ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਅਪ੍ਰੈਲ, 2024:
ਆਗਾਮੀ ਲੋਕ ਸਭਾ ਚੋਣਾਂ-2024 ਲਈ ਨੌਜਵਾਨ ਅਤੇ ਪਹਿਲੀ ਵਾਰ ਬਣੇ ਵੋਟਰਾਂ ਨੂੰ ਲਾਮਬੰਦ ਕਰਨ ਲਈ, ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਬੂਥ ਲੈਵਲ ਅਫ਼ਸਰਾਂ ਦੇ ਨਾਲ ਲਗਪਗ 4000 ਵਲੰਟੀਅਰ (ਇੱਕ ਬੂਥ ਲਈ ਘੱਟੋ-ਘੱਟ ਪੰਜ-ਪੰਜ) ਸ਼ਾਮਲ ਕੀਤਾ ਹੈ ਜੋ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸੀਪੇਸ਼ਨ ਤਹਿਤ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਵੋਟਰਾਂ ਨਾਲ ਸਬੰਧਤ ਹੋਰ ਗਤੀਵਿਧੀਆਂ ਵਿੱਚ 812 ਪੋਲਿੰਗ ਬੂਥਾਂ ਤੇ ਸੇਵਾਵਾਂ ਨਿਭਾਉਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰੋਫ਼ੈਸਰ ਗੁਰਬਖ਼ਸੀਸ਼ ਸਿੰਘ ਅੰਟਾਲ, ਜ਼ਿਲ੍ਹਾ ਨੋਡਲ ਅਫ਼ਸਰ, ਸਵੀਪ ਨੇ ਦੱਸਿਆ ਕਿ ਇਨ੍ਹਾਂ ਵਲੰਟੀਅਰਾਂ ਨੂੰ ਬੂਥ-ਵਾਰ ਵੋਟਰ ਜਾਗਰੂਕਤਾ ਗਰੁੱਪਾਂ ਵਜੋਂ ਨਾਮ ਦਿੱਤਾ ਗਿਆ ਹੈ। ਇਸ ਮੁਹਿੰਮ ਦਾ ਉਦੇਸ਼ ਪੋਲਿੰਗ ਬੂਥਾਂ ‘ਤੇ 1 ਜੂਨ, 2024 ਨੂੰ ਵੱਧ ਤੋਂ ਵੱਧ ਵੋਟਰਾਂ ਨੂੰ ਪ੍ਰੇਰ ਕੇ ਲਿਆਉਣ ਲਈ ਜਾਗਰੂਕਤਾ ਗਤੀਵਿਧੀਆਂ ਨੂੰ ਤੇਜ਼ ਕਰਨਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਪੈਂਦੇ ਵਾਲੇ 56 ਸੀਨੀਅਰ ਸੈਕੰਡਰੀ ਸਕੂਲਾਂ ਅਤੇ ਕਾਲਜਾਂ/ਯੂਨੀਵਰਸਿਟੀਆਂ ਦੇ 150 ਤੋਂ ਵੱਧ ਵਿਦਿਆਰਥੀਆਂ (ਪ੍ਰਤੀ ਸੰਸਥਾ ਦੋ) ਨੂੰ ਕੈਂਪਸ ਅੰਬੈਸਡਰ ਵਜੋਂ ਨਿਯੁਕਤ ਕੀਤਾ ਗਿਆ ਹੈ, ਜੋ ਕਿ ਨੌਜਵਾਨਾਂ ਅਤੇ ਪਹਿਲੀ ਵਾਰ ਬਣੇ ਵੋਟਰਾਂ ਵਿੱਚ ਵੋਟਾਂ ਵਾਲੇ ਦਿਨ ਆਪਣੇ ਮਤ ਅਧਿਕਾਰ ਦੀ ਵਰਤੋਂ ਕਰਨ ਦਾ ਸੰਦੇਸ਼ ਆਪਣੇ ਆਲੇ ਦੁਆਲੇ ਚ ਫੈਲਾਉਣਗੇ। ਜ਼ਿਲ੍ਹਾ ਨੋਡਲ ਅਫ਼ਸਰ, ਸਵੀਪ ਨੇ ਅੱਗੇ ਦੱਸਿਆ ਕਿ ਡੇਰਾਬੱਸੀ ਤੋਂ ਸ਼ੁਰੂ ਕਰਕੇ ਹਰੇਕ ਹਲਕੇ ਵਿੱਚ ਇਨ੍ਹਾਂ ਜਾਗਰੂਕਤਾ ਗਰੁੱਪਾਂ ਅਤੇ ਕੈਂਪਸ ਅੰਬੈਸਡਰਾਂ ਦੀ ਸਿਖਲਾਈ ਵਰਕਸ਼ਾਪ ਲਗਾਈ ਗਈ। ਅੱਜ ਆਖਰੀ ਸਿਖਲਾਈ ਸੈਸ਼ਨ ਖਰੜ ਵਿਖੇ ਕਰਵਾਇਆ ਗਿਆ ਜਿੱਥੇ 278 ਬੂਥ ਲੈਵਲ ਅਫਸਰਾਂ ਅਤੇ 56 ਕੈਂਪਸ ਅੰਬੈਸਡਰਾਂ ਨੂੰ ਜਾਗਰੂਕਤਾ ਮੁਹਿੰਮ ਬਾਰੇ ਜਾਣੂ ਕਰਵਾਇਆ ਗਿਆ। ਤਹਿਸੀਲਦਾਰ ਖਰੜ ਰਮਨਦੀਪ ਕੌਰ ਨੇ ਇੱਥੇ ਬੀ.ਐਲ.ਓਜ਼ ਅਤੇ ਕੈਂਪਸ ਅੰਬੈਸਡਰਾਂ ਨੂੰ ਸਿਖਲਾਈ ਦਿੱਤੀ। ਉਨ੍ਹਾਂ ਵੋਟਰਾਂ ਨਾਲ ਸਬੰਧਤ ਸਵਾਲਾਂ ਦੇ ਨਿਪਟਾਰੇ ਲਈ ਮੋਬਾਈਲ ਆਧਾਰਿਤ ਵੋਟਰ ਹੈਲਪਲਾਈਨ ਐਪ, ਚੋਣ ਜ਼ਾਬਤੇ ਦੀ ਉਲੰਘਣਾ ਦੀ ਰਿਪੋਰਟ ਕਰਨ ਲਈ ਸੀ ਵਿਜੀਲ ਅਤੇ ਚੋਣਾਂ ਨਾਲ ਸਬੰਧਤ ਕੋਈ ਵੀ ਜਾਣਕਾਰੀ ਪ੍ਰਾਪਤ ਕਰਨ ਲਈ ਟੋਲ-ਫ੍ਰੀ ਨੰਬਰ 1950 ਬਾਰੇ ਵੀ ਜਾਣਕਾਰੀ ਦਿੱਤੀ। ਕੈਂਪਸ ਅੰਬੈਸਡਰਜ਼, ਸਕੂਲ ਆਫ਼ ਐਮੀਨੈਂਸ, ਖਰੜ, ਸ਼ਰਨਦੀਪ ਕੌਰ ਅਤੇ ਹਰਸ਼ਦੀਪ ਕੌਰ ਨੇ ਵੋਟਰ ਜਾਗਰੂਕਤਾ ਦਾ ਸੰਦੇਸ਼ ਦੇਣ ਲਈ ਕਵਿਤਾਵਾਂ ਅਤੇ ਗੀਤ ਸੁਣਾਏ। ਨੋਡਲ ਅਫ਼ਸਰ, ਸਵੀਪ, ਨਵਦੀਪ ਚੌਧਰੀ ਨੇ ਸਰਕਾਰੀ ਸਕੂਲ ਖਰੜ ਦੀ ਅਧਿਆਪਕਾ ਦਿਲਪ੍ਰੀਤ ਕੌਰ ਨਾਲ ਜਾਣ-ਪਛਾਣ ਕਰਵਾਈ ਜਿਨ੍ਹਾਂ ਨੇ ਅਪ੍ਰੈਲ ਮਹੀਨੇ ਵਿੱਚ 171 ਨਵੇਂ ਵੋਟਰਾਂ ਦਾ ਨਾਮ ਦਰਜ ਕਰਵਾਇਆ।