁਪਏ ਲੈ ਕੇ ਟਿਕਟ ਨਾ ਦੇਣ ਲਈ ਰਿਪੋਰਟ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਫ਼ਲਾਇੰਗ ਸਕੁਐਡ ਵੱਲੋਂ ਸਰਹਿੰਦ ਵਿਖੇ ਕੀਤੀ ਚੈਕਿੰਗ ਦੌਰਾਨ ਫ਼ਿਰੋਜ਼ਪੁਰ ਡਿਪੂ ਦੀ ਬੱਸ ਨੰਬਰ ਪੀ.ਬੀ-05-ਏ.ਪੀ 5354 ਨੂੰ ਅਣ-ਅਧਿਕਾਰਤ ਰੂਟ ‘ਤੇ ਚਲਦਾ ਪਾਇਆ ਗਿਆ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਰਿਪੋਰਟ ਕੀਤੇ ਗਏ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ।

ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਉਚੇਚੇ ਤੌਰ ‘ਤੇ ਕਿਹਾ ਕਿ ਸਰਕਾਰੀ ਬੱਸ ਸੇਵਾ ‘ਚ ਤੈਨਾਤ ਡਰਾਈਵਰ ਤੇ ਕੰਡਕਟਰ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ ਅਤੇ ਉਹ ਇਨ੍ਹਾਂ ਦੇ ਹਰ ਦੁਖ-ਸੁਖ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਪਰ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Share post:

Subscribe

spot_imgspot_img

Popular

More like this
Related