ਆਲੂਆਂ ਦੀ ਫਸਲ ਖਰਾਬ ਹੋਣ ਦਾ ਮਾਮਲਾ – ਖੇਤੀਬਾੜੀ ਵਿਭਾਗ ਵਲੋਂ ਕਾਰਵਾਈ ਕਰਦਿਆਂ ਸਬੰਧਤ ਕੰਪਨੀ ਦਾ ਖਾਦਾਂ/ਦਵਾਈਆਂ ਦਾ ਗੁਦਾਮ ਸੀਲ

ਲੁਧਿਆਣਾ, 09 ਦਸੰਬਰ (000) –  ਖੇਤੀਬਾੜੀ ਵਿਭਾਗ ਵਲੋਂ ਬਲਾਕ ਸਿੱਧਵਾਂ ਬੇਟ ਅਧੀਨ ਆਉਂਦੇ ਪਿੰਡ ਰਸੂਲਪੁਰ, ਜੰਡੀ ਆਦਿ ਵਿਖੇ ਆਲੂਆਂ ਦੀ ਫਸਲ ਖਰਾਬ ਹੋਣ ਸਬੰਧੀ ਪ੍ਰਾਪਤ ਸ਼ਿਕਾਇਤ ‘ਤੇ ਸਬੰਧਤ ਕੰਪਨੀ ਖਿਲਾਫ਼ ਕਾਰਵਾਈ ਕੀਤੀ ਗਈ ਹੈ।

ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਪ੍ਰਾਪਤ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਸਬੰਧਤ ਕੰਪਨੀ ਮੈਸ: ਐਗਰੋ ਲਾਈਫ ਸਾਇੰਸ ਕਾਰਪੋਰੇਸ਼ਨ ਪ੍ਰਾਇਵੇਟ ਲਿਮਟਿਡ ਦੇ ਨਵੀਂ ਦਾਣਾ ਮੰਡੀ, ਗਿੱਲ ਰੋਡ, ਅਰੋੜਾ ਪੈਲੇਸ ਦੇ ਪਿਛਲੇ ਪਾਸੇ, ਲੁਧਿਆਣਾ ਵਿਖੇ ਸਥਿਤ ਖਾਦਾਂ/ਦਵਾਈਆਂ ਦੇ ਗੁਦਾਮ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਟੀਮ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ ਗੌਰਵ ਧੀਰ ਅਤੇ ਹੋਰ ਕਰਮਚਾਰੀ ਵੀ ਮੌਜੂਦ ਸਨ।

ਡਾ. ਬੈਨੀਪਾਲ ਨੇ ਅੱਗੇ ਦੱਸਿਆ ਕਿ ਇਸ ਮੌਕੇ ਉਕਤ ਕੰਪਨੀ ਦੇ ਮਾਲਕ ਅਤੇ ਨੁਮਾਇੰਦੇ ਨੂੰ ਗੁਦਾਮ ਖੋਲ੍ਹਣ ਲਈ ਮੋਬਾਇਲ ਫੋਨ ਕੀਤਾ ਗਿਆ ਪ੍ਰੰਤੂ ਉਕਤ ਕੰਪਨੀ ਵਲੋਂ ਕੋਈ ਵੀ ਨੁਮਾਇੰਦਾ ਮੌਕੇ ‘ਤੇ ਨਹੀਂ ਪਹੁੰਚਿਆ ਨਾ ਹੀ ਕੰਪਨੀ ਦਾ ਕੋਈ ਵੀ ਜਿੰਮੇਵਾਰ ਵਿਅਕਤੀ ਹਾਜ਼ਰ ਸੀ। ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਕਾਰਵਾਈ ਕਰਦੇ ਹੋਏ ਉਕਤ ਕੰਪਨੀ ਦੇ ਖਾਦਾਂ/ਦਵਾਈਆਂ ਦੇ ਗੁਦਾਮ ਅਤੇ ਦਫਤਰ ਨੂੰ ਕਿਸਾਨ ਯੂਨੀਅਨ ਦੀ ਹਾਜ਼ਰੀ ਵਿੱਚ ਸੀਲ ਬੰਦ ਕਰ ਦਿੱਤਾ ਹੈ।

ਇਸ ਮੌਕੇ ਜਿਨ੍ਹਾਂ ਕਿਸਾਨਾਂ ਦੀ ਆਲੂਆ ਦੀ ਫਸਲ ਖਰਾਬ ਹੋਈ ਹੈ, ਦੇ ਨਾਲ ਕਿਸਾਨ ਆਗੂ ਮਾਸਟਰ ਮਹਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਹੋਰ ਅਹੁਦੇਦਾਰ ਵਿਅਕਤੀ/ਕਿਸਾਨ ਮੌਜੂਦ ਸਨ।

ਮੁੱੱਖ ਖੇਤੀਬਾੜੀ ਅਫਸਰ, ਲੁਧਿਆਣਾ ਡਾ. ਨਰਿੰਦਰ ਸਿੰਘ ਬੈਨੀਪਾਲ ਵਲੋਂ ਕਿਸਾਨਾਂ ਨੂੰ ਮਿਆਰੀ ਖੇਤੀਬਾੜੀ ਇਨਪੁੱਟ ਮਹੁੱਈਆਂ ਕਰਵਾਉਣ ਸਬੰਧੀ ਜ਼ਿਲ੍ਹੇ ਅੰਦਰ ਆਉਂਦੀਆਂ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੀਆਂ ਕੰਪਨੀਆਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕਿਸੇ ਕੰਪਨੀ ਵਲੋਂ ਗੈਰ ਮਿਆਰੀ ਅਤੇ ਘਟੀਆਂ ਇਨਪੁੱਟ ਸਪਲਾਈ ਕੀਤੇ ਪਾਏ ਜਾਂਦੇ ਹਨ ਤਾਂ ਕੰਪਨੀ ਅਤੇ ਜਿੰਮੇਵਾਰ ਵਿਅਕਤੀਆਂ ਖਿਲਾਫ ਖਾਦ (ਕੰਟਰੋਲ) ਆਰਡਰ, 1985, ਇੰਨਸੈਕਟੀਸਾਈਡ ਐਕਟ 1968 ਅਤੇ ਬੀਜ ਐਕਟ 1966 ਅਤੇ ਜਰੂਰੀ ਵਸਤਾਂ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।

[wpadcenter_ad id='4448' align='none']