ਜ਼ਿਲ੍ਹਾ ਮੋਗਾ ਦੇ ਲੋਕਾਂ ਲਈ ਲਗਾਤਾਰ ਤਿੰਨ ਦਿਨ ਖਿੱਚ ਦਾ ਕੇਂਦਰ ਬਣੀਆਂ ਰਹੀਆਂ ਪੰਜਾਬ ਸਰਕਾਰ ਦੀਆਂ ਝਾਕੀਆਂ

ਮੋਗਾ, 11 ਫਰਵਰੀ:
ਜ਼ਿਲ੍ਹਾ ਮੋਗਾ ਵਿੱਚ 8 ਫ਼ਰਵਰੀ ਤੋਂ ਆਈਆਂ, ਪੰਜਾਬ ਦੇ ਸ਼ਾਨਦਾਰ ਇਤਿਹਾਸ ਨੂੰ ਰੂਪਮਾਨ ਕਰਦੀਆਂ ਝਾਕੀਆਂ, ਲਗਾਤਾਰ ਤਿੰਨ ਦਿਨ ਜ਼ਿਲ੍ਹਾ ਵਾਸੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਇਹਨਾਂ ਵਿਲੱਖਣ ਝਾਕੀਆਂ ਦਾ ਸਵਾਗਤ ਵੀ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਕੀਤਾ ਗਿਆ ਸੀ।
 ਇਹਨਾਂ ਝਾਕੀਆਂ ਨੂੰ ਅੱਜ ਐੱਸ ਡੀ ਐੱਮ ਬਾਘਾਪੁਰਾਣਾ ਸ੍ਰ ਹਰਕੰਵਲਜੀਤ ਸਿੰਘ ਦੀ ਅਗਵਾਈ ਹੇਠ  ਜ਼ਿਲ੍ਹਾ ਫਿਰੋਜ਼ਪੁਰ ਲਈ ਬੜੇ ਹੀ ਸਤਕਾਰ ਸਹਿਤ ਰਵਾਨਾ ਕਰ ਦਿੱਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਪਿੰਡਾਂ ਦੇ ਲੋਕਾਂ, ਸਕੂਲੀ ਵਿਦਿਆਰਥੀਆਂ ਨੇ ਇਹ ਵਿਲੱਖਣ ਝਾਕੀਆਂ ਬੜੇ ਹੀ ਉਤਸ਼ਾਹ ਨਾਲ ਵੇਖੀਆਂ।  ਇਨ੍ਹਾਂ ਪ੍ਰਭਾਵਸ਼ਾਲੀ ਝਾਕੀਆਂ ਨਾਲ ਸਕੂਲੀ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਪੰਜਾਬ ਦੇ ਇਤਿਹਾਸ ਅਤੇ ਵਿਰਾਸਤ ਨੂੰ ਜਾਣਨ ਦਾ ਮੌਕਾ ਮਿਲਿਆ। ਝਾਕੀਆਂ ਵਿਚ ਜ਼ਿਲ੍ਹਿਆਂ ਵਾਲੇ ਬਾਗ ਦੀ ਘਟਨਾ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਨ ਸਿੰਘ ਭਕਨਾ, ਲਾਲਾ ਲਾਜਪਤ ਰਾਏ, ਸ਼ਹੀਦ ਸੁਖਦੇਵ, ਲਾਲਾ ਹਰਦਿਆਲ, ਸਰਦਾਰ ਅਜੀਤ ਸਿੰਘ, ਬਾਬਾ ਖੜਕ ਸਿੰਘ, ਮਦਨ ਲਾਲ ਢੀਂਗਰਾ, ਡਾ. ਦੀਵਾਨ ਸਿੰਘ ਕਾਲੇਪਾਣੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੀ ਕੁਰਬਾਨੀ ਅਤੇ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਦਿਖਾਇਆ ਗਿਆ ਹੈ।
  ਉਨ੍ਹਾਂ ਕਿਹਾ ਕਿ ਸੂਬੇ ਦੇ ਸ਼ਾਨਦਾਰ ਇਤਿਹਾਸ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਦੀ ਇਹ ਨਿਵੇਕਲੀ ਪਹਿਲ ਹੈ। ਇਹ ਉਪਰਾਲਾ ਸੂਬੇ ਦੇ ਨੌਜਵਾਨਾਂ ਨੂੰ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਦੀ ਭੂਮਿਕਾ ਦੇ ਬਾਰੇ ਜਾਣਕਾਰੀ ਦੇਣ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗਾ।
ਉਹਨਾਂ  ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਇਨ੍ਹਾਂ ਝਾਕੀਆਂ ਨੂੰ ਸੂਬੇ ਦੇ ਕੋਨੇ-ਕੋਨੇ ਵਿੱਚ ਦਿਖਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਉਪਰੰਤ ਇਹ ਝਾਕੀਆਂ ਮੋਗਾ ਜ਼ਿਲ੍ਹੇ ਵਿੱਚ ਪਹੁੰਚੀਆਂ ਹਨ ਤਾਂ ਕਿ ਆਮ ਲੋਕ ਵੀ ਇੰਨਾਂ ਝਾਕੀਆਂ ਦੇ ਬਾਰੇ ਜਾਣਕਾਰੀ ਹਾਸਿਲ ਕਰ ਸਕਣ।
ਇਨ੍ਹਾਂ ਝਾਕੀਆਂ ਨੂੰ ਦੇਖਣ ਤੋਂ ਬਾਅਦ  ਸਮੂਹ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਜਿਸ ਦੇ ਸਦਕਾ ਉਨਾਂ ਨੂੰ ਪੰਜਾਬ ਦੇ ਮਹਾਨ ਗੌਰਵਸ਼ਾਲੀ ਇਤਿਹਾਸ, ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਦੇ ਯੋਗਦਾਨ ਅਤੇ ਨਾਰੀ ਸ਼ਸਕਤੀਕਰਨ ਦੀ ਝਲਕ ਇਕੱਠੇ ਦੇਣ ਨੂੰ ਮਿਲੀ।

[wpadcenter_ad id='4448' align='none']