ਡਿਪਟੀ ਕਮਿਸ਼ਨਰ ਨੇ 45 ਦੇ ਕਰੀਬ ਸਫਾਈ ਸੇਵਕਾਂ ਨੂੰ ਹਾਈਜੀਨਿਕ ਕਿੱਟਾਂ ਦੀ ਕੀਤੀ ਵੰਡ

ਫਾਜ਼ਿਲਕਾ, 5 ਦਸੰਬਰ


                ਔਰਤਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਹਰੇਕ ਸਾਰਥਕ ਪ੍ਰਯਾਸ ਕੀਤੇ ਜਾਂਦੇ ਹਨ। ਇਸੇ ਕੜੀ ਤਹਿਤ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਨਗਰ ਕੌਂਸਲ ਫਾਜ਼ਿਲਕਾ ਅਧੀਨ ਕੰਮ ਕਰਦੀਆਂ ਸਫਾਈ ਸੇਵਕਾਂ ਨੂੰ ਹਾਈਜੀਨਿਕ ਕਿੱਟਾਂ ਦੀ ਵੰਡ ਕੀਤੀ।


                ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਾਈਜੀਨਿਕ ਕਿੱਟਾਂ ਦੀ ਵਰਤੋਂ ਨਾਲ ਸਫਾਈ ਸੇਵਕਾਂ ਦੀ ਸਿਹਤ ਦੀ ਤੰਦਰੁਸਤੀ ਕਾਇਮ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਫਾਈ ਸੇਵਕ ਤੰਦਰੁਸਤ ਰਹਿਣਗੇ ਤਾਂ ਹੀ ਸ਼ਹਿਰ ਸਾਫ—ਸੁਥਰਾ ਹੋਵੇਗਾ ਤੇ ਅਸੀਂ ਸਾਰੇ ਬਿਮਾਰੀਆਂ ਮੁਕਤ ਰਹਾਂਗੇ।ਸਫਾਈ ਸੇਵਕਾਂ ਵੱਲੋਂ ਲਗਾਤਾਰ ਸਾਫ—ਸਫਾਈ ਦਾ ਕੰਮ ਕੀਤਾ ਜਾਂਦਾ ਹੈ ਜਿਸ ਕਰਕੇ ਬਿਮਾਰ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਕਿੱਟਾਂ ਦੀ ਮਦਦ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਤੇ ਨਿੱਜੀ ਸਾਫ—ਸਫਾਈ ਵੀ ਬਿਹਤਰ ਤਰੀਕੇ ਨਾਲ ਅਮਲ ਵਿਚ ਲਿਆਂਦੀ ਜਾ ਸਕਦੀ ਹੈ।


                ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਥੇ ਸ਼ਹਿਰ ਦੀ ਸਾਫ—ਸਫਾਈ ਲਾਜਮੀ ਹੈ ਉਥੇ ਸਾਡੇ ਹੋਣਹਾਰ ਸਫਾਈ ਸੇਵਕਾਂ ਦੀ ਸਿਹਤ ਪ੍ਰਤੀ ਵੀ ਅਸੀਂ ਚਿੰਤਿਤ ਹਾਂ। ਉਨ੍ਹਾਂ ਕਿਹਾ ਕਿ ਰੈਡ ਕਰਾਸ ਸੋਸਾਇਟੀ ਦੇ ਸਹਿਯੋਗ ਰਾਹੀਂ 45 ਦੇ ਕਰੀਬ ਹਾਈਜੀਨਿਕ ਕਿੱਟਾਂ ਦੀ ਵੰਡ ਕੀਤੀ ਗਈ ਹੈ ਜ਼ੋ ਕਿ ਲੋੜ ਅਨੁਸਾਰ ਅਗੇ ਵੀ ਜਾਰੀ ਰਹੇਗੀ।


                ਇਸ ਮੌਕੇ ਸਕੱਤਰ ਰੈਡ ਕਰਾਸ ਸੋਸਾਇਟੀ ਪ੍ਰਦੀਪ ਗੱਖੜ, ਸੁਪਰਡੈਂਟ ਨਗਰ ਕੌਂਸਲ ਨਰੇਸ਼ ਖੇੜਾ, ਸੀ.ਐਫ. ਪਵਨ ਕੁਮਾਰ ਮੌਜੂਦ ਸਨ।

[wpadcenter_ad id='4448' align='none']