ਮੋਗਾ, 30 ਜਨਵਰੀ:
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸੂਬੇ ਵਿੱਚ ਕੰਮ ਕਰ ਰਹੀਆਂ ਯੂਥ ਕਲੱਬਾਂ ਦਾ ਉਤਸ਼ਾਹ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ , ਕਿਉਂਕਿ ਸੂਬੇ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਵਿੱਚ ਨੌਜਵਾਨ ਪੀੜ੍ਹੀ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ। ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇ਼ਸਾਂ ਤਹਿਤ ਯੁਵਕ ਸੇਵਾਵਾਂ ਵਿਭਾਗ ਵੱਲੋਂ ਯੂਥ ਕਲੱਬਾਂ ਨੂੰ ਮੁੜ ਸੁਰਜੀਤ ਕਰਨ ਲਈ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ।
ਇਸਦੀ ਲਗਾਤਾਰਤਾ ਵਿੱਚ ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਵੱਲੋਂ ਜ਼ਿਲ੍ਹਾ ਮੋਗਾ ਦੀਆਂ 4 ਯੂਥ ਕਲੱਬਾਂ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਵੰਡੇ ਗਏ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਨੀਤਾ ਦਰਸ਼ੀ ਵੀ ਮੌਜੂਦ ਸਨ। ਇਨ੍ਹਾਂ ਯੂਥ ਕਲੱਬਾਂ ਦੇ ਨਾਮਾਂ ਦੀ ਸਿਫ਼ਾਰਿਸ਼ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਕੀਤੀ ਗਈ ਸੀ, ਕਿਉਂਕਿ ਇਨ੍ਹਾਂ ਯੂਥ ਕਲੱਬਾਂ ਨੇ ਪਿਛਲੇ ਸਮੇਂ ਵਿੱਚ ਸਮਾਜ ਜਾਂ ਨੌਜਵਾਨਾਂ ਦੀ ਭਲਾਈ ਦੀਆਂ ਗਤੀਵਿਧੀਆਂ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਗਈ ਹੈ। ਇਨ੍ਹਾਂ ਯੂਥ ਕਲੱਬਾਂ ਵਿੱਚ ਚੂਹੜਚੱਕ, ਬਲਖੰਡੀ, ਨਸੀਰੇਵਾਲਾ ਤੇ ਸੈਦਜਲਾਲਪੁਰ ਦੀਆਂ ਕਲੱਬਾਂ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਜਿਹੜੇ ਵੀ ਯੂਥ ਕਲੱਬ ਅਹਿਮ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਪਿੰਡਾਂ ਦੇ ਵਿਕਾਸ ਦੇ ਖੇਤਰ, ਨੌਜਵਾਨੀ ਬਚਾਉਣ ਦੇ ਖੇਤਰ ਵਿੱਚ ਖਾਸ ਉਪਰਾਲੇ ਕਰਨਗੇ ਭਵਿੱਖ ਵਿੱਚ ਵੀ ਅਜਿਹੀਆਂ ਯੂਥ ਕਲੱਬਾਂ ਨੂੰ ਸਨਮਾਨਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਯੂਥ ਕਲੱਬਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹ ਨੌਜਵਾਨਾਂ ਨੂੰ ਖੇਡਾਂ, ਸੱਭਿਆਚਾਰ ਨਾਲ ਜੋੜ ਕੇ ਪਿੰਡਾਂ ਦੇ ਵਿਕਾਸ ਦੇ ਕੰਮਾਂ ਵਿੱਚ ਵੀ ਆਪਣਾ ਯੋਗਦਾਨ ਪਾਉਣ।
ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਯੂਥ ਕਲੱਬਾਂ ਰਾਹੀਂ ਨੌਜਵਾਨਾਂ ਦੇ ਚੰਗੇਰੇ ਭਵਿੱਖ ਲਈ ਯਤਨ ਲਗਾਤਾਰ ਜਾਰੀ ਰਹਿਣਗੇ।
ਪੰਜਾਬ ਸਰਕਾਰ ਯੂਥ ਕਲੱਬਾਂ ਦੇ ਉਤਸ਼ਾਹ ਵਿੱਚ ਵਾਧਾ ਕਰਨ ਲਈ ਯਤਨਸ਼ੀਲ
Date: