ਜ਼ਿਲ੍ਹਾ ਸਵੀਪ ਟੀਮ ਅਤੇ ਜ਼ਿਲ੍ਹਾ ਖੇਡ ਅਫ਼ਸਰ ਦੇ ਵੱਲੋਂ ਜ਼ਿਲ੍ਹੇ ਵਿੱਚ ਕਰਵਾਏ ਸਵੀਪ ਟੂਰਨਾਮੈਂਟ

ਮੋਗਾ 3 ਮਈ:
ਲੋਕ ਸਭਾ ਚੋਣਾਂ 2024 ਦੇ ਮਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰ. ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ (ਜ)-ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ਼ੁਭੀ ਆਂਗਰਾ ਦੀ ਯੋਗ ਅਗਵਾਈ ਨਾਲ ਜ਼ਿਲ੍ਹੇ ਵਿਚ ਚੱਲ ਰਹੀਆਂ ਵੋਟਰ ਜਾਗਰੂਕਤਾ ਗਤੀਵਿਧੀਆਂ ਦੇ ਤਹਿਤ ਜ਼ਿਲ੍ਹਾ ਸਵੀਪ ਟੀਮ ਅਤੇ ਜ਼ਿਲ੍ਹਾ ਖੇਡ ਅਫਸਰ ਵੱਲੋਂ ਜ਼ਿਲ੍ਹਾ ਮੋਗਾ ਦੇ ਤਿੰਨ ਹਲਕਿਆਂ ਧਰਮਕੋਟ, ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਵਿੱਚ ਵੋਟਰ ਜਾਗਰੂਕਤਾ ਖੇਡਾਂ ਕਰਵਾਈਆਂ ਗਈਆਂ। ਇਸ ਵਿੱਚ ਖਿਡਾਰੀਆਂ ਨੂੰ ਖੇਡਾਂ ਦੇ ਨਾਲ-ਨਾਲ ਲੋਕਤੰਤਰ ਦੀ ਮਜ਼ਬੂਤੀ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਹਲਕਾ ਧਰਮਕੋਟ ਦੇ ਪਿੰਡ ਘੁਲਾਟੀ ਦੇ ਖੇਡ ਮੈਦਾਨ ਵਿੱਚ ਅਮੋਲ ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਦੁਆਰਾ ਫੁੱਟਬਾਲ ਮੈਚ ਦਾ ਆਯੋਜਨ ਕੀਤਾ ਗਿਆ ਜਿੱਥੇ  ਪਹਿਲੀ ਵਾਰ ਵੋਟ ਪਾਉਣ ਵਾਲੇ ਖਿਡਾਰੀ ਵੀ ਸ਼ਾਮਲ ਸਨ। ਉਨ੍ਹਾਂ ਨੇ ਬਹੁਤ ਹੀ ਸ਼ਾਨਦਾਰ ਖੇਡਾਂ ਦਾ ਪ੍ਰਦਰਸ਼ਨ ਕੀਤਾ ਅਤੇ ਦੇਸ਼ ਦੇ ਲਈੇ ਖੇਡਣ ਦਾ ਪ੍ਰਣ ਵੀ ਲਿਆ।
ਇਸ ਸਮੇਂ ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫਸਰ ਪ੍ਰੋ: ਗੁਰਪ੍ਰੀਤ ਸਿੰਘ ਘਾਲੀ ਨੇ ਖਿਡਾਰੀਆਂ ਨੂੰ ਵਧੀਆ ਖੇਡਣ ਲਈ ਵਧਾਈ ਦਿੱਤੀ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਖਿਡਾਰੀਆਂ ਨੂੰ ਵੋਟ ਜਰੂਰ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਸਮੂਹ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਤਾ-ਪਿਤਾ, ਭਰਾ-ਭੈਣ ਅਤੇ ਆਂਢ-ਗੁਆਂਢ ਦੇ ਸਾਰੇ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ। ਇਸ ਸਮੇਂ ਖਿਡਾਰੀਆਂ ਨੂੰ ਬਿਨਾਂ ਕਿਸੇ ਲਾਲਚ ਅਤੇ ਡਰ ਤੋਂ ਵੋਟ ਪਾਉਣ ਦਾ ਪ੍ਰਣ ਵੀ ਦਿਵਾਇਆ ਗਿਆ। ਇਸੇ ਤਰ੍ਹਾਂ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਢੁੱਡੀਕੇ ਦੇ ਖੇਡ ਮੈਦਾਨ ਵਿੱਚ ਇੱਕ ਹਾਕੀ ਦਾ ਮੈਚ ਕਰਵਾਇਆ ਗਿਆ। ਇਸ ਸਮੇਂ ਜ਼ਿਲ੍ਹਾ ਸਵੀਪ ਟੀਮ ਦੇ ਅਧਿਕਰੀਆਂ ਨੇ ਖਿਡਾਰੀਆਂ ਦਾ ਮਨੋਬਲ ਵਧਾਇਆ ਅਤੇ ਉਨ੍ਹਾਂ  ਨੂੰ ਆਉਣ ਵਾਲੀਆਂ ਚੋਣਾਂ ਪ੍ਰਤੀ ਉਤਸ਼ਾਹਿਤ ਕੀਤਾ। ਇਸੇ ਤਰ੍ਹਾਂ ਤੀਸਰਾ ਟੂਰਨਾਮੈਂਟ ਬਾਘਾਪੁਰਾਨਾ ਹਲਕੇ ਦੇ ਪਿੰਡ ਸਮਾਲਸਰ ਵਿੱਚ ਕਰਵਾਇਆ ਗਿਆ।
ਇੱਥੇ ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਕੱਬਡੀ ਦਾ ਆਯੋਜਨ ਕੀਤਾ ਗਿਆ। ਇੱਥੇ ਜ਼ਿਲ੍ਹਾ ਸਵੀਪ ਟੀਮ ਦੇ ਵੱਲੋਂ ਸੈਕਟਰ ਅਫ਼ਸਰ ਹਰਿੰਦਰ ਸ਼ਰਮਾ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦਾ ਹੌਂਸਲਾ ਵਧਾਇਆ। ਉਨ੍ਹਾਂ ਨੇ ਸਾਰੇ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਜੋ ਕਿ 01 ਜੂਨ 2024 ਨੂੰ ਹੋ ਰਹੀਆਂ ਹਨ ਉਨ੍ਹਾਂ ਵਿੱਚ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਜ਼ਰੂਰ ਜਾਓ। ਞੋਟਰ ਸੇਵਕ ਬਣ ਕੇ ਜ਼ੋ ਆਪਣੇ ਆਪ ਵੋਟ ਪਾਉਣ ਨਹੀਂ ਜਾ ਸਕਦੇ ਉਨ੍ਹਾਂ ਨੂੰ ਆਪਣੇ ਨਾਲ ਵੋਟ ਪਾਉਣ ਲਈ ਲੈ ਕੇ ਜਾਓ ਅਤੇ ਫਿਰ ਵਾਪਿਸ ਘਰ ਵੀ ਪਹੁੰਚਾਓ। ਇਨ੍ਹਾਂ ਸਾਰੀਆਂ ਥਾਵਾਂ ਤੇ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਚਲਾਏ ਜਾ ਰਹੇ ਵੋਟਰ ਹੈਲਪਲਾਈਨ ਐਪ, ਸੀ ਵਿਜ਼ਲ ਐਪ, ਸਕਸ਼ਮ ਐਪ ਅਤੇ ਚੋਣ ਬੂਥ ਤੇ ਚੋਣਾਂ ਵਾਲੇ ਦਿਨ ਮਿਲਣ ਵਾਲੀਆਂ ਸਹੂਲਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ।  

[wpadcenter_ad id='4448' align='none']