ਖਰੜ/ਐਸ.ਏ.ਐਸ. ਨਗਰ, 16 ਦਸੰਬਰ, 2023:
ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਇਤਿਹਾਸਕ ਸ਼ਹਿਰ ਖਰੜ ਨੂੰ ਜਲਦੀ ਹੀ ਨਮੂਨੇ ਦੇ ਸ਼ਹਿਰ ਵਿੱਚ ਬਦਲਿਆ ਜਾਵੇਗਾ।
ਸੈਰ ਸਪਾਟਾ ਵਿਭਾਗ ਵੱਲੋਂ ਮਹਾਰਾਜਾ ਅੱਜ ਸਰੋਵਰ ਦੇ ਚੱਲ ਰਹੇ ਨਵੀਨੀਕਰਣ ਕਾਰਜਾਂ ਦਾ ਦੌਰਾ ਕਰਨ ਉਪਰੰਤ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸ੍ਰੀ ਰਾਮ ਮੰਦਰ ਮਹਾਰਾਜਾ ਅੱਜ ਸਰੋਵਰ ਵਿਕਾਸ ਸੰਮਤੀ ਦੇ ਅਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਇਤਿਹਾਸਕ ਸਰੋਵਰ ਨੂੰ ਅਧਿਆਤਮਿਕ ਪ੍ਰੇਰਨਾ ਸਰੋਤ ਦੇ ਨਾਲ-ਨਾਲ ਵਿਰਾਸਤੀ ਸੈਰ ਸਪਾਟੇ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ। .
ਉਨ੍ਹਾਂ ਕਿਹਾ ਕਿ ਭਗਵਾਨ ਰਾਮ ਚੰਦਰ ਜੀ ਦੀ ਸਥਾਪਿਤ ਕੀਤੀ ਜਾਣ ਵਾਲੀ ਮੂਰਤੀ ਦੀ ਪਹਿਲਾਂ ਪ੍ਰਸਤਾਵਿਤ ਉਚਾਈ 18 ਤੋਂ ਵਧਾ ਕੇ 118 ਫੁੱਟ ਕੀਤੀ ਜਾਵੇਗੀ ਤਾਂ ਜੋ ਹਰ ਕੋਈ ਰਾਹਗੀਰ ਖਰੜ ਸ਼ਹਿਰ ਤੋਂ ਨੈਸ਼ਨਲ ਹਾਈਵੇਅ ਫਲਾਈਓਵਰ ਕਰਾਸਿੰਗ ਤੋਂ ਇਸ ਦੇ ਦਰਸ਼ਨ ਕਰ ਸਕੇ। ਉਨ੍ਹਾਂ ਅੱਗੇ ਕਿਹਾ ਕਿ ਇਹ ਮੂਰਤੀ ਅਯੁੱਧਿਆ ਵਿੱਚ ਸਥਾਪਤ ਕੀਤੀ ਗਈ ਭਗਵਾਨ ਰਾਮ ਚੰਦਰ ਜੀ ਦੀ ਮੂਰਤੀ ਦਾ ਪ੍ਰਤੀਰੂਪ ਹੋਵੇਗੀ।
ਇਸ ਸਥਾਨ ਦੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਵਿਕਾਸ ਦੇ ਨਾਲ-ਨਾਲ ਇੱਥੇ ਰੈਸਟੋਰੈਂਟ, ਫੁਹਾਰੇ, ਹੈਰੀਟੇਜ ਲਾਈਟਾਂ, ਸਰੋਵਰ ਦੇ ਪਾਣੀ ਵਿੱਚ 10 ਕਿਸ਼ਤੀਆਂ, ਸ਼ਾਨਦਾਰ ਸਵਾਗਤੀ ਸਾਈਨ ਬੋਰਡ, ਫੁੱਲ-ਬੂਟੇ ਅਤੇ ਸਜਾਵਟੀ ਰੁੱਖ, ਓਪਨ ਜਿਮ, ਰੋਲਰ ਕੋਸਟਰ, ਟੌਏ-ਟ੍ਰੇਨ ਆਦਿ ਸਥਾਪਤ ਕਰਕੇ ਇਸ ਨੂੰ ਬੱਚਿਆਂ ਅਤੇ ਹੋਰ ਲੋਕਾਂ ਲਈ ਮਨੋਰੰਜਨ ਦੇ ਕੇਂਦਰ ਵਜੋਂ ਵੀ ਵਿਕਸਤ ਕੀਤਾ ਜਾਵੇਗਾ।
