ਡਿਪਟੀ ਕਮਿਸ਼ਨਰ ਨੇ ਚੋਣਾਂ ਨੂੰ ਲੈ ਕੇ ਸਟਰਾਂਗ ਰੂਮ ਦਾ ਕੀਤਾ ਦੌਰਾ

ਅੰਮ੍ਰਿਤਸਰ 16 ਦਸੰਬਰ 2024—

          ਨਗਰ ਨਿਗਮ, ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮੈਡਮ ਸਾਕਸ਼ੀ ਸਾਹਨੀ ਨੇ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਅੰਮ੍ਰਿਤਸਰ ਵਿਖੇ ਬਣੇ ਹੋਏ ਸਟਰਾਂਗ ਰੂਮ ਦਾ ਜਾਇਜਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਚੋਣਾਂ ਦੇ ਕੰਮਾਂ ਵਿੱਚ ਤੇਜੀ ਲਿਆਂਦੀ ਜਾਵੇ। ਡਿਪਟੀ ਕਮਿਸ਼ਨਰ ਨੇ ਡਿਸਪੈਚ ਕੇਂਦਰਾਂ ਦਾ ਵੀ ਜਾਇਜਾ ਲਿਆ। ਉਨਾਂ ਦੱਸਿਆ ਕਿ ਚੋਣਾਂ ਦੇ ਲਈ 6064 ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ ਅਤੇ ਚੋਣਾਂ ਦੀ ਦੂਜੀ ਤੇ ਅੰਤਮ ਰਿਹਰਸਲ ਕੱਲ 17 ਦਸੰਬਰ 2024  ਨੂੰ ਹੋਵੇਗੀ।

          ਡਿਪਟੀ ਕਮਿਸ਼ਨਰ ਨੇ ਸਮੂਹ ਕਰਮਚਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੀ ਚੋਣ ਡਿਊਟੀ ਲਈ ਰਿਹਰਸਲ ਤੇ ਜ਼ਰੂਰ ਪੁੱਜਣ। ਉਨਾਂ ਕਿਹਾ ਕਿ ਚੋਣ ਰਿਹਰਸਲ ਤੋਂ ਗੈਰ ਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।  ਉਨਾਂ ਦੱਸਿਆ ਕਿ ਨਗਰ ਨਿਗਮ ਦੇ ਚੋਣਾਂ ਲਈ ਰਿਹਰਸਲ ਸਾਰਾਗੜ੍ਹੀ ਮੈਮੋਰੀਅਲ ਸੀਨੀਅਰ ਸੈਕੰਡਰੀ ਆਫ਼ ਐਮੀਂਨੈਂਸ ਟਾਊਨ ਹਾਲ ਮਾਲ ਮੰਡੀ, ਬੀ.ਬੀ. ਕੇ ਡੀਏਵੀ ਕਾਲਜ ਅੰਮ੍ਰਿਤਸਰ, ਸਰਕਾਰੀ ਨਰਸਿੰਗ ਕਾਲਜ ਸਰਕੂਲਰ ਰੋਡ ਅਤੇ ਸਰਕਾਰੀ ਬਹੁਤਕਨੀਕੀ ਕਾਲਜ ਨਜ਼ਦੀਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹੋਵੇਗੀ।

          ਉਨਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਨਗਰ ਪੰਚਾਇਤ/ਨਗਰ ਕੌਂਸਲਾਂ ਦੀ ਰਿਹਰਸਲ ਸ੍ਰੀਮਤੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ, ਕੰਪਿਊਟਰ ਹਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸ਼ਾ ਛੀਨਾ, ਮੀਟਿੰਗ ਹਾਲ ਪਹਿਲੀ ਮੰਜਿਲ ਐਸ.ਡੀ.ਐਮ. ਦਫ਼ਤਰ ਮਜੀਠਾ ਅਤੇ ਸਰਕਾਰੀ ਕਾਲਜ ਅਜਨਾਲਾ ਵਿਖੇ ਸਬੰਧਤ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀ ਚੋਣ ਰਿਹਰਸਲ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਚੋਣਾਂ ਲਈ ਜਿਲ੍ਹੇ ਵਿੱਚ ਕੁੱਲ 841 ਬੂਥ ਬਣਾਏ ਗਏ ਹਨ ਅਤੇ ਵੋਟਰਾਂ ਲਈ 942 ਈਵੀਐਮ ਮਸ਼ੀਨਾਂ ਤਾਇਨਾਤ ਕੀਤੀਆਂ ਜਾਣਗੀਆਂ।

          ਇਸ ਮੌਕੇ ਵਧੀਕ ਵਧੀਕ ਜਿਲ੍ਹਾ ਚੋਣਕਾਰ ਅਫ਼ਸਰ  -ਕਮ- ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਪਰਮਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ ਸ: ਗੁਰਸਿਮਰਨ ਸਿੰਘ,  ਜਿਲ੍ਹਾ ਮਾਲ ਅਫ਼ਸਰ ਸ: ਨਵਕਿਰਤ ਸਿੰਘ ਰੰਧਾਵਾ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸੰਦੀਪ ਮਲਹੋਤਰਾ ਤੋਂ ਇਲਾਵਾ ਹੋਰ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ।