ਅੰਮ੍ਰਿਤਸਰ 13 ਦਸੰਬਰ 2023
ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਤੁੰਗ ਢਾਬ ਡਰੇਨ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਦਿੱਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਪ੍ਰਦੂਸ਼ਣ ਕੰਟਰੋਲ ਵਿਭਾਗ ਨੇ ਨਾਗ ਕਲਾਂ ਵਿਖੇ ਗੈਰ ਕਾਨੂੰਨੀ ਢੰਗ ਨਾਲ ਚਲਦੀ ਕੱਪੜਾ ਰੰਗਣ ਵਾਲੀ ਫੈਕਟਰੀ ਬੀ.ਐਮ. ਫੈਬਰਿਕ ਨੂੰ ਸੀਲ੍ਹ ਕਰ ਦਿੱਤਾ ਹੈ। ਵਿਭਾਗ ਦੇ ਐਕਸੀਅਨ ਸ੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਉੱਕਤ ਫੈਕਟਰੀ ਕੋਲ ਕੱਪੜੇ ਨੂੰ ਫਿਨਿਸ਼ ਕਰਨ ਦਾ ਲਾਇਸੰਸ ਹੈ, ਪਰ ਕੰਪਨੀ ਨੇ ਇਸ ਵਿੱਚ ਕੱਪੜਾ ਰੰਗਣ ਵਾਲੀਆਂ ਮਸ਼ੀਨਾਂ ਵੀ ਲੱਗਾ ਲਈਆਂ ਅਤੇ ਇਹ ਲਾਇਸੰਸ ਵੀ ਨਹੀਂ ਲਿਆ। ਉਕਤ ਫੈਕਟਰੀ ਵਰਤੇ ਗਏ ਗੰਦੇ ਪਾਣੀ ਨੂੰ ਬਿਨਾਂ ਸਾਫ਼ ਕੀਤੇ ਤੁੰਗ ਢਾਬ ਡਰੇਨ ਵਿੱਚ ਸੁੱਟ ਰਹੀ ਸੀ, ਜਦ ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਪਾਣੀ ਦੇ ਸੈਂਪਲ ਲਏ ਜੋ ਕਿ ਫੇਲ੍ਹ ਨਿਕਲੇ। ਵਿਭਾਗ ਨੇ ਇਹ ਰਿਪੋਰਟ ਚੇਅਰਮੈਨ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਭੇਜੀ ਜਿਨ੍ਹਾਂ ਨੇ ਤੁਰੰਤ ਫੈਕਟਰੀ ਸੀਲ੍ਹ ਕਰਨ ਦੇ ਹੁਕਮ ਦਿੱਤੇ, ਜੋ ਕਿ ਤੁਰੰਤ ਅਮਲ ਵਿੱਚ ਲਿਆ ਦਿੱਤੇ ਗਏ।
ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਡਿਪਟੀ ਕਮਿਸ਼ਨਰ ਵਲੋਂ ਕੀਤੀ ਗਈ ਜ਼ਿਲਾ ਪੱਧਰੀ ਮੀਟਿੰਗ ਵਿੱਚ ਉਨਾਂ ਵਿਭਾਗ ਵਲੋਂ ਕੀਤੀ ਗਈ ਕਾਰਵਾਈ ਦੀ ਸਰਾਹਨਾ ਕਰਦਿਆਂ ਕਿਹਾ ਕਿ ਜੋ ਵੀ ਫੈਕਟਰੀ ਗੰਦਾ ਪਾਣੀ ਡਰੇਨ ਵਿੱਚ ਸੁੱਟਦੀ ਹੈ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਉਨਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਡਰੇਨ ਵਿੱਚ ਸੀਵਰੇਜ ਦਾ ਪਾਣੀ ਸੁੱਟਣ ਵਾਲੀਆਂ ਸਾਰੀਆਂ ਰਿਹਾਇਸ਼ੀ ਅਤੇ ਪਿੰਡਾਂ ਦੀ ਸੂਚੀ ਦੇਣ ਤਾਂ ਜੋ ਇਸਦਾ ਪੱਕਾ ਹੱਲ ਕੀਤਾ ਜਾ ਸਕੇ।
ਉਨਾਂ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਦੇ ਗੰਦਲੇ ਪਾਣੀ ਨੂੰ ਸਾਫ ਕਰਨ ਲਈ ਸਰਕਾਰ ਵਲੋਂ ਤਿੰਨ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਿਤ ਕੀਤੇ ਗਏ ਹਨ ਅਤੇ ਇਹਨਾਂ ਟਰੀਟਮੈਂਟ ਪਲਾਂਟਾ ਦੀ ਕੁੱਲ ਸਮੱਰਥਾ 217.5 ਐਮ.ਐਲ.ਡੀ ਹੈ। ਤੁੰਗ ਢਾਬ ਡਰੇਨਦੇ ਪ੍ਰਭਾਵੀ ਖੇਤਰ ਅਧੀਨ ਵੀ ਇਹਨਾਂ ਤਿੰਨ ਟਰੀਟਮੈਂਟ ਪਲਾਂਟਾ ਵਿੱਚੋ ਇਕ ਜਿਸ ਦੀ ਸਮੱਰਥਾ 95 ਐਮ.ਐਲ.ਡੀ ਹੈ ਜੋ ਕਿ ਰਾਮ ਤੀਰਥ ਰੋਡ ਉਪੱਰ ਪਿੰਡ ਗਾਉਂਸਾਬਾਦ ਵਿਖੇ ਸਥਿਤ ਹੈ ਜੋ ਅੰਮ੍ਰਿਤਸਰ ਦੇ ਇਸ ਖੇਤਰ ਦੇ ਗੰਦੇ ਪਾਣੀ ਨੂੰ ਟਰੀਟ ਕਰਦਾ ਹੈ। ਉਨਾਂ ਦੱਸਿਆ ਕਿ ਇਨਾਂ ਟ੍ਰੀਟਮੈਂਟ ਪਲਾਟਾਂ ਦੀ ਸਮਰੱਥਾ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਮੈਡਮ ਅਮਨਦੀਪ ਕੌਰ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸੰਦੀਪ ਮਲਹੋਤਰਾ, ਨਗਰ ਨਿਗਮ ਦੇ ਐਕਸੀਐਨ ਸ: ਮਨਜੀਤ ਸਿੰਘ, ਏ.ਡੀ.ਏ. ਦੇ ਐਸ.ਡੀ.ਈ. ਸ: ਜਗਬੀਰ ਸਿੰਘ, ਪੰਜਾਬ ਵਾਟਰ ਸੀਵਰੇਜ ਬੋਰਡ ਐਸ. ਈ. ਸ: ਸਤਨਾਮ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।