ਜਲਾਲਾਬਾਦ 17 ਸਤੰਬਰ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਵੱਛਤਾ ਹੀ ਸੇਵਾ 2024 ਮੁਹਿੰਮ ਦੀ ਸ਼ੁਰੂਆਤ ਡਵੀਜ਼ਨ ਫਾਜ਼ਿਲਕਾ ਦੇ ਅਧੀਨ ਪੈਂਦੇ ਬਲਾਕ ਜਲਾਲਾਬਾਦ ਵਿੱਚ ਕੀਤੀ ਗਈ| ਇਸ ਦੀ ਸ਼ੁਰੂਆਤ ਮੌਕੇ ਪਿੰਡ ਗੁਮਾਨੀ ਵਾਲਾ ਵਿਖ਼ੇ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪਹੁੰਚ ਕੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ| ਇਸ ਦੌਰਾਨ ਪਿੰਡਾਂ ਦੇ ਸਰਪੰਚ, ਪੰਚ ਅਤੇ ਵਲੰਟੀਅਰ ਮੌਜੂਦ ਸਨ ।
ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪਿੰਡਾਂ ਵਿੱਚ ਸਾਫ਼ ਸੁਥਰਾ ਚੌਗਿਰਦਾ ਦੇਣ ਲਈ ਵਚਨਬੱਧ ਹੈ, ਇਸ ਲਈ ਸਮੇਂ ਸਮੇਂ ਤੇ ਅਭਿਆਨ ਚਲਾ ਕੇ ਲੋਕਾਂ ਨੂੰ ਸਾਫ ਸਫਾਈ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ| ਇਸ ਦੇ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ 17 ਸਤੰਬਰ ਤੋਂ 2 ਅਕਤੂਬਰ ਤੱਕ ਸਵੱਛਤਾ ਹੀ ਸੇਵਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੌਰਾਨ ਵੱਖ-ਵੱਖ ਗਤੀਵਿਧੀਆਂ ਉਲੀਕ ਕੇ ਆਲਾ ਦੁਆਲਾ ਸਾਫ ਸੁਥਰਾ ਅਤੇ ਬਿਮਾਰੀਆਂ ਮੁਕਤ ਬਣਾਉਣ ਦਾ ਪ੍ਰਣ ਲਿਆ ਜਾਵੇਗਾ |
ਉਹਨਾਂ ਕਿਹਾ ਕਿ ਇਸ ਮੁਹਿੰਮ ਦੇ ਨਾਲ ਨਾਲ ਇੱਕ ਰੁੱਖ ਮਾਂ ਦੇ ਨਾਮ ਤਹਿਤ ਪੌਦਿਆਂ ਨੂੰ ਵੀ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਾਤਾਵਰਨ ਦੀ ਸਾਂਭ ਸੰਭਾਲ ਲਈ ਰੁੱਖ ਅਹਿਮ ਰੋਲ ਅਦਾ ਕਰਦੇ ਹਨ | ਉਹਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਇੱਕ ਪੌਦਾ ਜਰੂਰ ਲਗਾਣਾ ਚਾਹੀਦਾ ਹੈ ਤੇ ਇਸ ਦੀ ਸੰਭਾਲ ਵੀ ਲਾਜ਼ਮੀ ਕਰਨੀ ਚਾਹੀਦੀ ਹੈ |
ਇਸ ਮੌਕੇ ਕਾਰਜਕਾਰੀ ਇੰਜੀਨੀਅਰ ਧਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਾਫ ਸਫਾਈ ਨੂੰ ਲੈ ਕੇ 2 ਅਕਤੂਬਰ ਤੱਕ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਤਾਂ ਜੋ ਹਰੇਕ ਨਾਗਰਿਕ ਸਫਾਈ ਦਾ ਮਹੱਤਵ ਸਮਝੇ ਅਤੇ ਇਸ ਮੁਹਿੰਮ ਵਿੱਚ ਵੱਧ ਚੜ ਕੇ ਯੋਗਦਾਨ ਪਾਵੇ |
ਇਸ ਮੌਕੇ ਐਸਡੀਓ ਅਰਵਿੰਦ ਬਲਾਨਾ, ਆਈ. ਈ. ਸੀ ਇਨਚਾਰਜ ਪੂਨਮ ਖੁੰਗਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸਬ ਡਵੀਜ਼ਨ ਜਲਾਲਾਬਾਦ ਜੂਨੀਅਰ ਇੰਜੀਨੀਅਰ ਸ਼੍ਰੀ ਪਰਮਜੀਤ ਸਿੰਘ, ਵਿਕਰਮ ਕਟਾਰੀਆ, ਰਾਜਿੰਦਰ ਸਿੰਘ ਅਤੇ ਬੀ.ਆਰ.ਸੀ ਅਮਨਦੀਪ ਕੰਬੋਜ ਤੋਂ ਇਲਾਵਾ ਪਿੰਡਾਂ ਦੇ ਸਰਪੰਚ,ਪੰਚ ਅਤੇ ਨੁਮਾਇੰਦੇ ਹਾਜ਼ਰ ਸਨ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਵੱਛਤਾ ਹੀ ਸੇਵਾ 2024 ਮੁਹਿੰਮ ਦੀ ਸ਼ੁਰੂਆਤ
Date: