ਕਿਸ਼ਨਪੁਰਾ ਕਲਾਂ (ਮੋਗਾ), 8 ਅਗਸਤ (000) – ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਸਿੰਗਲਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਦੀ ਸੁਚੱਜੀ ਅਗਵਾਈ ਵਿੱਚ ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਇਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਸਰਕਾਰੀ ਗਊਸ਼ਾਲਾਵਾਂ ਵਿੱਚ ਸੰਭਾਲੀਆਂ ਜਾ ਰਹੀਆਂ ਗਊਆਂ ਰਾਹੀਂ ਗਊ ਧੰਨ ਦੀ ਬਰੀਡ ਸੁਧਾਰੀ ਜਾਵੇਗੀ ਜਿਸ ਨਾਲ ਜਿੱਥੇ ਪੰਜਾਬ ਵਿੱਚ ਦੁੱਧ ਉਤਪਾਦਨ ਵਧੇਗਾ ਉਥੇ ਹੀ ਸਰਕਾਰੀ ਗਊਸ਼ਾਲਾਵਾਂ ਆਤਮ ਨਿਰਭਰ ਵੀ ਹੋਣਗੀਆਂ। ਉਹ ਅੱਜ ਪਿੰਡ ਕਿਸ਼ਨਪੁਰਾ ਕਲਾਂ ਸਥਿਤ ਸਰਕਾਰੀ ਗਊਸ਼ਾਲਾ ਦਾ ਦੌਰਾ ਕਰਨ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚੇ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਸ ਵੇਲੇ 20 ਸਰਕਾਰੀ ਗਊਸ਼ਾਲਾਵਾਂ ਹਨ, ਜਿੰਨਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਗਊ ਧੰਨ ਸੰਭਾਲਿਆ ਜਾ ਰਿਹਾ ਹੈ। ਪਰ ਹਲੇ ਵੀ ਇਹਨਾਂ ਗਊਸ਼ਾਲਾਵਾਂ ਵਿੱਚ ਹੋਰ ਗਊਆਂ ਨੂੰ ਰੱਖਿਆ ਜਾ ਸਕਦਾ ਹੈ। ਇਸ ਲਈ ਸਥਾਨਕ ਸਰਕਾਰਾਂ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਸੜਕਾਂ ਉੱਤੇ ਘੁੰਮਦੀਆਂ ਗਾਵਾਂ ਨੂੰ ਇਹਨਾਂ ਗਊਸ਼ਾਲਾਵਾਂ ਵਿੱਚ ਭੇਜਣ। ਉਹਨਾਂ ਕਿਹਾ ਕਿ ਕਿਸ਼ਨਪੁਰਾ ਕਲਾਂ ਗਊਸ਼ਾਲਾ ਵਿੱਚ 600 ਤੋਂ ਵਧੇਰੇ ਗਾਵਾਂ ਨੂੰ ਸੰਭਾਲਿਆ ਜਾ ਸਕਦਾ ਹੈ ਪਰ ਇਥੇ ਗਾਵਾਂ ਘੱਟ ਹਨ। ਜਲਦ ਹੀ ਇਥੇ ਗਿਣਤੀ ਵਧਾਈ ਜਾਵੇਗੀ।
ਉਹਨਾਂ ਕਿਹਾ ਕਿ ਕਮਿਸ਼ਨ ਵੱਲੋਂ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਗਊਸ਼ਾਲਾਵਾਂ ਵਿੱਚ ਮੌਜੂਦ ਗਾਵਾਂ ਨੂੰ ਸਾਹੀਵਾਲ ਸੀਮਨ ਲਗਵਾਉਣ ਤਾਂ ਜੋ ਇਹਨਾਂ ਗਾਵਾਂ ਰਾਹੀਂ ਗਊ ਧੰਨ ਦੀ ਬਰੀਡ ਸੁਧਾਰੀ ਜਾਵੇ ਜਿਸ ਨਾਲ ਜਿੱਥੇ ਪੰਜਾਬ ਵਿੱਚ ਦੁੱਧ ਉਤਪਾਦਨ ਵਧੇਗਾ ਉਥੇ ਹੀ ਸਰਕਾਰੀ ਗਊਸ਼ਾਲਾਵਾਂ ਆਤਮ ਨਿਰਭਰ ਵੀ ਹੋਣਗੀਆਂ। ਬਰੀਡ ਸੁਧਾਰਨ ਦੇ ਨਾਲ ਨਾਲ ਇਥੇ ਪੈਦਾ ਹੋਣ ਵਾਲੇ ਗੋਹੇ ਨਾਲ ਗੈਸ ਅਤੇ ਬਿਜਲੀ ਪੈਦਾ ਕਰਨ ਦਾ ਵੀ ਟੀਚਾ ਹੈ। ਉਹਨਾਂ ਉਮੀਦ ਜਤਾਈ ਕਿ ਇਸ ਨਾਲ ਉਤਸ਼ਾਹਵਰਧਕ ਨਤੀਜੇ ਸਾਹਮਣੇ ਆਉਣਗੇ। ਉਹਨਾਂ ਕਿਹਾ ਕਿ ਇਸੇ ਮਕਸਦ ਨਾਲ ਹੀ ਪੰਜਾਬ ਸਰਕਾਰ ਨੇ ਸੂਬੇ ਦੀਆਂ ਸਾਰੀਆਂ ਗਊਸ਼ਾਲਾਵਾਂ ਦੀ ਸਥਿਤੀ ਦੀ ਰਿਪੋਰਟ ਮੰਗੀ ਹੈ।
