ਫਾਜ਼ਿਲਕਾ 7 ਅਪ੍ਰੈਲ 2024……
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜ਼ਿਲ੍ਹਾ ਵਾਸੀਆਂ ਨੂੰ ਵਿਸ਼ਵ ਸਿਹਤ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਿਹਤਮੰਦ ਮਨੁੱਖ ਦਾ ਸਭ ਤੋਂ ਵੱਡਾ ਧੰਨ ਤੰਦਰੁਸਤੀ ਹੈ ਅਤੇ ਜੇਕਰ ਅਸੀ ਤੰਦਰੁਸਤ ਹੋਵਾਗੇ ਤਾਂ ਹੀ ਜਿੰਦਗੀ ਦਾ ਲੁਤਫ ਲੈ ਸਕਦੇ ਹਾਂ। ਉਨ੍ਹਾਂ ਕਿਹਾ ਕਿ ਕਿ ਹਰ ਸਾਲ ਸੱਤ ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ‘ਤੇ ਤੰਦਰੁਸਤੀ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਵਿਸ਼ਵ ਸਿਹਤ ਦਿਵਸ ਥੀਮ ਵਜੋਂ ਮੇਰੀ ਸਿਹਤ, ਮੇਰਾ ਅਧਿਕਾਰ ਚੁਣਿਆ ਹੈ ਜੋ ਬੁਨਿਆਦੀ ਮਨੁੱਖੀ ਅਧਿਕਾਰਾਂ ‘ਤੇ ਕੇਂਦਰਿਤ ਹੈ।
ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸਾਡੀ ਜੀਵਨ ਸ਼ੈਲੀ ਵਿੱਚ ਬਦਲਾਅ ਆ ਰਿਹਾ ਹੈ। ਮਸ਼ੀਨਰੀ ਯੁੱਗ ਆਉਣ ਕਾਰਨ ਸਾਡੀਆਂ ਸਰੀਰਕ ਗਤੀਵਿਧੀਆਂ ਘਟ ਹੋ ਰਹੀਆਂ ਹਨ। ਕਸਰਤ ਅਤੇ ਖੇਡਾਂ ਵੱਲ ਝੁਕਾਅ ਘੱਟ ਗਿਆ ਹੈ। ਜਿਸ ਕਰਕੇ ਅਸੀਂ ਕਈ ਤਰ੍ਹਾਂ ਦੀਆਂ ਗੈਰ—ਸੰਚਾਰੀ ਰੋਗਾਂ ਨਾਲ ਗ੍ਰਹਿਸਤ ਹੋ ਰਹੇ ਹਾਂ। ਜਿਨ੍ਹਾਂ ਤੋਂ ਬਚਣ ਲਈ ਸਾਨੂੰ ਖੇਡਾਂ ਤੇ ਕਸਰਤ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਆਪ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਖੇਡਾਂ, ਸਾਈਕਲਿੰਗ ਅਤੇ ਕਸਰਤ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਭੱਜ-ਦੌੜ ਦੀ ਜ਼ਿੰਦਗੀ ਵਿਚ ਤਨਾਅ ਹਰ ਵਰਗ ਦੇ ਲੋਕਾਂ ਵਿੱਚ ਵੇਖਣ ਨੂੰ ਮਿਲਦਾ ਹੈ ਅਤੇ ਇਸ ਤੋਂ ਬਾਹਰ ਨਿਕਲਣ ਲਈ ਸਾਨੂੰ ਆਪਣੇ ਆਪ ਲਈ ਵੀ ਕੁੱਝ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ ਜਿਸ ਦੌਰਾਨ ਸਾਨੂੰ ਯੋਗ ਤੇ ਕਸਰਤ ਕਰਨੀ ਚਾਹੀਦੀ ਹੈ।