ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮੁੱਖ ਕੋਚ ਗੈਰੀ ਕਰਸਟਨ ਨੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਬਾਰੇ ਵੱਡਾ ਖੁਲਾਸਾ ਕੀਤਾ ਹੈ। ਕਰਸਟਨ ਨੇ ਦੱਸਿਆ ਕਿ ਜਦੋਂ ਭਾਰਤੀ ਟੀਮ ਨਾਲ ਜੁੜੇ ਸੀ ਤਾਂ ਸਚਿਨ ਤੇਂਦੁਲਕਰ ਕਾਫੀ ਨਾਖੁਸ਼ ਸਨ ਅਤੇ ਸੰਨਿਆਸ ਲੈਣ ਬਾਰੇ ਸੋਚ ਰਹੇ ਸਨ। ਕਰਸਟਨ ਨੇ ਇਹ ਵੀ ਦੱਸਿਆ ਕਿ ਐਮਐਸ ਧੋਨੀ ਉਨ੍ਹਾਂ ਲਈ ਬਿਲਕੁਲ ਵੱਖਰੇ ਰਹੇ ਤੇ ਉਨ੍ਹਾਂ ਨੇ ਸਾਬਕਾ ਕਪਤਾਨ ਦੀ ਤੁਲਨਾ ਮਾਸਟਰ ਬਲਾਸਟਰ ਨਾਲ ਕੀਤੀ।
ਗੈਰੀ ਕਰਸਟਨ ਨੇ ਐਡਮ ਕੋਲਿਨਜ਼ ਦੇ ਯੂਟਿਊਬ ਸ਼ੋਅ ‘ਦਿ ਫਾਈਨਲ ਵਰਡ ਕ੍ਰਿਕੇਟ ਪੋਡਕਾਸਟ’ ‘ਤੇ ਗੱਲਬਾਤ ਕਰਦਿਆਂ ਯਾਦ ਕੀਤਾ ਕਿ ਦਸੰਬਰ 2007 ਵਿੱਚ ਜਦੋਂ ਉਨ੍ਹਾਂ ਨੂੰ ਭਾਰਤੀ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ, ਤਾਂ ਉਨ੍ਹਾਂ ਨੂੰ ਟੀਮ ਵਿੱਚ ਬਹੁਤ ਜ਼ਿਆਦਾ ਨਾਖੁਸ਼ੀ ਤੇ ਡਰ ਦਾ ਮਾਹੌਲ ਦੇਖਣ ਨੂੰ ਮਿਲਿਆ। ਕਰਸਟਨ ਨੇ ਦੱਸਿਆ ਕਿ ਸਚਿਨ ਤੇਂਦੁਲਕਰ ਬਹੁਤ ਦੁਖੀ ਸਨ ਤੇ ਉਸ ਸਮੇਂ ਸੰਨਿਆਸ ਲੈਣ ਬਾਰੇ ਸੋਚ ਰਹੇ ਸਨ। ਵੈਸਟਇੰਡੀਜ਼ ਵਿੱਚ 2007 ਵਿਸ਼ਵ ਕੱਪ ਵਿੱਚ ਭਾਰਤ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਸਚਿਨ ਤੇਂਦੁਲਕਰ ਦੇ ਸੰਨਿਆਸ ਦੀ ਕਹਾਣੀ ਤੋਂ ਪ੍ਰਸ਼ੰਸਕ ਚੰਗੀ ਤਰ੍ਹਾਂ ਜਾਣੂ ਹਨ।
ਹੈਰਾਨ ਰਹੇ ਗਏ ਸੀ ਕਰਸਟਨ
ਕਰਸਟਨ ਨੇ ਖੁਲਾਸਾ ਕੀਤਾ ਕਿ 2007 ‘ਚ ਬਾਕੀ ਸਮੇਂ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਸਚਿਨ ਤੇਂਦੁਲਕਰ ਦੇ ਮਨ ਵਿਚ ਸੰਨਿਆਸ ਦਾ ਵਿਚਾਰ ਲਗਾਤਾਰ ਉਸਦੇ ਦਿਮਾਗ ਵਿੱਚ ਸੀ, ਇਹ ਜਾਣ ਕੇ ਹੈਰਾਨ ਰਹਿ ਗਏ। ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਨੇ ਕਿਹਾ, ‘ਉਸ ਸਮੇਂ ਧੋਨੀ ਵਰਗੀ ਕਪਤਾਨੀ ਦੀ ਲੋੜ ਸੀ, ਤਾਂ ਜੋ ਇਸ ਪ੍ਰਤਿਭਾਸ਼ਾਲੀ ਟੀਮ ਨੂੰ ਵਿਸ਼ਵ ਚੈਂਪੀਅਨ ਬਣਾਇਆ ਜਾ ਸਕੇ। ਜਦੋਂ ਮੈਂ ਟੀਮ ਦੀ ਜ਼ਿੰਮੇਵਾਰੀ ਸੰਭਾਲੀ ਤਾਂ ਟੀਮ ਵਿੱਚ ਕਾਫੀ ਡਰ ਸੀ। ਖਿਡਾਰੀਆਂ ਵਿੱਚ ਨਾਖੁਸ਼ੀ ਸੀ ਅਤੇ ਇਸ ਲਈ ਮੇਰੇ ਲਈ ਜ਼ਰੂਰੀ ਸੀ ਕਿ ਵਿਅਕਤੀ ਨੂੰ ਸਮਝਣਾ ਤੇ ਜਾਣ ਸਕਾਂ ਕਿ ਉਹ ਉਹ ਆਪਣੇ ਆਪ ਨੂੰ ਟੀਮ ਵਿੱਚ ਕਿੱਥੇ ਫਿੱਟ ਸਮਝਦੇ ਹਨ ਤੇ ਖੇਡਣ ਲਈ ਉਨ੍ਹਾਂ ਦੀ ਖੁਸ਼ੀ ਦਾ ਜ਼ਰੀਆ ਕੀ ਹੈ
ਤੇਂਦੁਲਕਰ ਨੂੰ ਆਉਣ ਲੱਗਾ ਆਨੰਦ
ਕਰਸਟਨ ਨੇ ਕਿਹਾ, ‘ਇੱਕ ਕੋਚ ਅਜਿਹੇ ਖਿਡਾਰੀਆਂ ਦਾ ਸਮੂਹ ਚਾਹੁੰਦਾ ਹੈ ਜੋ ਕਮੀਜ਼ ਦੇ ਅੱਗੇ ਵਾਲੇ ਨਾਂ ਲਈ ਖੇਡੇ ਨਾ ਸ਼ਰਟ ਦੇ ਪਿਛਲੇ ਵਾਲੇ ਨਾਂ ਲਈ। ਭਾਰਤ ਇਕ ਮੁਸ਼ਕਲ ਸਥਾਨ ਹੈ, ਜਿੱਥੇ ਵਿਅਕਤੀਗਤ ਸੁਪਰਸਟਾਰਾਂ ਦੇ ਆਲੇ ਦੁਆਲੇ ਬਹੁਤ ਹਵਾ ਹੁੰਦੀ ਹੈ ਤੇ ਤੁਸੀਂ ਅਕਸਰ ਇਹ ਭੁੱਲ ਜਾਂਦੇ ਹੋ ਕਿ ਤੁਹਾਡੀਆਂ ਨਿੱਜੀ ਜ਼ਰੂਰਤਾਂ ਕੀ ਹਨ। ਇਸ ਮਾਮਲੇ ‘ਚ ਧੋਨੀ ਇਕ ਵੱਖਰੀ ਕਿਸਮ ਦੇ ਨੇਤਾ ਸਨ ਕਿਉਂਕਿ ਉਹ ਚੰਗਾ ਪ੍ਰਦਰਸ਼ਨ ਕਰਨ ਲਈ ਟੀਮ ‘ਤੇ ਬਹੁਤ ਧਿਆਨ ਦਿੰਦੇ ਸਨ। ਉਹ ਟਰਾਫੀ ਜਿੱਤਣਾ ਚਾਹੁੰਦੇ ਸੀ ਅਤੇ ਇਸ ਵਿੱਚ ਕਾਮਯਾਬ ਰਹੇ ਅਤੇ ਇਸ ਬਾਰੇ ਜਨਤਕ ਤੌਰ ‘ਤੇ ਕਹਿੰਦੇ ਸਨ।
ਆਪਣੇ ਕ੍ਰਿਕਟ ਦਾ ਮਜ਼ਾ ਨਹੀਂ ਲੈ ਰਹੇ ਸੀ ਸਚਿਨ
