ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਗਰਮੀ ਤੋਂ ਬਚਣ ਸਬੰਧੀ ਅਡਵਾਈਜਰੀ ਜਾਰੀ

ਫਿਰੋਜ਼ਪੁਰ, 09 ਅਪ੍ਰੈਲ 2024:

            ਪੰਜਾਬ ਅੰਦਰ ਗਰਮੀ ਦੇ ਮੌਸਮ ਦੌਰਾਨ ਦਿਨ ਦਾ ਤਾਪਮਾਨ ਦਿਨੋ-ਦਿਨ ਵੱਧ ਰਿਹਾ ਹੈ, ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਦੌਰਾਨ ਇਸ ਦੇ ਹੋਰ ਵਧਣ ਦੀ ਸੰਭਾਵਨਾ ਹੈ। ਇਸ ਲਈ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਆਮ ਲੋਕਾਂ ਨੂੰ ਗਰਮੀ ਤੋਂ ਬਚਣ ਸਬੰਧੀ ਅਡਵਾਈਜਰੀ ਜਾਰੀ ਕੀਤੀ ਗਈ ਹੈ।

            ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮੀਨਾਕਸ਼ੀ ਅਬਰੋਲ ਨੇ ਕਿਹਾ ਕਿ ਕੁਝ ਸਾਵਧਾਨੀਆਂ ਵਰਤ ਕੇ ਗਰਮੀ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਇਸ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਤਾਪਮਾਨ ਸਰੀਰ ਦੀ ਤਾਪਮਾਨ ਨਿਯਮ ਪ੍ਰਣਾਲੀ ਨੂੰ ਵਿਗਾੜ ਦਿੰਦਾ ਹੈ ਅਤੇ ਗਰਮੀ ਨਾਲ ਸੰਬਧਿਤ ਬਿਮਾਰੀਆਂ ਦਾ ਕਾਰਨ ਬਣਦਾ ਹੈ।

            ਉਨ੍ਹਾਂ ਕਿਹਾ ਕਿ ਨਵ ਜਨਮੇ ਬੱਚੇ ,ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਲੋਕਾਂ, ਮਜ਼ਦੂਰਾਂ, ਮੋਟਾਪੇ ਨਾਲ ਪੀੜਤ ਲੋਕਾਂ, ਮਾਨਸਿਕ ਤੌਰ ਤੇ ਬਿਮਾਰ ਲੋਕਾਂ ,ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜਾਂ ਆਦਿ ਨੂੰ ਵਧੇਰੇ ਤਾਪਮਾਨ ਤੋਂ ਬਚਣਾ ਚਾਹੀਦਾ ਹੈ। ਗਰਮੀ ਤੋਂ ਬਚਣ ਲਈ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਕੜਕਦੀ ਧੁੱਪ ਵਿੱਚ ਨਾ ਨਿਕਲਿਆ ਜਾਵੇ ਇਸ ਲਈ ਸਾਨੂੰ ਬਾਹਰਲੇ ਕੰਮ ਸਵੇਰੇ ਸ਼ਾਮ ਕਰਨੇ ਚਾਹੀਦੇ ਹਨ ,ਹਰ ਅੱਧੇ ਘੰਟੇ ਬਾਅਦ ਭਾਵੇਂ ਪਿਆਸ ਨਾ ਵੀ ਹੋਵੇ ਪਾਣੀ ਪੀਣਾ ਚਾਹੀਦਾ ਹੈ। ਪਰੰਤੂ ਮਿਰਗੀ ਜਾਂ ਦਿਲ ਦੀ ਬਿਮਾਰੀ, ਗੁਰਦੇ ਜਾਂ ਜਿਗਰ ਦੀ ਬਿਮਾਰੀ ਵਾਲੇ ਵਿਅਕਤੀ ਜੋ ਤਰਲ ਪਦਾਰਥਾਂ ਦੀ ਸੀਮਤ ਖੁਰਾਕ ਤੇ ਹਨ ਨੂੰ ਪਾਣੀ ਦਾ ਸੇਵਨ ਵਧਾਉਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰ ਲੈਣੀ ਚਾਹੀਦੀ ਹੈ ।

            ਉਨ੍ਹਾਂ ਅੱਗੇ ਕਿਹਾ ਕਿ ਬਾਹਰ ਕੰਮ ਕਰਨ ਵੇਲੇ ਹਲਕੇ ਰੰਗ ਦੇ ਪੂਰੇ ਸਰੀਰ ਨੂੰ ਢਕਣ ਵਾਲੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ, ਆਪਣੇ ਸਿਰ ਨੂੰ ਸਿੱਧੀ ਧੁੱਪ ਤੋਂ ਢੱਕਣ ਲਈ ਛਤਰੀ, ਟੋਪੀ, ਤੋਲੀਏ ,ਪੱਗ ਜਾਂ ਦੁਪੱਟੇ ਦੀ ਵਰਤੋਂ ਕੀਤੀ ਜਾਵੇ, ਨੰਗੇ ਪੈਰ ਧੁੱਪ ਵਿੱਚ ਨਾ ਜਾਇਆ ਜਾਵੇ। ਜਿਹੜੇ ਲੋਕ ਧੁੱਪ ਵਿੱਚ ਕੰਮ ਕਰਦੇ ਹਨ ਉਹ ਸਰੀਰ ਦਾ ਤਾਪਮਾਨ 37 ਡਿਗਰੀ ਰੱਖਣ ਲਈ ਥੋੜੀ ਦੇਰ ਬਾਅਦ ਛਾਵੇਂ ਆਰਾਮ ਕਰਨ ਜਾਂ ਸਿਰ ਤੇ ਗਿੱਲਾ ਤੌਲੀਆ ਜਾਂ ਕੱਪੜਾ ਜਰੂਰ ਰੱਖਣ , ਧੁੱਪ ਵਿੱਚ ਜਾਣ ਵੇਲੇ ਹਮੇਸ਼ਾ ਪਾਣੀ ਨਾਲ ਲੈ ਕੇ ਜਾਓ।

            ਉਨ੍ਹਾਂ ਕਿਹਾ ਕਿ ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਕਿ ਤਰਬੂਜ, ਖਰਬੂਜਾ, ਸੰਤਰਾ, ਅੰਗੂਰ, ਖੀਰੇ, ਟਮਾਟਰ ,ਘੀਆ ਤੇ ਤੋਰੀਆਂ ਦੀ ਵਰਤੋਂ ਵਧੇਰੇ ਕੀਤੀ ਜਾਵੇ ਕਿਉਂਕਿ ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ। ਅਜਿਹੇ ਮੌਸਮ ਦੌਰਾਨ ਸਾਨੂੰ ਓਆਰਐਸ , ਨਿੰਬੂ ਪਾਣੀ ,ਲੱਸੀ, ਨਾਰੀਅਲ ਦਾ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣੀ ਚਮੜੀ ਦੀ ਰੱਖਿਆ ਲਈ ਸਨਸਕ੍ਰੀਨ ਅਤੇ ਅੱਖਾਂ ਦੀ ਸੁਰੱਖਿਆ ਲਈ ਕਾਲੇ ਚਸ਼ਮੇ ਪਹਿਨੋ ,ਥੋੜਾ ਖਾਣਾ ਖਾਓ ਅਤੇ ਜਿਆਦਾ ਵਾਰ ਖਾਓ, ਠੰਡੇ ਪਾਣੀ ਵਿੱਚ ਅਕਸਰ ਨਹਾਓ, ਸੂਤੀ ਕੱਪੜੇ ਤੋਂ ਬਣੇ ਹਲਕੇ ਰੰਗ ਦੇ ਮਾਸਕ ਪਹਿਨੋ, ਜੇ ਕਸਰਤ ਕਰਦੇ ਹੋ ਤਾਂ ਹੌਲੀ ਹੌਲੀ ਸ਼ੁਰੂ ਕਰੋ ਅਤੇ ਹੌਲੀ ਹੌਲੀ ਵਧਾਓ ਤਾਂ ਕਿ ਸਰੀਰ ਦੇ ਤਾਪਮਾਨ ਦੇ ਅਨੁਕੂਲ ਹੋਵੇ। ਰਵਾਇਤੀ ਉਪਚਾਰ ਜਿਵੇਂ ਪਿਆਜ ਦਾ ਸਲਾਦ, ਕੱਚਾ ਅੰਬ ਦੇ ਨਾਲ ਨਮਕ ਅਤੇ ਜੀਰਾ ਖਾਓ ਇਹ ਗਰਮੀ ਦੇ ਦੌਰੇ ਤੋਂ ਬਚਾ ਸਕਦੇ ਹਨ।ਆਪਣੇ ਘਰ ਨੂੰ ਹਵਾਦਾਰ ਅਤੇ ਠੰਡਾ ਰੱਖੋ ,ਕਮਰੇ ਦੀ ਹਵਾ ਨੂੰ ਠੰਡਾ ਕਰਨ ਲਈ ਕਮਰੇ ਵਿੱਚ ਗਿੱਲੇ ਤੋਈਏ ਟੰਗ ਦਿਓ ਅਤੇ ਹੇਠਲੀ ਮੰਜ਼ਿਲ ਤੇ ਰਹਿਣ ਦੀ ਕੋਸ਼ਿਸ਼ ਕਰੋ।ਗਰਮੀ ਦੇ ਸ਼ਿਖਰ ਦੇ ਘੰਟਿਆਂ ਦੌਰਾਨ ਖਾਣਾ ਬਣਾਉਣ ਤੋਂ ਪਰਹੇਜ਼ ਕਰੋ ਰਸੋਈ ਦੇ ਖੇਤਰ ਨੂੰ ਚੰਗੀ ਤਰ੍ਹਾਂ ਹਵਾਦਾਰ ਕਰਨ ਲਈ ਦਰਵਾਜੇ ਤੇ ਖਿੜਕੀਆਂ ਖੁੱਲੀਆਂ ਰੱਖੋ। ਸਿਗਰਟ, ਤੰਬਾਕੂ, ਬੀੜੀ ਅਤੇ ਸ਼ਰਾਬ ਦੀ ਵਰਤੋਂ ਨਾ ਕੀਤੀ ਜਾਵੇ। ਚਾਹ, ਕਾਫੀ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ, ਤਲੇ ਅਤੇ ਬਾਹਰਲੇ ਖਾਣੇ ਤੋਂ ਪਰਹੇਜ਼ ਕਰੋ। ਬਾਸੀ ਖਾਣਾ ਨਾ ਖਾਓ, ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਬੰਦ ਵਾਹਨਾਂ ਵਿੱਚ ਨਾ ਛੱਡੋ।

            ਉਨ੍ਹਾਂ ਕਿਹਾ ਕਿ ਅਸਥਿਰਤਾ ਦੇ ਨਾਲ ਬਦਲਿਆ ਮਾਨਸਿਕ ਸੰਤੁਲਨ, ਗੱਲ ਸਮਝਣ ਵਿੱਚ ਮੁਸ਼ਕਿਲ, ਝਿੜਚਿੜਾਪਣ,ਅਟੈਕਸੀਆ, ਜੁਬਾਨ ਦਾ ਲੜਖੜਾਉਣਾ, ਚੱਲਣ ਲੱਗੇ ਲੜਖੜਾਉਣਾ, ਦੌਰਾ ਪੈਣਾ, ਗਰਮ ਲਾਲ ਅਤੇ ਖੁਸਕ ਚਮੜੀ ਦਾ ਹੋਣਾ, ਸਰੀਰ ਦਾ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ ਹੋ ਜਾਣਾ, ਬਹੁਤ ਤੇਜ਼ ਸਿਰ ਦਰਦ ,ਚੱਕਰ ,ਬੇਹੋਸ਼ੀ ਅਤੇ ਮਾਸਪੇਸ਼ੀਆਂ ਦੀ ਕਮਜ਼ੋਰੀ , ਕੜਵਲ ਪੈਣੇ ਉਲਟੀਆਂ, ਦਿਲ ਦੀ ਧੜਕਣ ਤੇਜ਼ ਹੋਣਾ ਆਦਿ ਲੱਛਣ ਦਿਖਾਈ ਦੇਣ ਤੇ ਤੁਰੰਤ ਡਾਕਟਰ ਦੀ ਸਲਾਹ ਲਓ।

[wpadcenter_ad id='4448' align='none']