ਪੰਜਾਬ ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਗ੍ਰਾਮ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਲਈ ਚੋਣ ਨਿਸ਼ਾਨਾਂ ਦੀ ਸੂਚੀ ਜਾਰੀ ਕੀਤੀ

ਚੰਡੀਗੜ੍ਹ, 21 ਸਤੰਬਰ 2024:

ਰਾਜ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਨੰਬਰ SEC/PE/S.A./2024/01, ਮਿਤੀ 05.09.2024, ਰਾਹੀਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਗਰਾਮ ਪੰਚਾਇਤਾਂ ਦੀਆਂ ਆਮ/ਉਪ ਚੋਣਾਂ ਲਈ ਉਮੀਦਵਾਰਾਂ ਨੂੰ ਸਬੰਧਤ ਰਿਟਰਨਿੰਗ ਅਫ਼ਸਰ ਵੱਲੋਂ ਅਲਾਟ ਕੀਤੇ ਜਾਣ ਵਾਲੇ ਚੋਣ ਨਿਸ਼ਾਨਾਂ ਦੀ ਸੂਚੀ ਜਾਰੀ ਕੀਤੀ ਹੈ।

 ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਚੋਣ ਕਮਿਸ਼ਨਰ ਸ੍ਰੀ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਇਨ੍ਹਾਂ ਚੋਣ ਨਿਸ਼ਾਨਾਂ ਸਬੰਧੀ ਕਮਿਸ਼ਨ ਵੱਲੋਂ ਵੱਖਰੇ ਤੌਰ ‘ਤੇ ਹੈਂਡ ਬੁੱਕ ਵੀ ਛਪਵਾਈ ਗਈ ਹੈ, ਜੋ ਕਿ ਕਮਿਸ਼ਨ ਦੀ ਵੈਬ ਸਾਈਟ sec.punjab.gov.in ‘ਤੇ ਉਪਲੱਬਧ ਹੈ ਅਤੇ ਇਸ ਦੀਆਂ ਕਾਪੀਆਂ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਜ਼-ਕਮ-ਜ਼ਿਲ੍ਹਾ ਚੋਣ ਅਫ਼ਸਰ ਸਾਹਿਬਾਨਾਂ ਨੂੰ ਵੀ ਭੇਜੀਆਂ ਜਾ ਚੁੱਕੀਆਂ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਚੋਣਾਂ ਵਿਭਾਗ, ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਨੋਟੀਫਿਕੇਸ਼ਨ ਨੰ: G.S.R.44/P.A.19/1994/ S.139/Amd.(8)/2024, ਮਿਤੀ 30.08.2024 ਅਨੁਸਾਰ ਸਰਪੰਚਾਂ ਅਤੇ ਪੰਚਾਂ ਦੀਆਂ ਆਸਾਮੀਆਂ ਲਈ ਕੋਈ ਵੀ ਉਮੀਦਵਾਰ ਕਿਸੇ ਵੀ ਰਾਜਨੀਤਕ ਪਾਰਟੀ ਦੇ ਚੋਣ ਨਿਸ਼ਾਨ ‘ਤੇ ਚੋਣ ਨਹੀਂ ਲੜ ਸਕੇਗਾ। ਹੈਂਡ ਬੁੱਕ ਵਿੱਚ ਟੇਬਲ ਨੰ: V ਵਿੱਚ ਸਰਪੰਚਾਂ ਲਈ ਅਤੇ ਟੇਬਲ ਨੰ: VI ਵਿੱਚ ਪੰਚਾਂ ਦੇ ਉਮੀਦਵਾਰਾਂ ਲਈ ਦਿੱਤੇ “ਫਰੀ ਚੋਣ ਨਿਸ਼ਾਨਾਂ” ਵਿੱਚੋਂ ਹੀ, ਉਨ੍ਹਾਂ ਨੂੰ  ਸਬੰਧਤ ਰਿਟਰਨਿੰਗ ਅਫ਼ਸਰ ਵੱਲੋਂ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।

[wpadcenter_ad id='4448' align='none']