ਅਗਲੇ ਦੋ ਤਿੰਨ ਹਫ਼ਤੇ ਨਰਮੇ ਦੀ ਫਸਲ ਲਈ ਅਹਿਮ ,ਵਧੇਰੇ ਸੁਚੇਤ ਰਹਿਣ ਦੀ ਜ਼ਰੂਰਤ -ਮੁੱਖ ਖੇਤੀਬਾੜੀ ਅਫ਼ਸਰ

ਫਰੀਦਕੋਟ: 24ਅਗਸਤ 2024(     )
 ਬਾਰਸ਼ ਹੋਣ ਕਾਰਨ ਹੁੰਮਸ ਵਾਲੇ ਮੌਸਮ ਤੋਂ ਰਾਹਤ ਮਿਲਣ ਦੇ ਨਾਲ ਨਾਲ ਨਰਮੇ ਦੀ ਫ਼ਸਲ ਨੂੰ ਬਹੁਤ ਫਾਇਦਾ ਹੋਇਆ ਹੈ, ਜਿਸ ਨਾਲ ਚਿੱਟੀ ਮੱਖੀ ਦੇ ਹਮਲੇ ਤੋਂ ਕੁਝ ਰਾਹਤ ਮਿਲੀ ਹੈ, ਪ੍ਰੰਤੂ ਨਰਮੇ ਦੀ ਫ਼ਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ। ਸਥਾਨਕ ਮੁੱਖ ਖੇਤੀਬਾੜੀ ਦਫਤਰ ਵਿਖੇ ਗੱਲਬਾਤ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ  ਨੇ ਦੱਸਿਆ ਜ਼ਿਲਾ ਫ਼ਰੀਦਕੋਟ ਵਿੱਚ ਤਕਰੀਬਨ 325 ਹੈਕ. ਰਕਬੇ ਵਿਚ ਨਰਮੇ ਦੀ ਕਾਸ਼ਤ ਕੀਤੀ ਗਈ ਹੈ  ।
ਉਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦਾ ਮੁੱਖ ਮਕਸਦ ਨਰਮੇ ਦੀ ਫ਼ਸਲ ਨੂੰ ਕੀੜਿਆਂ ਖਾਸ ਕਰਕੇ ਗੁਲਾਬੀ ਸੁੰਡੀ ਤੋਂ ਬਚਾਅ ਕਰਨਾ ਹੈ ਤਾਂ ਜੋਂ ਨਰਮੇ ਦੀ ਫਸਲ ਪ੍ਰਤੀ ਵਿਸ਼ਵਾਸ਼ ਪੈਦਾ ਕੀਤਾ ਜਾ ਸਕੇ ਅਤੇ ਅਗਲੇ ਸਾਲ ਨਰਮੇ ਹੇਠ ਰਕਬਾ ਵਧਾਇਆ ਜਾ ਸਕੇ।ਉਨਾਂ ਦੱਸਿਆ ਕਿ ਨਰਮੇ ਦੀ ਬਿਜਾਈ ਉਪਰੰਤ ਖੁਸ਼ਕ ਮੌਸਮ ਰਹਿਣ ਕਰਨ ਫ਼ਸਲ ਦਾ ਵਾਧਾ ਸਹੀ ਨਹੀਂ ਸੀ ਹੋਇਆ ਪਰ ਪਿਛਲੇ ਸਮੇਂ ਦੌਰਾਨ ਬਾਰਸ਼ਾਂ ਹੋਣ ਕਾਰਨ ਨਰਮੇ ਫ਼ਸਲ ਦਾ ਵਾਧਾ ਹੋਣ ਦੇ ਨਾਲ ਹਾਲਤ ਵੀ ਠੀਕ ਹਨ।ਉਨਾਂ ਕਿਹਾ ਕਿ ਚਿੱਟੀ ਮੱਖੀ ਦਾ ਹਮਲਾ ਆਰਥਿਕ ਕਗਾਰ ਤੋਂ ਹੇਠਾਂ ਹੀ ਹੈ ਅਤੇ ਹਾਲਾਤ ਕਾਬੂ ਹੇਠ ਹਨ ਪ੍ਰੰਤੂ ਅਗਲੇ 2-3 ਹਫਤੇ ਨਰਮੇ ਦੀ ਫਸਲ ਲਈ ਬਹੁਤ ਅਹਿਮ ਹਨ।ਉਨਾਂ ਕਿਹਾ ਕਿ ਫਿਲਹਾਲ ਕਿਤੇ ਵੀ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ ਪਰ ਨਰਮੇ ਦੀ ਫ਼ਸਲ ਵਿੱਚ ਜੋਂ ਸੈਕਸ ਫਿਰੋਮੋਨ ਟ੍ਰੈਪ ਲਗਾਏ ਗਏ ਹਨ ,ਵਿਚ ਕਿਤੇ ਕਿਤੇ ਗੁਲਾਬੀ ਸੁੰਡੀ ਦੇ ਪਤੰਗੇ ਦੇਖੇ ਗਏ ਹਨ ,ਜਿਸ ਪ੍ਰਤੀ ਨਰਮਾ ਕਾਸ਼ਤਕਾਰਾਂ ਨੂੰ ਵਧੇਰੇ ਸੁਚੇਤ ਰਹਿਣ ਦੀ ਜ਼ਰੂਰਤ ਹੈ।
 ਉਨਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ 12 ਸਰਕਲ ,2 ਬਲਾਕ ਅਤੇ ਇਕ ਜ਼ਿਲਾ ਪੱਧਰ ਤੇ ਖੇਤੀ ਮਾਹਿਰਾਂ ਦੀਆਂ ਟੀਮਾਂ ਲਗਾਤਾਰ ਸੋਮਵਾਰ ਅਤੇ ਵੀਰਵਾਰ ਨਰਮੇ ਦੀ ਫ਼ਸਲ ਦਾ ਸਰਵੇਖਣ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨਾਂ ਟੀਮਾਂ ਵੱਲੋਂ ਨਰਮਾ ਕਾਸ਼ਤਕਾਰਾਂ ਨਾਲ ਲਗਾਤਾਰ ਸੰਪਰਕ ਬਣਾਇਆ ਜਾ ਰਿਹਾ ਹੈ ਤਾਂ ਜੋਂ ਕਿਸੇ ਵੀ ਸੰਕਟਕਾਲੀਨ ਹਾਲਤ ਨਾਲ ਸਮੇਂ ਸਿਰ ਨਜਿੱਠਿਆ ਜਾ ਸਕੇ।ਉਨਾਂ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਪ੍ਰਤੀ ਕਿਸਾਨਾਂ ਨੁੰ ਆਪਣੇ ਖੇਤਾਂ ਵਿਚ ਲਗਾਤਾਰ ਨਿਰੀਖਨ ਕਰਦੇ ਰਹਿਣਾ ਚਾਹੀਦਾ ਅਤੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਹੀ ਕੀਟ ਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੀੜਿਆਂ ਦੇ ਹਮਲੇ ਸਬੰਧੀ ਕੀਤੇ ਜਾ ਰਹੇ ਸਰਵੇ ਅਤੇ ਸਰਵੇਖਣ ਦੌਰਾਨ ਖੇਤੀ ਅਧਿਕਾਰੀਆਂ ਨਾਲ ਪੂਰਨ ਸਹਿਯੋਗ ਕੀਤਾ ਜਾਵੇ ਤਾਂ ਜੋ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਨਰਮੇ ਦੀ ਫਸਲ ਦੀਆਂ ਖੁਰਾਕੀ ਜ਼ਰੂਰਤਾਂ ਦੀ ਪੂਰਤੀ ਲਈ ਪੋਟਾਸ਼ੀਅਮ ਨਾਈਟ੍ਰੇਟ ਦੇ ਹਫਤੇ ਹਫਤੇ ਦੇ ਵਕਫੇ ਤੇ 4 ਛਿੜਕਾਅ ਕਰ ਦੇਣੇ ਚਾਹੀਦੇ ਹਨ।

[wpadcenter_ad id='4448' align='none']