ਖਰੜ ਨੂੰ ਆਪਣਾ ਰਾਜਨੀਤਿਕ ਜਨਮ ਸਥਾਨ ਦੱਸਦਿਆਂ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੇ ਅੱਗੇ ਕਿਹਾ ਕਿ ਉਹ ਖਰੜ ਵਾਸੀਆਂ ਵੱਲੋਂ ਉਨ੍ਹਾਂ ਨੂੰ ਰਾਜਨੀਤਿਕ ਖੇਤਰ ਵਿੱਚ ਦਿੱਤੀ ਪਛਾਣ ਲਈ ਹਮੇਸ਼ਾਂ ਉਨ੍ਹਾਂ ਦੇ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦਾ ਵੀ ਖਰੜ ਵਾਸੀਆਂ ਲਈ ਇਹ ਫਰਜ਼ ਬਣਦਾ ਹੈ ਕਿ ਉਹ ਇਸ ਇਤਿਹਾਸਕ ਸ਼ਹਿਰ ਦਾ ਸਰਵਪੱਖੀ ਵਿਕਾਸ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਕੇ ਦਿਖਾਉਣ। ਉਨ੍ਹਾਂ ਕਿਹਾ ਕਿ ਸੁੰਦਰ ਅਤੇ ਵਿਸ਼ਾਲ ਵੈਲਕਮ ਗੇਟ, ਬਾਜ਼ਾਰਾਂ ਦੀ ਵਿਰਾਸਤੀ ਦਿੱਖ, ਸ਼ਹਿਰ ਦੀ ਸਫ਼ਾਈ ਤੋਂ ਇਲਾਵਾ ਦਰਪਣ ਸਿਟੀ ਦੇ ਕੂੜੇ ਦਾ ਨਿਪਟਾਰਾ ਉਨ੍ਹਾਂ ਦੇ ਮੁੱਖ ਏਜੰਡੇ ਹਨ।
ਉਨ੍ਹਾਂ ਕਿਹਾ ਕਿ 100 ਕਰੋੜ ਰੁਪਏ ਦਾ ਸਰਫੇਸ ਵਾਟਰ ਪ੍ਰੋਜੈਕਟ (ਕਜੌਲੀ ਤੋਂ) ਪਿਛਲੇ ਹਫ਼ਤੇ ਹੀ ਸ਼ੁਰੂ ਹੋ ਚੁੱਕਾ ਹੈ। ਪਿਛਲੇ ਕਈ ਸਾਲਾਂ ਤੋਂ ਉਸਾਰੀ ਦਾ ਮੂੰਹ ਨਾ ਦੇਖ ਸਕਣ ਵਾਲੇ ਨਵੇਂ ਬੱਸ ਸਟੈਂਡ ਦੀ ਉਸਾਰੀ ਨੂੰ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਹਰੀ ਝੰਡੀ ਦੇ ਦਿੱਤੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਕੂੜੇ ਦੇ ਨਿਪਟਾਰੇ ਲਈ ਇਕ ਸੋਲਿਡ ਵੇਸਟ ਮੈਨੇਜਮੈਂਟ ਕੰਪਨੀ ਤੋਂ ਇਲਾਵਾ ਸ਼ਹਿਰ ਨੂੰ ਨਵੀਂ ਦਿੱਖ ਦੇਣ ਲਈ ਟਾਊਨ ਪਲਾਨਰ ਦੀ ਨਿਯੁਕਤੀ ਕੀਤੀ ਜਾ ਰਹੀ ਹੈ।
ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਐਸ ਡੀ ਐਮ ਗੁਰਮੰਦਰ ਸਿੰਘ, ਡੀ ਐਸ ਪੀ ਕਰਨ ਸਿੰਘ ਸੰਧੂ, ਈ ਓ ਐਮ ਸੀ ਖਰੜ ਮਨਵੀਰ ਸਿੰਘ ਗਿੱਲ, ਸ੍ਰੀ ਰਾਮ ਮੰਦਰ ਮਹਾਰਾਜਾ ਅੱਜ ਸਰੋਵਰ ਵਿਕਾਸ ਸੰਮਤੀ ਦੇ ਅਹੁਦੇਦਾਰ ਸੁਦਰਸ਼ਨ ਵਰਮਾ, ਅਸ਼ੋਕ ਸ਼ਰਮਾ, ਜੇ ਪੀ ਧੀਮਾਨ ਅਤੇ ਸ਼ਸ਼ੀ ਪਾਲ ਜੈਨ, ਰਾਮ ਸਵਰੂਪ ਅਤੇ ਡਾ. ਵਿਨੀਤ ਜੈਨ ਬਿੱਟੂ (ਦੋਵੇਂ ਕੌਂਸਲਰ) ਅਤੇ ਹਾਕਮ ਸਿੰਘ ਦੇ ਨਾਮ ਜ਼ਿਕਰਯੋਗ ਹਨ।