ਉਹਨਾਂ ਮੌਕੇ ਉੱਪਰ ਕਾਰਜਕਾਰੀ ਅਧਿਕਾਰੀ ਨਗਰ ਕੌਂਸਲ ਧਰਮਕੋਟ ਨੂੰ ਫੋਨ ਕਰਕੇ ਹਦਾਇਤ ਕੀਤੀ ਕਿ ਉਹ ਇਸ ਗਊਸ਼ਾਲਾ ਲਈ ਗਊ ਸੈੱਸ ਦੇ ਫੰਡ ਜਾਰੀ ਕਰਨ ਦੇ ਨਾਲ ਨਾਲ 10 ਸੇਵਾਦਾਰਾਂ ਦੀ ਪੱਕੀ ਤਾਇਨਾਤੀ ਕਰਨ। ਇਸ ਸਬੰਧੀ ਪਸ਼ੂ ਪਾਲਣ ਵਿਭਾਗ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਰਾਹੀਂ ਡਿਮਾਂਡ ਭੇਜਣ ਲਈ ਵੀ ਕਿਹਾ ਗਿਆ। ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਗਊ ਸੈੱਸ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਜੋ ਗਊ ਧੰਨ ਸੜਕਾਂ ਉੱਤੇ ਰੁਲ੍ਹਣ ਨਾ ਦਿੱਤਾ ਜਾ ਸਕੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਾਰੀਆਂ ਗਊਆਂ ਦੀ ਟੈਗਿੰਗ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਨੇ ਕਮਿਸ਼ਨ ਵਲੋਂ ਭੇਜੀ ਗਈ 25 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਖਰੀਦੀਆਂ ਦਵਾਈਆਂ ਨਾਲ ਲਗਾਏ ਕੈਂਪ ਦਾ ਉਦਘਾਟਨ ਕੀਤਾ। ਵਾਤਾਵਰਨ ਦੀ ਸ਼ੁੱਧਤਾ ਲਈ ਤ੍ਰਿਵੇਣੀ ਦੇ ਨਾਲ ਨਾਲ ਪੌਦੇ ਵੀ ਲਗਾਏ ਗਏ। ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਗਲੇ ਮਹੀਨੇ ਮੁੜ ਆਉਣਗੇ ਅਤੇ ਗਊਸ਼ਾਲਾ ਦੇ ਹਾਲਾਤ ਦਾ ਜਾਇਜ਼ਾ ਲੈਣਗੇ। ਇਸ ਮੌਕੇ ਉਹਨਾਂ ਨਾਲ ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਸ਼੍ਰੀ ਅਮਿਤ ਜੈਨ, ਜਸਵਿੰਦਰ ਸਿੰਘ, ਸਟਾਫ਼ ਪੰਜਾਬ ਗਊ ਸੇਵਾ ਕਮਿਸ਼ਨ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾਕਟਰ ਹਰਵੀਨ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਸਰਕਾਰੀ ਗਊਸ਼ਾਲਾਵਾਂ ਵਿੱਚ ਮੌਜੂਦ ਗਾਵਾਂ ਰਾਹੀਂ ਗਊ ਧੰਨ ਦੀ ਬਰੀਡ ਸੁਧਾਰੀ ਜਾਵੇਗੀ – ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ
[wpadcenter_ad id='4448' align='none']