ਡੀ ਸੀ ਨੇ ਮਾਲ ਅਫਸਰਾਂ ਨੂੰ ਆਪਸੀ ਸਹਿਮਤੀ ਦੇ ਜ਼ਮੀਨੀ ਤਕਸੀਮ ਕੇਸਾਂ ਦੇ ਨਿਪਟਾਰੇ ਲਈ ਵਿਸ਼ੇਸ਼ ਕੈਂਪ ਲਗਾਉਣ ਦੇ ਆਦੇਸ਼ ਦਿੱਤੇ

Date:

ਸਾਹਿਬ ਅਜੀਤ ਸਿੰਘ ਨਗਰ, 12 ਜਨਵਰੀ, 2024:

ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਮਾਲ ਅਫ਼ਸਰਾਂ ਨੂੰ ਜ਼ਿਲ੍ਹੇ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਜ਼ਮੀਨਾਂ ਦੇ ਗੈਰ-ਵਿਵਾਦਿਤ (ਆਪਸੀ ਸਹਿਮਤੀ) ਪਰਿਵਾਰਕ ਤਕਸੀਮਾਂ ਦੇ ਮਾਮਲਿਆਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕਰਨ ਦੇ ਹੁਕਮ ਦਿੱਤੇ ਹਨ।
      ਅੱਜ ਪਿੰਡ ਮਨੌਲੀ ਸੂਰਤ ਵਿਖੇ ‘ਸਰਕਾਰ ਤੁਹਾਡੇ ਦੁਆਰ ਕੈਂਪ’ ਦੇ ਦੌਰੇ ਮੌਕੇ ਜ਼ਮੀਨੀ ਤਕਸੀਮ ਸਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਪਤਾ ਲੱਗਣ ‘ਤੇ ਉਨ੍ਹਾਂ ਮਾਲ ਅਧਿਕਾਰੀਆਂ ਨੂੰ ਤੁਰੰਤ ਇਸ ਮਾਮਲੇ ਨੂੰ ਘੋਖਣ ਅਤੇ ਇੰਤਕਾਲ ਲਈ ਪਹਿਲਾਂ ਤੋਂ ਹੀ 15 ਜਨਵਰੀ ਨੂੰ ਲਗਾਏ ਗਏ ਵਿਸ਼ੇਸ਼ ਕੈਂਪ ਦੀ ਤਰਜ਼ ‘ਤੇ ਵਿਸ਼ੇਸ਼ ਕੈਂਪ ਲਗਾਉਣ ਲਈ ਕਿਹਾ।
    ਕੈਂਪ ਵਿੱਚ ਹਾਜ਼ਰ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਨਿੱਜੀ ਤੌਰ ‘ਤੇ ਪੂਰੇ ਠਰੰਮੇ ਨਾਲ ਉਨ੍ਹਾਂ ਦੀ ਗੱਲ ਸੁਣੀ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਨਿਸ਼ਚਿਤ ਸਮੇਂ ਵਿੱਚ ਨਿਪਟਾਰਾ ਕੀਤਾ ਜਾਵੇਗਾ।
    ਉਨ੍ਹਾਂ ਦੱਸਿਆ ਕਿ ਕੈਂਪ ਦਾ ਦੌਰਾ ਕਰਕੇ ਉਨ੍ਹਾਂ ਨੇ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਤੇ ਆਧਾਰ ਕਾਰਡ ਨਾਲ ਸਬੰਧਤ ਸਮੱਸਿਆਵਾਂ ਨੂੰ ਵੀ ਜਾਣਿਆ, ਜਿਨ੍ਹਾਂ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ।
   ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਾ ਬੋਰਡ ਦੀਆਂ ਚੋਣਾਂ ਲਈ ਵੋਟਰ ਵਜੋਂ ਰਜਿਸਟਰਡ ਹੋਣ ਅਤੇ ਆਪਣੇ ਫਾਰਮ ਹਲਕਾ ਪਟਵਾਰੀ ਕੋਲ ਜਮ੍ਹਾ ਕਰਵਾਉਣ।
   ਡਿਪਟੀ ਕਮਿਸ਼ਨਰ ਨੇ ਉੱਥੇ ਇਕੱਠੇ ਹੋਏ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਏ ਤੋਂ ਬਿਨਾਂ ਪਰਾਲੀ ਦਾ ਪ੍ਰਬੰਧਨ ਕਰਨ ਲਈ ਸੂਬਾ ਸਰਕਾਰ ਵੱਲੋਂ ਸਬਸਿਡੀ ‘ਤੇ ਮੁਹੱਈਆ ਕਰਵਾਈ ਜਾ ਰਹੀ ਮਸ਼ੀਨੀ ਬੇਲਰ ਆਦਿ ਦੇ ਹੁਣ ਤੋਂ ਹੀ ਪ੍ਰਬੰਧ ਲਈ ਪ੍ਰੇਰਿਤ ਕੀਤਾ।
     ਇਸ ਕੈਂਪ ਵਿੱਚ ਜਿਹੜੇ ਵਿਭਾਗ ਹਾਜ਼ਰ ਸਨ, ਉਨ੍ਹਾਂ ਵਿੱਚ ਜ਼ਿਲ੍ਹਾ ਉਦਯੋਗ ਕੇਂਦਰ,ਸਿਹਤ ਵਿਭਾਗ, ਮਾਰਕੀਟ ਕਮੇਟੀ ਬਨੂੜ, ਪੰਜਾਬ ਪੇਂਡੂ ਆਜੀਵਿਕਾ ਮਿਸ਼ਨ, ਮਨਰੇਗਾ, ਖੇਤੀਬਾੜੀ ਤੇ ਕਿਸਾਨ ਭਲਾਈ, ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਆਦਿ ਜ਼ਿਕਰਯੋਗ ਹਨ।
      ਉਨ੍ਹਾਂ ਨਾਲ ਏ ਡੀ ਸੀ (ਪੇਂਡੂ ਵਿਕਾਸ) ਸੋਨਮ ਚੌਧਰੀ, ਐਸ ਡੀ ਐਮ ਮੋਹਾਲੀ ਚੰਦਰਜੋਤੀ ਸਿੰਘ, ਨਾਇਬ ਤਹਿਸੀਲਦਾਰ ਮੁਹਾਲੀ ਰਵਿੰਦਰ ਸਿੰਘ ਅਤੇ ਕਾਰਜਕਾਰੀ ਇੰਜਨੀਅਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਗੁਰਸ਼ਰਨ ਦਾਸ ਵੀ ਮੌਜੂਦ ਸਨ।  ਸਰਪੰਚ ਨਾਇਬ ਸਿੰਘ ਅਤੇ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਦਾ ਨਿੱਘਾ ਸਵਾਗਤ ਕੀਤਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

Share post:

Subscribe

spot_imgspot_img

Popular

More like this
Related