ਮਾਨਸਾ, 27 ਫਰਵਰੀ:
ਪਲਸ ਪੋਲੀਓ ਸਬੰਧੀ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2011 ਤੋਂ ਬਾਅਦ ਭਾਰਤ ਵਿੱਚ ਭਾਵੇਂ ਕੋਈ ਪੋਲੀਓ ਦਾ ਕੇਸ ਨਹੀਂ ਮਿਲਿਆ ਪ੍ਰੰਤੂ ਗੁਆਂਢੀ ਦੇਸ਼ਾਂ ਵਿੱਚ ਪੋਲੀਓ ਦੀ ਬਿਮਾਰੀ ਹੋਣ ਕਾਰਨ ਅਸੀਂ ਆਪਣੇ ਬੱਚਿਆਂ ਦੀ ਬਿਮਾਰੀ ਪ੍ਰਤੀ ਸੁਰੱਖਿਆ ਨੂੰ ਮਜ਼ਬੂਤ ਕਰਦੇ ਹੋਏ ਬੱਚਿਆਂ ਨੂੰ ਪੋਲੀਓ ਦੀ ਵੈਕਸੀਨ ਪਿਲਾ ਰਹੇ ਹਾਂ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ 03 ਮਾਰਚ ਤੋਂ 05 ਮਾਰਚ ਤੱਕ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਪਹਿਲੇ ਦਿਨ ਬੂਥਾਂ ’ਤੇ, ਦੂਸਰੇ ਅਤੇ ਤੀਸਰੇ ਦਿਨ ਘਰ ਘਰ ਜਾ ਕੇ ਦਵਾਈ ਪਿਲਾਉਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਜ਼ੀਰੋ ਤੋਂ ਪੰਜ ਸਾਲ ਦਾ ਬੱਚਾ ਇਸ ਵੈਕਸੀਨ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਮੋਬਾਈਲ ਟੀਮਾਂ ਰਾਹੀਂ ਝੁੱਗੀ, ਝੌਂਪੜੀਆਂ, ਸ਼ੈੱਲਰ, ਭੱਠੇ, ਕੰਸਟਰੱਕਸ਼ਨ ਵਾਲੀਆਂ ਥਾਂਵਾਂ ਅਤੇ ਹੋਰ ਮਾਈਗਰੇਟਰੀ ਆਬਾਦੀ ਨੂੰ ਇੰਨ੍ਹਾਂ ਟੀਮਾਂ ਦੁਆਰਾ ਵੈਕਸੀਨ ਪਿਲਾਈ ਜਾਵੇਗੀ। ਇਸ ਰਾਊਂਡ ਵਿੱਚ ਕੁੱਲ 73045 ਬੱਚਿਆਂ ਨੂੰ ਵੈਕਸੀਨ ਪਿਲਾਉਣ ਦਾ ਟੀਚਾ ਹੈ, ਜਿਸ ਵਿਚ ਕੁੱਲ 378 ਬੂਥ ਅਤੇ 73 ਸੁਪਰਵਾਈਜ਼ਰ ਲਗਾਏ ਗਏ ਹਨ। ਇਸ ਦੇ ਲਈ 17 ਮੋਬਾਇਲ ਟੀਮਾਂ ਅਤੇ 13 ਟਰਾਂਜ਼ਿਟ ਟੀਮਾਂ ਕੰਮ ਕਰਨਗੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ, ਐਸ.ਡੀ.ਐਮ. ਬੁਢਲਾਡਾ ਸ੍ਰ ਗਗਨਦੀਪ ਸਿੰਘ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ, ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ, ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਸ੍ਰੀ ਅਵਤਾਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਜ਼ਿਲ੍ਹੇ ਦੇ 73045 ਬੱਚਿਆਂ ਨੂੰ ਪੋਲੀਓ ਰੋਕੂ ਵੈਕਸੀਨ ਪਿਲਾਉਣ ਦਾ ਟੀਚਾ, 378 ਬੂਥ ਅਤੇ 73 ਸੁਪਰਵਾਈਜ਼ਰ ਨਿਯੁਕਤ-ਡਿਪਟੀ ਕਮਿਸ਼ਨਰ
[wpadcenter_ad id='4448' align='none']