ਕਰਸਟਨ ਨੇ ਅੱਗੇ ਕਿਹਾ, ‘ਸਚਿਨ ਤੇਂਦੁਲਕਰ ਮੇਰੇ ਲਈ ਸਭ ਤੋਂ ਵੱਖਰੇ ਸੀ ਕਿਉਂਕਿ ਜਦੋਂ ਮੈਂ ਟੀਮ ਨਾਲ ਜੁੜਿਆ ਸੀ ਤਾਂ ਉਹ ਬਹੁਤ ਦੁਖੀ ਸਨ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਹ ਟੀਮ ਨੂੰ ਬਹੁਤ ਕੁਝ ਦੇ ਸਕਦੇ ਹਨ, ਪਰ ਉਹ ਆਪਣੇ ਕ੍ਰਿਕਟ ਦਾ ਆਨੰਦ ਨਹੀਂ ਲੈ ਰਹੇ ਸੀ ਤੇ ਆਪਣੇ ਕਰੀਅਰ ਦੇ ਅਜਿਹੇ ਪੜਾਅ ‘ਤੇ ਸਨ ਜਦੋਂ ਉਹ ਸੰਨਿਆਸ ਲੈਣ ਦੀ ਯੋਜਨਾ ਬਣਾ ਰਹੇ ਸੀ। ਮੇਰੇ ਲਈ ਇਹ ਮਹੱਤਵਪੂਰਨ ਸੀ ਕਿ ਮੈਂ ਉਨ੍ਹਾਂ ਨਾਲ ਜੁੜਾਂ ਤੇ ਉਨ੍ਹਾਂ ਨੂੰ ਇਹ ਮਹਿਸੂਸ ਕਰਾਵਾਂ ਕਿ ਟੀਮ ਲਈ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਹੈ ਅਤੇ ਉਨ੍ਹਾਂ ਦੇ ਯੋਗਦਾਨ ਦੀ ਲੋੜ ਹੈ ਜੋ ਉਹ ਕਰਨਾ ਚਾਹੁੰਦੇ ਹਨ।’
ਧੋਨੀ ਤੋਂ ਮਿਲੀ ਵੱਡੀ ਮਦਦ
ਕਰਸਟਨ-ਧੋਨੀ ਦੀ ਸਾਂਝੇਦਾਰੀ ਇਸ ਲਈ ਜਾਣੀ ਜਾਂਦੀ ਹੈ ਜਿਸ ਨੇ ਭਾਰਤੀ ਕ੍ਰਿਕਟ ਨੂੰ ਵਿਸ਼ਵ ਕੱਪ ਜਿੱਤਣ ਦਾ ਅਹਿਸਾਸ ਕਰਵਾਇਆ। 2008 ‘ਚ ਬਣੀ ਇਸ ਜੋੜੀ ਨੇ ਤਿੰਨ ਸਾਲ ਬਾਅਦ ਘਰੇਲੂ ਦਰਸ਼ਕਾਂ ਸਾਹਮਣੇ ਦੇਸ਼ ਨੂੰ ਸਭ ਤੋਂ ਵੱਡਾ ਤੋਹਫਾ ਦਿੱਤਾ ਹੈ। ਕਰਸਟਨ ਨੇ ਮੰਨਿਆ ਕਿ ਭਾਰਤ ਵਿੱਚ ਸੁਪਰਸਟਾਰ ਪਰੰਪਰਾ ਦੇ ਵਿੱਚ ਕ੍ਰਿਕਟਰ ਇਹ ਭੁੱਲ ਜਾਂਦੇ ਹਨ ਕਿ ਟੀਮ ਲਈ ਪ੍ਰਦਰਸ਼ਨ ਕਰਨਾ ਉਨ੍ਹਾਂ ਲਈ ਮਹੱਤਵਪੂਰਨ ਹੈ ਤੇ ਵਿਅਕਤੀਗਤ ਰਿਕਾਰਡ ਮਾਇਨੇ ਨਹੀਂ ਰੱਖਦੇ, ਤੇ ਇਸ ਖੇਤਰ ਵਿੱਚ ਧੋਨੀ ਤੇਂਦੁਲਕਰ ਵਰਗੇ ਖਿਡਾਰੀਆਂ ਤੋਂ ਵੱਖਰੇ ਹਨ। ਇਸ ਨਾਲ ਕਈ ਖਿਡਾਰੀ ਮੁੜ ਲੀਂਹ ‘ਤੇ ਆ ਗਏ ਤੇ ਸਚਿਨ ਤੇਂਦੁਲਕਰ ਆਪਣੀ ਕ੍ਰਿਕਟ ਦਾ ਆਨੰਦ ਲੈਣ ਲੱਗੇ।
ਕਰਸਟਨ ਨੇ ਇਹ ਕਹਿ ਕੇ ਸਮਾਪਤੀ ਕੀਤੀ, ‘ਐਮਐਸ ਧੋਨੀ ਤੇ ਮੈਂ ਕੋਚ-ਕਪਤਾਨ ਦੀ ਸਭ ਤੋਂ ਅਸੰਭਵ ਸਾਂਝੇਦਾਰੀ ਬਣਾਈ ਹੈ ਜਿਸ ਦੀ ਅੰਤਰਰਾਸ਼ਟਰੀ ਕ੍ਰਿਕਟ ਵਿਚ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ। ਅਸੀਂ ਇਕੱਠੇ ਇਸ ਯਾਤਰਾ ਦਾ ਆਨੰਦ ਮਾਣਿਆ।