ਬਠਿੰਡਾ 4 ਮਈ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਚੋਣ ਪ੍ਰਕਿਰਿਆ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਮਾਸਟਰ ਟ੍ਰੇਨਰਜ਼ ਵੱਲੋਂ ਚੋਣ ਅਮਲੇ ਨੂੰ ਪਹਿਲੀ ਰਿਹਰਸਲ ਵਿਧਾਨ ਸਭਾ ਹਲਕਾ ਪੱਧਰ ਤੇ ਸਬੰਧਤ ਏ.ਆਰ.ਓਜ਼ ਦੀ ਨਿਗਰਾਨੀ ਹੇਠ ਕਰਵਾਈ ਗਈ। ਰਿਹਰਸਲ ਦੌਰਾਨ ਜ਼ਿਲ੍ਹੇ ਦੇ ਸਾਰੇ 6 ਵਿਧਾਨ ਸਭਾ ਹਲਕਿਆਂ ਚੋਂ ਕਰੀਬ 7000 ਦੀ ਗਿਣਤੀ ਵਿੱਚ ਪੋਲਿੰਗ ਸਟਾਫ਼ ਹਾਜ਼ਰ ਰਿਹਾ।
ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਲਤੀਫ਼ ਅਹਿਮਦ ਅਤੇ ਨੋਡਲ ਅਫ਼ਸਰ ਮਾਡਲ ਕੋਡ ਆਫ਼ ਕੰਡਕਟ (ਐਮ.ਸੀ.ਸੀ.) ਅਤੇ ਸ਼ਿਕਾਇਤ ਸੈੱਲ-ਕਮ-ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਵੱਲੋਂ ਰਿਹਰਸਲ ਸਥਾਨਾਂ ਦਾ ਦੌਰਾ ਕਰਕੇ ਮਾਸਟਰ ਟ੍ਰੇਨਰਜ਼ ਅਤੇ ਚੋਣ ਅਮਲੇ ਦੀ ਹੌਂਸਲਾ ਅਫ਼ਜਾਈ ਕਰਦਿਆਂ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਨੂੰ ਪੂਰੀ ਤਰ੍ਹਾਂ ਨਿਰਪੱਖ ਅਤੇ ਸ਼ਾਂਤਮਈ ਤਰੀਕੇ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਦੌਰਾਨ ਵਿਧਾਨ ਸਭਾ ਹਲਕਾ 90-ਰਾਮਪੁਰਾ ਦੀ ਰਿਹਰਸਲ ਪੰਜਾਬੀ ਯੂਨੀਵਰਸਿਟੀ ਕੈਂਪਸ ਰਾਮਪੁਰਾ ਫੂਲ ਦੇ ਮਲਟੀਪਰਪਜ ਹਾਲ ਵਿਖੇ ਕਰਵਾਈ ਗਈ। ਵਿਧਾਨ ਸਭਾ ਹਲਕਾ 91-ਭੁੱਚੋ ਮੰਡੀ ਦੀ ਰਿਹਰਸਲ ਆਈ.ਐਚ.ਐਮ ਵਿਖੇ ਕਰਵਾਈ ਗਈ ਅਤੇ ਵਿਧਾਨ ਸਭਾ ਹਲਕਾ 92-ਬਠਿੰਡਾ ਸ਼ਹਿਰੀ ਦੀ ਰਿਹਰਸਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਬਿਜਨਿਸ ਸਕੂਲ ਵਿਖੇ ਕਰਵਾਈ ਗਈ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ 93-ਬਠਿੰਡਾ ਦਿਹਾਤੀ ਦੀ ਰਿਹਰਸਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮਲਟੀਪਰਪਜ਼ ਹਾਲ ਵਿਖੇ ਕਰਵਾਈ ਗਈ। ਵਿਧਾਨ ਸਭਾ ਹਲਕਾ 94- ਤਲਵੰਡੀ ਸਾਬੋ ਦੀ ਰਿਹਰਸਲ ਦਸਮੇਸ਼ ਸਕੂਲ ਤਲਵੰਡੀ ਸਾਬੋ ਵਿਖੇ ਅਤੇ ਵਿਧਾਨ ਸਭਾ ਹਲਕਾ 95-ਮੌੜ ਦੀ ਰਿਹਰਸਲ ਗਰਲਜ਼ ਸਕੂਲ ਮੌੜ ਵਿਖੇ ਕਰਵਾਈ ਗਈ।
ਰਿਹਰਸਲ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ-ਕਮ-ਏ.ਆਰ.ਓ ਬਠਿੰਡਾ ਦਿਹਾਤੀ ਮੈਡਮ ਲਵਜੀਤ ਕਲਸੀ, ਆਰ.ਟੀ.ਏ-ਕਮ-ਏ.ਆਰ.ਓ ਭੁੱਚੋ ਮੰਡੀ ਪੂਨਮ ਸਿੰਘ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ-ਕਮ-ਏ.ਆਰ.ਓ ਬਠਿੰਡਾ ਸ਼ਹਿਰੀ ਮੈਡਮ ਇਨਾਯਤ, ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ-ਕਮ-ਏ.ਆਰ.ਓ ਸ. ਹਰਜਿੰਦਰ ਸਿੰਘ ਜੱਸਲ, ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ-ਕਮ-ਏ.ਆਰ.ਓ ਸ੍ਰੀ ਕੰਵਰਜੀਤ ਸਿੰਘ, ਉਪ ਮੰਡਲ ਮੈਜਿਸਟ੍ਰੇਟ ਮੌੜ-ਕਮ-ਏ.ਆਰ.ਓ ਸ਼੍ਰੀ ਨਰਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਹੋਰ ਅਧਿਕਾਰੀ ਆਦਿ ਹਾਜ਼ਰ ਰਹੇ।