ਮਾਨਸਾ, 26 ਜੁਲਾਈ:
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮਾਨਸਾ ਦੀ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਸਬੰਧੀ ਵੱਖ—ਵੱਖ ਪਿੰਡਾਂ ਵਿੱਚ ਨਰਮੇ ਦੀ ਫਸਲ ਦਾ ਸਰਵੇਖਣ ਕੀਤਾ ਗਿਆ। ਟੀਮ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਸ੍ਰ. ਹਰਵਿੰਦਰ ਸਿੰਘ ਸਿੱਧੂ, ਸਹਾਇਕ ਕਪਾਹ ਵਿਸਥਾਰ ਅਫ਼ਸਰ ਬਲਾਕ ਮਾਨਸਾ ਸ੍ਰੀ ਮਨੋਜ ਕੁਮਾਰ, ਸਹਾਇਕ ਕਪਾਹ ਵਿਸਥਾਰ ਅਫਸਰ ਬਲਾਕ ਮਾਨਸਾ, ਮਿਸ ਜ਼ਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫਸਰ ਮਾਨਸਾ ਅਤੇ ਸ੍ਰੀ ਗੁਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਮਾਨਸਾ ਸ਼ਾਮਿਲ ਸਨ।
ਵੱਖ—ਵੱਖ ਬਲਾਕਾਂ ਦੀਆਂ ਟੀਮਾਂ ਵੱਲੋਂ ਪਿੰਡ ਫਫੜੇ ਭਾਈ ਕੇ, ਬੱਪੀਆਣਾ, ਕੋਟ ਲੱਲੂ, ਦਲੇਲ ਸਿੰਘ ਵਾਲਾ, ਠੂਠਿਆਵਾਲੀ, ਭੈਣੀ ਬਾਘਾ, ਘੁੰਮਣ, ਸੱਦਾ ਸਿੰਘ ਵਾਲਾ, ਭਾਈ ਦੇਸਾ, ਕੋਟਲੀ ਕਲਾਂ, ਕੋਟਲੀ ਖੁਰਦ ਵਿੱਚ ਕਿਸਾਨ ਕੇਸਰ ਸਿੰਘ, ਪਵਿੱਤਰ ਸਿੰਘ, ਹਰਪ੍ਰੀਤ ਸਿੰਘ, ਹਰਚਰਨ ਸਿੰਘ, ਬਲਕਰਨ ਸਿੰਘ ਦੇ ਖੇਤਾਂ ਵਿੱਚ ਨਰਮੇ ਦੀ ਫਸਲ ਦਾ ਜਾਇਜ਼ਾ ਲਿਆ ਗਿਆ ਅਤੇ ਕਿਤੇ—ਕਿਤੇ ਨਰਮੇ ਦੀ ਫਸਲ ਉੱਪਰ ਚਿੱਟੀ ਮੱਖੀ ਦਾ ਹਮਲਾ ਵੇਖਿਆ ਗਿਆ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜਿਲ੍ਹਾ ਮਾਨਸਾ ਵਿੱਚ ਨਰਮੇ ਦੀ ਫਸਲ ਉੱਪਰ ਕੀੜਿਆਂ ਦੇ ਸਰਵੇਖਣ ਲਈ 12 ਬਲਾਕ ਪੱਧਰੀ ਅਤੇ ਇੱਕ ਜਿਲ੍ਹਾ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਹਰ ਸੋਮਵਾਰ ਅਤੇ ਵੀਰਵਾਰ ਨੂੰ ਸਵੇਰੇ 08.00 ਵਜੇ ਤੋਂ ਸਵੇਰੇ 10.00 ਵਜੇ ਤੱਕ ਨਰਮੇ ਦੀ ਫਸਲ ਦਾ ਸਰਵੇਖਣ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਗੁਲਾਬੀ ਸੁੰਡੀ ਦੇ ਹਮਲੇ ਦੀ ਨਿਗਰਾਨੀ ਲਈ 500 ਫੀਰੋਮੋਨ ਟਰੈਪ ਲਗਾਏ ਗਏ ਹਨ, ਜਿੰਨ੍ਹਾਂ ਵਿੱਚ ਗੁਲਾਬੀ ਸੁੰਡੀ ਦੇ ਕੁੱਝ ਪਤੰਗੇ ਆ ਰਹੇ ਹਨ ਪਰੰਤੁ ਕਿਤੇ ਵੀ ਗੁਲਾਬੀ ਸੁੰਡੀ ਦਾ ਹਮਲਾ ਨਜ਼ਰ ਨਹੀਂ ਆਇਆ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੀੜਿਆਂ ਦੇ ਹਮਲੇ ਸਬੰਧੀ ਕੀਤੇ ਜਾ ਰਹੇ ਸਰਵੇਖਣ ਦੌਰਾਨ ਖੇਤੀ ਅਧਿਕਾਰੀਆਂ ਨਾਲ ਪੂਰਨ ਸਹਿਯੋਗ ਕੀਤਾ ਜਾਵੇ ਤਾਂ ਜੋ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਰਸਾਤ ਨਾ ਹੋਣ ਕਾਰਨ ਪੈ ਰਹੀ ਹੁੰਮਸ ਭਰੀ ਗਰਮੀ ਅਤੇ ਖੁਸ਼ਕ ਮੌਸਮ, ਚਿੱਟੀ ਮੱਖੀ ਦੇ ਵਾਧਾ ਦੇ ਹਮਲੇ ਲਈ ਅਨੁਕੂਲ ਬਣਿਆ ਹੋਇਆ ਹੈ। ਜਿਸ ਕਾਰਨ ਵਧੇਰੇ ਚੌਕਸ ਰਹਿਣ ਦੀ ਜਰੂਰਤ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਕਿਸਾਨ ਆਪਣੇ ਖੇਤਾਂ ਨੂੰ ਸਮੇਂ ਸਿਰ ਲੋੜ ਅਨੁਸਾਰ ਪਾਣੀ ਦੇਣ ਤਾਂ ਜ਼ੋ ਨਰਮੇ ਦੀ ਫਸਲ ਨੂੰ ਔੜ ਤੋਂ ਬਚਾਇਆ ਜਾ ਸਕੇ, ਕਿਉਂਕਿ ਸੋਕੇ ਵਾਲੇ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਵਧੇਰੇ ਹੁੰਦਾ ਹੈ।
ਸ੍ਰੀ ਮਨੋਜ਼ ਕੁਮਾਰ, ਸਹਾਇਕ ਕਪਾਹ ਵਿਸਥਾਰ ਅਫਸਰ ਬਲਾਕ ਮਾਨਸਾ ਨੇ ਦੱਸਿਆ ਕਿ ਚਿੱਟੀ ਮੱਖੀ ਨਰਮੇ ਦੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੰਦੀ ਹੈ। ਜਿਸ ਕਾਰਨ ਇਸ ਦੀ ਸਮੇਂ ਸਿਰ ਰੋਕਥਾਮ ਕਰਨੀ ਬਹੁਤ ਜਰੂਰੀ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਖੇਤਾਂ ਦਾ ਹਰ ਹਫਤੇ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਲੋੜ ਮੁਤਾਬਿਕ ਕੀਟਨਾਸ਼ਕਾਂ ਦਾ ਛਿੜਕਾਅ ਕਰਕੇ ਰੋਕਥਾਮ ਕਰਨ। ਉਨ੍ਹਾਂ ਦੱਸਿਆ ਕਿ ਕੀਟਨਾਸ਼ਕ ਦੀ ਸਪਰੇਅ ਕਰਨ ਤੋਂ ਨਰਮੇ ਦੀ ਫਸਲ ਨੂੰ ਪਾਣੀ ਲਗਾਇਆ ਜਾਵੇ। ਨਰਮੇ ਦੀ ਫਸਲ ’ਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਨਜ਼ੂਰਸ਼ੁਦਾ ਸਪਰੇਆਂ ਦਾ ਛਿੜਕਾਅ ਉਸ ਸਮੇਂ ਸ਼ੁਰੂ ਕੀਤਾ ਜਾਵੇ ਜਦੋਂ ਬੂਟੇ ਦੇ ਉਪਰਲੇ ਹਿੱਸੇ ਵਿੱਚ ਸਵੇਰ ਨੂੰ 10.00 ਵਜੇ ਤੋਂ ਪਹਿਲਾ ਇਸ ਦੀ ਗਿਣਤੀ ਪ੍ਰਤੀ ਪੱਤਾ 06 ਜਾਂ 06 ਤੋਂ ਵੱਧ ਹੋ ਜਾਵੇ।
ਉਨ੍ਹਾਂ ਕਿਹਾ ਕਿ ਚਿੱਟੀ ਮੱਖੀ ਦੇ ਬਾਲਗਾਂ ਦੀ ਰੋਕਥਾਮ ਲਈ 200 ਮਿਲੀਲਿਟਰ ਕਲਾਸਟੋ 20 ਡਬਲਯੂ. ਜੀ (ਪਾਇਰੀਫਲੂਕੀਨਾਜੋਨ) ਜਾਂ 400 ਮਿਲੀਲਿਟਰ ਸਫੀਨਾ 50 ਡੀ.ਸੀ. (ਅਫਿਡੋਪਾਇਰੋਪਿਨ) ਜਾਂ 60 ਗ੍ਰਾਮ ਓਸ਼ੀਨ 20 ਐਸ.ਜੀ (ਡਾਇਨੋਟੈਫੂਰਾਨ) ਜਾਂ 200 ਗ੍ਰਾਮਪੋਲੋ/ਰੂਬੀ/ਕਰੇਜ/ਲੂਡੋ/ਸ਼ੋਕੂ 50 ਡਬਲਯੂ.ਪੀ. (ਡਾਇਆਫੈਨਥੀਯੂਰੋਨ) ਜਾਂ 80 ਗ੍ਰਾਮ ਉਲਾਲਾ 50 ਡਬਲਯੂ.ਜੀ (ਫਲੋਨਿਕਾਮਿਡ) ਜਾਂ 80 ਮਿਲੀਲਿਟਰ ਫੋਸਮਾਇਟ/ਈਮਾਈਟ/ਵਾਲਥੀਆਨ/ਗੋਲਡਮੀਟ 50 ਈ.ਸੀ. (ਈਥੀਆਨ) ਅਤੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ 500 ਮਿਲੀਲਿਟਰ ਲੈਨੋ 10 ਈ.ਸੀ. (ਪਾਈਰੀਪੋਰਕਸੀਫਿਨ) ਜਾਂ 200 ਮਿਲੀਲਿਟਰ ੳਬਰੇਨ/ਵੋਲਟੇਜ਼ 22.9 ਐਸ.ਸੀ (ਸਪੈਰੋਮੈਸੀਫਿਨ) ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨ ਦੀ ਸਲਾਹ ਦਿੱਤੀ।
ਖੇਤੀਬਾੜੀ ਵਿਭਾਗ ਦੀ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਸਬੰਧੀ ਵੱਖ—ਵੱਖ ਪਿੰਡਾਂ ਵਿੱਚ ਨਰਮੇ ਦੀ ਫਸਲ ਦਾ ਸਰਵੇਖਣ
Date: