ਲੁਧਿਆਣਾ, 30 ਜਨਵਰੀ – ਡਿਪਟੀ ਕਮਿਸ਼ਨਰ ਲੁਧਿਆਣਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਲੋਂ ਵਿੱਤੀ ਸਹਾਇਤਾ ਪ੍ਰਦਾਨ ਕਰਦਿਆਂ ਮ੍ਰਿਤਕ ਸੂਬੇਦਾਰ ਹਰਮਿੰਦਰ ਸਿੰਘ ਮੱਲ ਅਤੇ ਨਾਇਕ ਹਰਦੀਪ ਸਿੰਘ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ ਇੱਕ-ਇੱਕ ਲੱਖ ਰੁਪਏ ਦੀ ਰਾਸ਼ੀ ਦਾ ਚੈਕ ਸਪੁਰਦ ਕੀਤਾ ਹੈ।
ਚੈਕ ਸੌਂਪਦਿਆਂ ਵਧੀਕ ਡਿਪਟੀ ਕਮਿਸ਼ਨਰ ਜਗਰਾਓਂ ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਹਰ ਸਾਲ 7 ਦਸੰਬਰ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਸਮਾਗਮ ਰਾਹੀਂ ਪ੍ਰਾਪਤ ਫੰਡ ਫੌਜ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਭਲਾਈ ਲਈ ਖਰਚ ਕੀਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਸੂਬੇਦਾਰ ਹਰਮਿੰਦਰ ਸਿੰਘ ਮੱਲ, ਵਾਸੀ ਪਿੰਡ ਕੌੜੀ, ਡਾਕਖਾਨਾ ਤੇ ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਦੀ ਪਤਨੀ ਸ੍ਰੀਮਤੀ ਜਸਵੀਰ ਕੌਰ ਅਤੇ ਨਾਇਕ ਹਰਦੀਪ ਸਿੰਘ, ਵਾਸੀ ਪਿੰਡ ਤੇ ਡਾਕਖਾਨਾ ਬੀਜਾ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਦੀ ਪਤਨੀ ਸ੍ਰੀਮਤੀ ਕਰਮਜੀਤ ਕੌਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਿਆਂ ਇੱਕ-ਇੱਕ ਲੱਖ ਰੁਪਏ ਦੀ ਰਾਸ਼ੀ ਦਾ ਚੈਕ ਸੌਂਪਿਆ ਗਿਆ ਹੈ।
ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ (ਸੇਵਾਮੁਕਤ) ਬਲਜਿੰਦਰ ਵਿਰਕ ਦੇ ਨਾਲ, ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਸਾਡੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ ਤਾਂ ਜੋ ਉਹ ਸੰਕਟ ਦੀ ਘੜੀ ਵਿੱਚ ਨਿਰਾਸ਼ ਨਾ ਹੋਣ। ਉਨ੍ਹਾਂ ਦੱਸਿਆ ਕਿ ਹਰ ਸਾਲ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਹਥਿਆਰਬੰਦ ਸੈਨਾ ਝੰਡਾ ਦਿਵਸ ਮੁਹਿੰਮ ਦੌਰਾਨ ਪ੍ਰਾਪਤ ਫੰਡਾਂ ਵਿੱਚੋਂ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮੁੱਚਾ ਦੇਸ਼ ਸਾਡੀਆਂ ਰੱਖਿਆ ਬਲਾਂ ਦਾ ਰਿਣੀ ਹੈ, ਜੋ ਸਾਡੀਆਂ ਸਰਹੱਦਾਂ ਦੀ ਦਿਨ ਰਾਤ ਰਾਖੀ ਕਰਦੇ ਹਨ। ਇਸ ਲਈ ਇਹ ਸਾਡੀ ਸਮੂਹਿਕ ਜ਼ਿੰਮੇਵਾਰੀ ਵੀ ਬਣਦੀ ਹੈ ਅਤੇ ਔਖੇ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜੇ ਹਾਂ।
ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਤੋਂ ਸ਼੍ਰੀ ਜਤਿੰਦਰ ਕੁਮਾਰ, ਸੁਪਰਡੰਟ ਅਤੇ ਹੋਰ ਦਫਤਰੀ ਸਟਾਫ ਵੀ ਹਾਜ਼ਰ ਸੀ।