ਝੋਨੇ ਦੀ ਪਨੀਰੀ ਦਾ ਸਰਵੇਖਣ ਜਾਰੀ

ਬਠਿੰਡਾ, 26 ਜੂਨ : ਪੰਜਾਬ ਐਗਰੀਕਰਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਝੋਨੇ ਦੀ ਫਸਲ ਦੀ ਸੁਚੱਜੀ ਕਾਸ਼ਤ ਸੰਬੰਧੀ ਜਾਗਰੂਕਤਾ ਮੁਹਿੰਮ ਦੇ ਤਹਿਤ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਪੀ.ਏ.ਯੂ ਲੁਧਿਆਣਾ ਦੇ ਦਿਸ਼ਾਂ-ਨਿਰਦੇਸ਼ਾਂ ਅਧੀਨ ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ਜਿਲੇ ਦੇ ਵੱਖ-ਵੱਖ ਪਿੰਡਾਂ ਘਸੋਖਾਨਾ, ਭਾਈ ਬਖਤੌਰ, ਕੋਟਫੱਤਾ, ਕੋਟਭਾਰਾ ਅਤੇ ਘੁੰਮਣ ਕਲਾ ਵਿੱਚ ਝੋਨੇ ਦੀ ਪਨੀਰੀ ਦਾ ਸਰਵੇਖਣ ਕੀਤਾ ਗਿਆ। ਇਸ ਸਰਵੇਖਣ ਦਾ ਮੁੱਖ ਉਦੇਸ਼ ਝੋਨੇ/ਬਾਸਮਤੀ ਦੀ ਪਨੀਰੀ ਵਿੱਚ ਬੂਟਿਆਂ ਦੇ ਮਧਰੇਪਣ ਦੀ ਰੋਕਥਾਮ ਸੰਬੰਧੀ ਕਿਸਾਨਾਂ ਨੂੰ ਅਗਾਊ ਜਾਗਰੂਕ ਕਰਨਾ ਹੈ।

ਡਿਪਟੀ ਡਾਇਰੈਕਟਰ (ਟ੍ਰੇਨਿਗ), ਕੇ.ਵੀ.ਕੇ, ਬਠਿੰਡਾ ਡਾ. ਗੁਰਦੀਪ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨਰਸਰੀ/ਪਨੀਰੀ ਦਾ ਹਰ ਰੋਜ ਸਰਵੇਖਣ ਕਰਦੇ ਰਹਿਣ ਅਤੇ ਬੂਟਿਆਂ ਦੇ ਮਧਰੇਪਣ ਦੀ ਸਮੱਸਿਆ ਆਉਣ ਤੇ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਨੇੜੇ ਦੇ ਖੇਤੀਬਾੜੀ ਵਿਭਾਗ ਦੇ ਦਫਤਰ ਨਾਲ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਕੇ.ਵੀ.ਕੇ ਵੱਲੋਂ ਲੱਗਭਗ 30 ਦੇ ਕਰੀਬ ਨਰਸਰੀਆਂ ਦਾ ਦੌਰਾ ਕੀਤਾ ਗਿਆ ਅਤੇ ਕਿਸੇ ਵੀ ਨਰਸਰੀ ਵਿੱਚ ਮਧਰੇਪਣ ਦਾ ਹਮਲਾ ਦੇਖਣ ਨੂੰ ਨਹੀਂ ਮਿਲਿਆ।

ਇਸ ਮੌਕੇ ਡਾ. ਵਿਨੈ ਸਿੰਘ ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਨੇ ਦੱਸਿਆ ਕਿ ਬੂਟਿਆਂ ਦਾ ਮਧਰਾਪਣ ਇੱਕ ਵਿਸ਼ਾਣੂ ਰੋਗ ਹੈ ਜੋ ਕਿ ਚਿੱਟੀ ਪਿੱਠ ਵਾਲੇ ਟਿੱਡੇ ਤੋਂ ਫੈਲਦਾ ਹੈ। ਇਸ ਰੋਗ ਤੋਂ ਪ੍ਰਭਾਵਿਤ ਬੂਟੇ ਮਧਰੇ, ਜਿਨ੍ਹਾਂ ਦੇ ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ, ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਅੱਧੀ ਜਾਂ ਇੱਕ ਤਿਹਾਈ ਰਹਿ ਜਾਂਦੀ ਹੈ ਅਤੇ ਕਈ ਵਾਰ ਬੂਟੇ ਮੁਰਝਾ ਕੇ ਸੁੱਕ ਵੀ ਜਾਂਦੇ ਹਨ। ਇਸ ਰੋਗ ਦੀ ਰੋਕਥਾਮ ਲਈ ਖੇਤਾਂ ਨੂੰ ਡੂੰਘਾ ਵਾਹੋ ਅਤੇ ਪਿਛਲੀ ਰਹਿੰਦ-ਖੂੰਹਦ ਨੂੰ ਨਸ਼ਟ ਕਰ ਦਿਓ। ਪਾਣੀ ਵਾਲੇ ਖਾਲਾਂ ਅਤੇ ਵੱਟਾਂ ਬੰਨਿਆਂ ਨੂੰ ਨਦੀਨਾਂ ਤੋਂ ਮੁਕਤ ਰੱਖੋ। ਬਿਮਾਰੀ ਵਾਲੇ ਬੂਟਿਆਂ ਨੂੰ ਸ਼ੁਰੂ ਵਿੱਚ ਹੀ ਪੁੱਟ ਕੇ ਨਸ਼ਟ ਕਰ ਦਿਓ ਅਤੇ ਇਸ ਰੋਗ ਨੂੰ ਫੈਲਾਉਣ ਵਾਲੇ ਟਿੱਡੇ (ਚਿੱਟੀ ਪਿੱਠ ਵਾਲੇ ਟਿੱਡੇ) ਦੀ ਸੁਚੱਜੀ ਰੋਕਥਾਮ, ਪਨੀਰੀ ਦੀ ਬਿਜਾਈ ਤੋਂ ਹੀ ਸ਼ੁਰੂ ਕਰ ਦਿਓ।   ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ ਝੋਨੇ ਦੀ ਫਸਲ ਦਾ ਸਰਵੇਖਣ ਕਰਦੇ ਰਹੋ ਅਤੇ ਇਸ ਟਿੱਡੇ ਦੀ ਆਮਦ ਵੇਖਣ ਲਈ ਰਾਤ ਨੂੰ ਪਨੀਰੀ/ਖੇਤ ਨੇੜੇ ਬਲਬ ਜਗ੍ਹਾ ਕੇ ਰੱਖੋ। ਜਿਵੇਂ ਹੀ ਇਸ ਟਿੱਡੇ ਦੀ ਆਮਦ ਨਜ਼ਰ ਆਵੇ ਤਾਂ ਕਿਸਾਨ ਵੀਰ ਕਿਸੇ ਵੀ ਇੱਕ ਕੀਟਨਾਸ਼ਕ ਜਿਵੇਂ ਕਿ 94 ਮਿ.ਲਿ. ਪੈਕਸਾਲੋਨ 10 ਐਸ ਸੀ ਜਾਂ 60 ਗ੍ਰਾਮ ਉਲਾਲਾ 50 ਡਬਲਯੂ ਜੀ ਜਾਂ 80 ਗ੍ਰਾਮ ਉਸ਼ੀਨ/ਟੋਕਨ/ਡੋਮਿਨੇਂਟ 20 ਐਸ ਜੀ ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ ਜਾਂ 300 ਮਿ.ਲੀ. ਇਮੇਜਨ 10 ਐਸ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਬੂਟਇਆਂ ਦੇ ਮੁੱਢਾਂ ਤੇ ਛਿੜਕਾਅ ਕਰਨ।

[wpadcenter_ad id='4448' align='none']