ਫਰੀਦਕੋਟ 7 ਜੁਲਾਈ 2024( ) ਕਿਸਾਨਾਂ ਨੂੰ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਰੋਕਥਾਮ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ । ਬਲਾਕ ਕੋਟਕਪੂਰਾ ਦੇ ਸਰਕਲ ਬਾਜਾਖਾਨਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਪਿੰਡ ਡੋਡ ਵਿਚ ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਗੁਰਮਿੰਦਰ ਸਿੰਘ ਬਰਾੜ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,ਫਰੀਦਕੋਟ ਵੱਲੋਂ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋਂ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਇਆ ਜਾ ਸਕੇ ਅਤੇ ਇਸ ਮੁਹਿੰਮ ਤਹਿਤ ਗੁਲਾਬੀ ਸੁੰਡੀ ਦੀ ਨਿਗਰਾਨੀ ਲਈ ਹਰੇਕ ਨਰਮੇ ਦੇ ਖੇਤ ਵਿੱਚ ਆਤਮਾ ਤਹਿਤ ਫੀਰੋਮੋਨ ਟਰੈਪ ਲਗਾਏ ਗਏ ਹਨ ਤਾਂ ਜੋ ਗੁਲਾਬੀ ਸੁੰਡੀ ਦੀ ਹਮਲੇ ਬਾਰੇ ਪਤਾ ਲੱਗ ਸਕੇ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਤਕਨੀਕੀ ਤੌਰ ਤੇ ਨਰਮੇ ‘ਚ ਕੀੜੇ-ਮਕੌੜਿਆਂ ਦੇ ਹਮਲੇ ਅਤੇ ਰੋਕਥਾਮ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋਂ ਨਰਮਾ ਕਾਸ਼ਤਕਾਰਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਸਮੇਂ ਸਿਰ ਬੀਜੇ ਨਰਮੇ ਦੀ ਫਸਲ ਵਿਚ ਫੁੱਲ ਨਿਕਲਣੇ ਸ਼ੁਰੂ ਹੋ ਗਏ ਹਨ, ਉੱਥੇ ਯੂਰੀਆ ਦੀ ਬਾਕੀ ਰਹਿੰਦੀ ਅੱਧੀ ਯੂਰੀਆ ਦੀ ਆਖਰੀ ਕਿਸ਼ਤ ਪਾ ਦਿੱਤੀ ਜਾਵੇ ਅਤੇ ਨਾਲ ਹੀ ਨਰਮੇ ਦੀ ਫਸਲ ਦਾ ਵੱਧ ਝਾੜ ਲੈਣ ਲਈ ਫੁੱਲ ਨਿਕਲਣੇ ਸ਼ੁਰੂ ਹੋਣ ਤੋਂ ਲੈ ਕੇ ਦੋ ਕਿਲੋ ਪੋਟਾਸ਼ੀਅਮ ਨਾਈਟ੍ਰੇਟ (13:0:45) ਨੂੰ 100 ਲਿਟਰ ਪਾਣੀ ਚ ਘੋਲ ਕੇ ਹਫ਼ਤੇ-ਹਫਤੇ ਤੇ ਚਾਰ ਸਪਰੇਅ ਕੀਤੇ ਜਾਣ ਤਾਂ ਜੋਂ ਨਰਮੇ ਦੇ ਬੂਟੇ ਤੰਦਰੁਸਤ ਰਹਿ ਕੇ ਕੀੜਿਆਂ ਅਤੇ ਬਿਮਾਰੀਆਂ ਦੇ ਹਮਲੇ ਦਾ ਦਾ ਟਾਕਰਾ ਕਰ ਸਕਣ।
ਉਨ੍ਹਾਂ ਕਿਹਾ ਕਿ ਜੇਕਰ ਬੀ ਟੀ ਨਰਮੇ ਚ ਪੱਤਿਆਂ ਦੀ ਲਾਲੀ ਨਜ਼ਰ ਆਵੇ ਤਾਂ ਉਸ ਦੀ ਰੋਕਥਾਮ ਲਈ 1% ਮੈਗਨੀਸ਼ੀਅਮ ਸਲਫੇਟ (1 ਕਿਲੋ 100 ਲਿਟਰ ਪਾਣੀ ਚ ਘੋਲ ਕੇ) ਦੇ ਦੋ ਸਪਰੇਅ 15 ਦਿਨਾਂ ਦੇ ਵਕਫੇ ਤੇ ਫੁੱਲ ਡੋਡੀ ਪੈਣ ਸਮੇਂ ਅਤੇ ਟੀਂਡੇ ਬਨਣ ਸਮੇਂ ਕੀਤੀ ਜਾਵੇ ਤਾਂ ਜੋਂ ਪੈਦਾਵਾਰ ਤੇ ਕੋਈ ਬੁਰਾ ਪ੍ਰਭਾਵ ਨਾਂ ਪੈ ਸਕੇ।
ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਫੁੱਲ ਪੈਣ ਸਮੇਂ ਆਪਣੀ ਫਸਲ ਦਾ ਹਰ ਰੋਜ ਬੜੇ ਧਿਆਨ ਨਾਲ ਨਿਰੀਖਣ ਕੀਤਾ ਜਾਵੇ। ਕਿਉਂਕਿ ਇਸ ਸਮੇਂ ਜੇਕਰ ਅਸੀਂ ਫਸਲ ਚ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਰੋਕਥਾਮ ਕਰ ਲਈ ਤਾਂ ਫਸਲ ਪੂਰੀ ਕਾਮਯਾਬ ਹੋਏਗੀ।
ਉਨ੍ਹਾਂ ਕਿਹਾ ਕਿ ਜੇਕਰ ਚਿੱਟੀ ਮੱਖੀ ਦਾ ਹਮਲਾ ਆਰਥਿਕ ਕਗਾਰ ਤੋਂ ਵਧਦਾ ਹੈ ਤਾਂ ਸਿਫਾਰਸ਼ ਕੀਤੇ ਕੀਟਨਾਸ਼ਕਾਂ ਦਾ ਸਮੇਂ ਸਿਰ ,ਸਿਫਾਰਿਸ਼ ਮਾਤਰਾ ਚ , ਸਹੀ ਤਰੀਕੇ ਛਿੜਕਾਅ ਕੀਤਾ ਜਾਵੇ ਅਤੇ ਗੈਰ ਸਿਫਾਰਸ਼ੀ ਕੀਟਨਾਸ਼ਕਾਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਕੀਟਨਾਸ਼ਕਾਂ ਦਾ ਆਪਣੇ ਤੌਰ ਤੇ ਮਿਸ਼ਰਣ ਬਣਾ ਕੇ ਕਿਸੇ ਕਿਸਮ ਦੀ ਸਪਰੇਅ ਨਾ ਕੀਤੀ ਜਾਵੇ ਜਿਸ ਨਾਲ ਆਪਣੇ ਪੈਸੇ ਅਤੇ ਫਸਲ ਦੋਨਾਂ ਦਾ ਨੁਕਸਾਨ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਜੇਕਰ ਕੋਈ ਸਮੱਸਿਆ ਆਉਂਦੀ ਹੈ ਤੁਰੰਤ ਖੇਤੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ ।