ਸਿੱਖਿਆਰਥੀ ਲਗਾਤਾਰ ਮੌਕ ਟੈਸਟ ਦਾ ਅਭਿਆਸ ਕਰਕੇ ਤਿਆਰੀ ਕਰਨ- ਡਿਪਟੀ ਕਮਿਸ਼ਨਰ ਫਰੀਦਕੋਟ

ਫਰੀਦਕੋਟ 23 ਮਾਰਚ 2024

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵਲੋਂ ਖੇਤੀਬਾੜੀ ਵਿਸ਼ੇ ਨਾਲ ਸੰਬੰਧਤ ਮੁਕਾਬਲੇ ਦੀ ਪ੍ਰੀਖਿਆ ਦੇਣ ਵਾਲੇ ਬੱਚਿਆਂ ਦੀ ਤਿਆਰੀ ਲਈ ਇੱਕ ਹਫਤੇ ਦੀਆਂ ਕਲਾਸਾਂ  ਦੇ ਆਖਰੀ ਦਿਨ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਅਤੇ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਕੁਲਵੰਤ ਸਿੰਘ ਵਲੋਂ ਪ੍ਰੇਰਨਾ ਦਾਇਕ ਭਾਸ਼ਣ ਦੇ ਕੇ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਮੁਕਾਬਲੇ ਦੀ ਪ੍ਰੀਖਿਆ ਵਿੱਚ ਕਾਮਯਾਬੀ ਹਾਸਲ ਕਰਨੀ ਹੈ l

ਡਿਪਟੀ ਕਮਿਸ਼ਨਰ ਫਰੀਦਕੋਟ ਵਿਨੀਤ ਕੁਮਾਰ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕਿਸੇ ਵੀ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਲਈ ਜ਼ਰੂਰੀ ਹੈ, ਪ੍ਰੀਖਿਆ ਦੇ ਸਲੇਬਸ ਨੂੰ ਵਿਸ਼ੇਵਾਰ ਚੰਗੀ ਤਰਾਂ ਸਮਝਣ ਉਪਰੰਤ, ਸਮੇਂ ਦਾ ਪ੍ਰਬੰਧਨ ਬਹੁਤ ਹੀ ਸਾਵਧਾਨੀ ਪੂਰਵਕ ਕੀਤਾ ਜਾਵੇ l ਉਨ੍ਹਾਂ  ਸਿੱਖਿਆਰਥੀਆਂ ਨੂੰ ਸਲਾਹ ਦਿੱਤੀ ਕਿ ਲਗਾਤਾਰ ਮੌਕ ਟੈਸਟ ਦਾ ਅਭਿਆਸ ਕਰਕੇ ਤਿਆਰੀ ਕਰਨ l ਉਨ੍ਹਾਂ ਮੁੱਖ ਖੇਤੀਬਾੜੀ ਅਫ਼ਸਰ ਨੂੰ ਹਦਾਇਤ ਕੀਤੀ ਕਿ ਮੁਕਾਬਲੇ ਦੀ ਤਿਆਰੀ ਕਰ ਰਹੇ ਇਨ੍ਹਾਂ ਬੱਚਿਆਂ ਨੂੰ ਪ੍ਰੀਖਿਆ ਤੋਂ ਪਹਿਲਾਂ ਹਰ ਹਫਤੇ ਪ੍ਰਸ਼ਨੋਤਰੀ ਆਨ ਲਾਈਨ ਭੇਜੀ ਜਾਵੇ ਤਾਂ ਜੋ, ਉਨ੍ਹਾਂ ਦੇ ਆਤਮ ਵਿਸ਼ਵਾਸ਼ ਵਿੱਚ ਵਾਧਾ ਹੋ ਸਕੇ l

 ਡਿਪਟੀ ਕਮਿਸ਼ਨਰ ਮੋਗਾ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਮੁਕਾਬਲੇ ਦੀ ਪ੍ਰੀਖਿਆ ਵਿੱਚ ਸਫਲਤਾ ਲਈ ਜ਼ਰੂਰੀ ਹੈ ਕਿ ਪ੍ਰੀਖਿਆਰਥੀ ਆਪਣੇ ਸਾਥੀਆਂ ਨਾਲ ਵਿਚਾਰ ਚਰਚਾ ਜ਼ਰੂਰ ਕਰਿਆ ਕਰਨ, ਅਜਿਹਾ ਕਰਨ ਨਾਲ ਗਿਆਨ ਵਿੱਚ  ਵਾਧਾ ਹੁੰਦਾ ਹੈ ਅਤੇ ਆਤਮ ਵਿਸ਼ਵਾਸ਼ ਵਧਦਾ ਹੈ l ਉਨ੍ਹਾਂ ਕਈ ਪ੍ਰੇਰਿਤ ਕਹਾਣੀਆਂ ਦਾ ਹਵਾਲਾ ਦਿੰਦਿਆਂ ਸਿੱਖਿਆਰਥੀਆਂ ਨੂੰ ਪ੍ਰੀਖਿਆ ਦੀ ਸਫਲਤਾ ਲਈ ਸਖ਼ਤ ਮਿਹਨਤ ਅਤੇ ਨਿਸ਼ਠਾ ਨਾਲ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ l ਉਨ੍ਹਾਂ ਇਸ ਨਿਵੇਕਲੇ ਅਤੇ ਵਿਲੱਖਣ ਉਪਰਾਲੇ ਲਈ ਖੇਤੀਬਾੜੀ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਸੁਝਾਅ ਦਿੱਤਾ ਕਿ ਇਸ ਉਪਰਾਲੇ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇ ਤਾਂ ਜੋ ਖੇਤੀਬਾੜੀ ਵਿਸ਼ੇ ਨਾਲ ਸੰਬੰਧਤ   ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਹੋ ਸਕਣ l

ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਇਹ ਪੰਜਾਬ ਵਿੱਚ  ਪਹਿਲਾ ਉਪਰਾਲਾ ਹੈ, ਕਿ ਕਿਸੇ ਅਸਾਮੀ ਦੀ ਲਿਖਤੀ ਪ੍ਰੀਖਿਆ ਲਈ ਵਿਭਾਗ ਵਲੋਂ ਕੋਚਿੰਗ ਕਲਾਸਾਂ ਲਗਾ ਕੇ ਬੱਚਿਆਂ ਨੂੰ ਤਿਆਰੀ ਕਰਵਾਈ ਗਈ ਹੋਵੇ l ਉਨ੍ਹਾਂ ਦੱਸਿਆ ਕਿ  ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ 35 ਬੱਚਿਆਂ ਨੇ ਭਾਗ ਲਿਆ l ਉਨ੍ਹਾਂ ਭਰੋਸਾ ਦਿੱਤਾ ਕਿ ਲਿਖਤੀ ਪ੍ਰੀਖਿਆ ਤੱਕ ਇਨ੍ਹਾਂ ਬੱਚਿਆਂ ਨਾਲ ਰਾਬਤਾ ਰੱਖਿਆ ਜਾਵੇਗਾ l ਉਨ੍ਹਾਂ  ਦੱਸਿਆ ਕਿ ਇਸ ਉਪਰਾਲੇ ਨੂੰ ਕਾਮਯਾਬ ਕਰਨ ਵਿੱਚ ਖੇਤੀਬਾੜੀ ਅਧਿਕਾਰੀਆਂ, ਪ੍ਰੋਜੈਕਟ ਡਾਇਰੈਕਟਰ ਆਤਮਾ ਅਤੇ ਸਮੂਹ ਸਟਾਫ਼ ਨੇ ਅਹਿਮ ਭੂਮਿਕਾ ਨਿਭਾਈ l

ਇਸ ਮੌਕੇ ਡਾ. ਰੁਪਿੰਦਰ ਕੌਰ ਡਿਪਟੀ ਡਾਇਰੈਕਟਰ ਪਾਮੇਟੀ, ਡਾ. ਰਾਜਿੰਦਰ ਕੌਰ ਕਾਲੜਾ, ਮੁੱਖੀ, ਪਸਾਰ ਸਿੱਖਿਆ ਵਿਭਾਗ (ਸੇਵਾ ਮੁਕਤ ), ਡਾ. ਵੰਦਨਾ ਛਾਬੜਾ, ਪ੍ਰੋਫੈਸਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਨੇ ਵੱਖ ਵੱਖ ਵਿਸ਼ਿਆਂ ਤੇ ਸਿੱਖਿਆਰਥੀਆਂ ਨੂੰ ਜਾਣਕਾਰੀ ਦਿੱਤੀ l

ਇਸ ਮੌਕੇ ਡਾ. ਅਮਨ ਕੇਸ਼ਵ ਪ੍ਰੋਜੈਕਟ ਡਾਇਰੈਕਟਰ ਆਤਮਾ, ਡਾ. ਲਖਵੀਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ,ਡਾ. ਭੂਪੇਸ਼ ਜੋਸ਼ੀ, ਡਾ. ਖੁਸ਼ਵੰਤ ਸਿੰਘ,ਡਿਪਟੀ ਪੀ ਡੀ ਸਮੇਤ ਸਮੂਹ ਸਟਾਫ਼ ਹਾਜ਼ਰ ਸੀ l

[wpadcenter_ad id='4448' align='none']