ਭਾਰੀ ਬਰਸਾਤ ਦੇ ਵਰਦਿਆਂ ਬੀਤੀ ਰਾਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਿਲੌਰ ਦੇ ਪਿਛਲੇ ਪਾਸੇ ਸਤਲੁਜ ਦਰਿਆ ਦਾ ਬੰਨ੍ਹ ਟੁੱਟ ਗਿਆ। ਸੂਚਨਾ ਮਿਲਦੇ ਹੀ ਆਮ ਆਦਮੀ ਪਾਰਟੀ ਫਿਲੌਰ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਫਿਲੌਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
ਦੇਖਦੇ ਹੀ ਦੇਖਦੇ ਪੰਜਾਬ ਪੁਲਿਸ ਅਕੈਡਮੀ ਦੀ ਗਰਾਊਂਡ, ਕਬਰਸਤਾਨ ਤੇ ਨੇੜਲੀ ਸ਼ਮਸ਼ਾਨਘਾਟ ਵਾਲੇ ਇਲਾਕੇ ‘ਚ ਪਾਣੀ ਭਰ ਗਿਆ। ਅਕੈਡਮੀ ਦੇ ਮੁਲਾਜ਼ਮਾਂ ਦੀਆਂ ਗੱਡੀਆਂ ਪਾਣੀ ‘ਚ ਡੁੱਬ ਗਈਆਂ। ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ‘ਚ ਇਕੱਠੇ ਹੋ ਗਏ ਤੇ ਦਰਿਆ ‘ਚ ਪਏ ਪਾੜ ਨੂੰ ਪੂਰਨ ਲਈ ਜੁਟ ਗਏ। ਪਾਣੀ ਦੇ ਵਧਦੇ ਪੱਧਰ ਕਾਰਨ ਇਲਾਕੇ ਦੇ ਲੋਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਬਾਵਜੂਦ ਇਸਦੇ ਸਥਿਤ ਕਾਬੂ ਹੇਠ ਹੈ। ਮੀਡੀਆ ਕਰਮੀ ਵੀ ਵੱਡੀ ਗਿਣਤੀ ‘ਚ ਮੌਕੇ ਤੇ ਪਹੁੰਚੇ ਹੋਏ ਸਨ।
ਅਧਿਕਾਰੀਆਂ ਦਾ ਕਹਿਣਾ ਸੀ ਕਿ ਜੇ ਪਾਣੀ ਪਿੱਛੋ ਹੋਰ ਛੱਡ ਦਿੱਤਾ ਗਿਆ ਤਾਂ ਸੈਂਕੜੇ ਪਿੰਡ ਪਾਣੀ ਦੀ ਮਾਰ ਹੇਠ ਆ ਸਕਦੇ ਹਨ। ਐੱਸਡੀਐਮ ਫਿਲੌਰ, ਤਹਿਸੀਲਦਾਰ ਫਿਲੌਰ, ਐਸਡੀਓ ਡਰੇਨੇਜ, ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਵੱਡੀ ਗਿਣਤੀ ‘ਚ ਮੌਕੇ ‘ਤੇ ਹਾਜ਼ਰ ਸਨ।
ਸੁਸ਼ੀਲ ਰਿੰਕੂ ਨੇ ਲਿਆ ਪਿੰਡ ਖਹਿਰਾ ਬੇਟ ਦਾ ਜਾਇਜ਼ਾ
ਤਹਿਸੀਲ ਫਿਲੌਰ ਦੇ ਸਤਲੁਜ ਨੇੜਲੇ ਪਿੰਡ ਖਹਿਰਾ ਬੇਟ ਵਿਖੇ ਪਾਣੀ ਭਰਨ ਕਾਰਨ ਫਸੇ ਲੋਕਾਂ ਬਾਹਰ ਕੱਢਣ ਦੌਰਾਨ ਬਚਾਅ ਅਮਲਾ, ਮੁਲਾਜ਼ਮ ਤੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਖ਼ੁਦ ਜੁੱਟ ਗਏ। ਇਸ ਦੌਰਾਨ ਐੱਮਪੀ ਰਿੰਕੂ ਇਕ ਛੋਟੇ ਬੱਚੇ ਨੂੰ ਗੋਦੀ ਵਿਚ ਚੁੱਕ ਕੇ ਬਾਹਰ ਲਿਆਏ।
ਡੀਸੀ ਵੱਲੋਂ ਫੌਜ ਨੂੰ ਚੌਕਸ ਰਹਿਣ ਦੇ ਆਦੇਸ਼
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਹੈ ਕਿ ਹੜ ਦੀ ਸਥਿਤੀ ਨੂੰ ਦੇਖਦੇ ਹੋਏ ਫੌਜ ਨੂੰ ਚੌਕਸ ਰਹਿਣ ਦੇ ਆਦੇਸ਼ ਦੇ ਦਿੱਤੇ ਗਏ ਹਨ। ਲੋਹੀਆਂ ਦੇ ਜਾਣੀਆਂ ਚਾਹਲ ਵਿਖੇ ਬੰਨ੍ਹ ਦੀ ਨਾਜ਼ੁਕ ਹਾਲਤ ਨੂੰ ਲੈ ਕੇ ਉਥੇ ਵੀ ਪ੍ਸ਼ਾਸਨਿਕ ਅਧਿਕਾਰੀ ਪਹੁੰਚ ਗਏ ਹਨ। ਧਰਨਾ ਲਾਉਣ ਵਾਲੇ ਇਲਾਕਾ ਵਾਸੀਆਂ ਨੂੰ ਭਰੋਸਾ ਦਿਤਾ ਗਿਆ ਹੈ ਕਿ ਪ੍ਸ਼ਾਸਨ ਹਰ ਸਥਿਤੀ ਨਾਲ ਨਜਿਠਣ ਲਈ ਤਿਆਰ ਹੈ।